The Tribune India : Letters to the editor

ਪਾਠਕਾਂ ਦੇ ਖ਼ਤ:

ਡਾਕ ਐਤਵਾਰ ਦੀ Other

Jan 29, 2023

ਹਾਲੇ ਵੀ ਸੰਭਲ ਜਾਓ

ਐਤਵਾਰ, 22 ਜਨਵਰੀ ਦੇ ‘ਪੰਜਾਬੀ ਟ੍ਰਿਬਿਊਨ’ ਵਿਚ ਨਜ਼ਰੀਆ ਪੰਨੇ ’ਤੇ ਡਾ. ਗੁਰਵਿੰਦਰ ਕੌਰ ਦਾ ਲੇਖ ‘ਜੋਸ਼ੀਮੱਠ ਨੂੰ ਕਿਵੇਂ ਬਚਾਇਆ ਜਾਵੇ?’ ਇਸ ਵਿਸ਼ੇ ’ਤੇ ਚਰਚਾ ਕਰਨ ਵਾਲਾ ਸੀ। ਜੋਸ਼ੀਮੱਠ ਵਿਚ ਜ਼ਮੀਨ ਦੇ ਖਿਸਕਣ ਦਾ ਵੱਡਾ ਕਾਰਨ ਬਹੁਤ ਸਾਰੇ ਮਕਾਨਾਂ ਤੇ ਹੋਟਲਾਂ ਆਦਿ ਦੀ ਗੈਰ ਯੋਜਨਾਬੱਧ ਤਰੀਕੇ ਨਾਲ ਉਸਾਰੀ, ਸੁਰੰਗਾਂ, ਬਾਈਪਾਸ ਬਣਾਉਣ, ਜ਼ਮੀਨ ਦੇ ਅੰਦਰ ਪਾਣੀ ਟੁੱਟਣ ਨੂੰ ਦਰਸਾਇਆ ਹੈ। ਇਸ ਸਭ ਨਾਲ ਬੇਹੱਦ ਨੁਕਸਾਨ ਹੋਇਆ ਹੈ। ਜੋਸ਼ੀਮੱਠ ਵਿਚ ਹੋਏ ਨੁਕਸਾਨ ਅਤੇ ਇਸ ਦੇ ਕਾਰਨਾਂ ਨੂੰ ਸਰਕਾਰ ਨੂੰ ਮੁੜ ਵਿਚਾਰਨਾ ਚਾਹੀਦਾ ਹੈ ਅਤੇ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ। ਸਰਕਾਰਾਂ ਨੂੰ ਭਵਿੱਖ ਵਿਚ ਹੋਰ ਪਹਾੜੀ ਖੇਤਰਾਂ ਦੇ ਨੁਕਸਾਨ ਨੂੰ ਰੋਕਣ ਲਈ ਫੌਰੀ ਉਪਰਾਲੇ ਕਰਨੇ ਚਾਹੀਦੇ ਹਨ।

ਪ੍ਰੋਫੈਸਰ ਸ਼ਾਮਲਾਲ ਕੌਸ਼ਲ, ਰੋਹਤਕ (ਹਰਿਆਣਾ)


ਆਬਾਨ ਰਜ਼ਾ ਨੂੰ ਸਲਾਮ!

15 ਜਨਵਰੀ ਦੇ ਦਸਤਕ ਉੱਤੇ ਸਵਰਾਜਬੀਰ ਵੱਲੋਂ ‘ਸੰਘਰਸ਼ ਨਾਲ ਭਰੇ ਜਿਸਮਾਂ ਦੀ ਚਿੱਤਰਕਾਰੀ’ ਪੜ੍ਹ ਕੇ ਅਤੇ ਆਬਾਨ ਰਜ਼ਾ ਦੇ ਚਿੱਤਰਾਂ ਨੂੰ ਮਾਣ ਕੇ, ਜ਼ਿੰਦਗੀ ਨਾਲ ਜੂਝਦੇ ਅਤੇ ਸੰਘਰਸ਼ ਕਰਦੇ ਲੋਕਾਂ ਨੂੰ ਰੰਗਾਂ ਵਿੱਚ ਕਮਾਲ ਦੇ ਸੁਹਜ ਨਾਲ ਚਿਤਰੇ ਦੇਖ ਕੇ, ਅੱਖਾਂ ਰੱਜਦੀਆਂ ਨਹੀਂ। ਔਰਤਾਂ ਨੂੰ ਟੋਕਰੀਆਂ ਨਾਲ ਭਾਰੀ ਮਿੱਟੀ ਢੋਂਹਦਿਆਂ ਦੇਖ ਕੇ ਮੈਨੂੰ ਅਜਿਹੇ ਮਨੁੱਖੀ ਸਮਾਜ ਪ੍ਰਤੀ ਬਹੁਤ ਰੋਸ ਜਾਗਦਾ ਹੈ, ਜਿਹੜਾ ਮਾਂ ਦੇ ਰੂਪ ਉੱਤੇ ਵੀ ਤਰਸ ਨਹੀਂ ਕਰਦਾ। ਸ਼ਾਹੀਨ ਬਾਗ਼, ਟਿਕਰੀ ਬਾਰਡਰ, ਸਿੰਘੂ ਬਾਰਡਰ, ਰਾਜ ਪੱਥ, ਰਾਜਸਥਾਨ ਮਜ਼ਦੂਰ ਕਿਸਾਨ ਸਮਿਤੀ ਚਿੱਤਰਾਂ ਨੇ ਐਤਵਾਰੀ ‘ਦਸਤਕ’ ਅੰਕ ਨੂੰ ਮਿੰਨੀ ਕਿਤਾਬ ਬਣਾ ਦਿੱਤਾ ਹੈ।

ਯਸ਼ਪਾਲ ਮਾਨਵੀ ਰਾਜਪੁਰਾ ਟਾਊਨ


ਕਾਲੇਪਾਣੀ ਦਾ ਫਰਿਸ਼ਤਾ

ਅਪਰਾਧੀ ਸਮਝੇ ਜਾਣ ਵਾਲੇ ਜਿਉਣਾ ਮੌੜ ਵਰਗੇ ਅਤੇ ਦੇਸ਼ ਭਗਤਾਂ ਨੂੰ ਆਮ ਜਨਤਾ ਨਾਲੋਂ ਵੱਖ ਕਰਨ ਅਤੇ ਲੋਕਾਂ ਨੂੰ ਬਰਤਾਨਵੀ ਸਾਮਰਾਜ ਖ਼ਿਲਾਫ਼ ਸਿਰ ਚੁੱਕਣ ਤੋਂ ਰੋਕਣ ਲਈ ਅੰਡੇਮਾਨ ਨਿਕੋਬਾਰ ਭੇਜਣ ਬਾਰੇ ਲੋਕਾਂ ਦੇ ਮਨਾਂ ਵਿੱਚ ਨਰਕ ਦੀ ਤਸਵੀਰ ਬਿਠਾਈ ਹੋਈ ਸੀ। ਡਾ. ਦੀਵਾਨ ਸਿੰਘ ਦਾ ਕਾਲੇਪਾਣੀ ਨੂੰ ਛੱਡਣ ਦੀ ਬਜਾਇ ਤਖੱਲਸ ਵਜੋਂ ਵਰਤਣਾ, ਉੱਥੇ ਦੇ ਲੋਕਾਂ ਅਤੇ ਬੱਚਿਆਂ ਦੀ ਸੇਵਾ, ਸਿੱਖਿਆ ਲਈ ਕੁਰਬਾਨੀਆਂ, ਜਾਪਾਨੀਆਂ ਦੇ ਜ਼ੁਲਮ ਸਹਿਣ ਵਾਲੇ ਡਾ. ਦੀਵਾਨ ਸਿੰਘ ਬਾਰੇ ਲੇਖ ਪੜ੍ਹ ਕੇ ਉਨ੍ਹਾਂ ਸਬੰਧੀ ਅਹਿਮ ਜਾਣਕਾਰੀ ਮਿਲੀ। ਜਸਵੰਤ ਜਫ਼ਰ ਨੇ ਡਾ. ਦੀਵਾਨ ਸਿੰਘ ਦੀ ਥਾਂ ਆਪ ਸੀ.ਐੱਮ.ਓ. ਬਣਨਾ ਚਾਹੁਣ ਵਾਲੇ ਹਿੰਦੋਸਤਾਨੀ ਬੰਦੇ (ਡਾਕਟਰ) ਬਾਰੇ ਲਿਖਿਆ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਉਸ ਵੇਲੇ ਵੀ ਆਪਣਿਆਂ ਨੇ ਹੀ ਆਪਣਿਆਂ ਲਈ ਕੰਡੇ ਬੀਜੇ।

ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)

ਪਾਠਕਾਂ ਦੇ ਖ਼ਤ Other

Jan 28, 2023

ਬੀਬੀਸੀ ਦਸਤਾਵੇਜ਼ੀ

25 ਜਨਵਰੀ ਨੂੰ ਮੁੱਖ ਸਫ਼ੇ ’ਤੇ ‘ਬੀਬੀਸੀ ਦਸਤਾਵੇਜ਼ੀ: ਸਰਕਾਰ ਤੇ ਵਿਰੋਧੀ ਧਿਰਾਂ ਆਹਮੋ-ਸਾਹਮਣੇ’ ਖ਼ਬਰ ਪੜ੍ਹ ਕੇ ਸਹਿਜੇ ਹੀ ਕਿਹਾ ਜਾ ਸਕਦਾ ਹੈ ਕਿ ਦੇਸ਼ ਵਿਚ ਹੁਣ ਸਿਰਫ਼ ਨਾਮ ਦਾ ਹੀ ਲੋਕਤੰਤਰ ਹੈ ਅਤੇ ਪੀੜਤਾਂ, ਖ਼ਾਸ ਕਰ ਕੇ ਘੱਟਗਿਣਤੀਆਂ ਨੂੰ ਦਹਾਕਿਆਂ ਬਾਅਦ ਵੀ ਇਨਸਾਫ਼ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਬੀਬੀਸੀ ਨੇ ਦਸਤਾਵੇਜ਼ੀ ਵਿਚ ਤੱਥਾਂ ਸਹਿਤ ਸਿੱਧ ਕੀਤਾ ਹੈ ਕਿ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ, ਮੁਸਲਮਾਨਾਂ ਦੇ ਫ਼ਿਰਕੂ ਕਤਲੇਆਮ ਲਈ ਸਿੱਧੇ ਜ਼ਿੰਮੇਵਾਰ ਸਨ ਅਤੇ ਸੁਪਰੀਮ ਕੋਰਟ ਨੇ ਹਕੂਮਤੀ ਦਬਾਅ ਹੇਠ ਉਨ੍ਹਾਂ ਨੂੰ ਕਲੀਨ ਚਿੱਟ ਦਿੱਤੀ ਸੀ। ਕੇਂਦਰ ਸਰਕਾਰ ਅਤੇ ਭਾਜਪਾ ਨੂੰ ਅੱਜ ਬੀਬੀਸੀ ਦੀ ਦਸਤਾਵੇਜ਼ ਰਿਪੋਰਟ ਕੂੜ ਪ੍ਰਚਾਰ ਅਤੇ ਝੂਠਾ ਬਿਰਤਾਂਤ ਲੱਗਦਾ ਹੈ ਪਰ ਇਸੇ ਬੀਬੀਸੀ ਵੱਲੋਂ 1984 ਦੇ ਨੀਲਾ ਤਾਰਾ ਓਪਰੇਸ਼ਨ ਅਤੇ ਸਿੱਖ ਕਤਲੇਆਮ ਮੌਕੇ ਦਿਖਾਈਆਂ ਦਸਤਾਵੇਜ਼ੀ ਰਿਪੋਰਟਾਂ ਉੱਤੇ ਭਾਜਪਾ ਅਤੇ ਇਸ ਦੇ ਨੇਤਾਵਾਂ ਲਾਲ ਕ੍ਰਿਸ਼ਨ ਅਡਵਾਨੀ ਅਤੇ ਅਟਲ ਬਿਹਾਰੀ ਵਾਜਪਾਈ ਨੇ ਬੀਬੀਸੀ ਦੀ ਖੁੱਲ੍ਹ ਕੇ ਤਾਈਦ ਅਤੇ ਤਾਰੀਫ਼ ਕੀਤੀ ਸੀ।

ਸੁਮੀਤ ਸਿੰਘ, ਅੰਮ੍ਰਿਤਸਰ


ਵਿਦੇਸ਼ਾਂ ਵਿਚ ਪੰਜਾਬੀ

25 ਜਨਵਰੀ ਦਾ ਸੰਪਾਦਕੀ ‘ਆਸਟਰੇਲੀਆ ’ਚ ਪੰਜਾਬੀ ਭਾਸ਼ਾ’ ਪੜ੍ਹਿਆ। ਮੈਂ ਖ਼ੁਦ ਮਹਿਸੂਸ ਕੀਤਾ ਹੈ ਕਿ ਅਮਰੀਕਾ, ਨਿਊਜ਼ੀਲੈਂਡ, ਸਿੰਗਾਪੁਰ, ਫਰਾਂਸ ਆਦਿ ਦੇਸ਼ਾਂ ਵਿਚ ਵਸਦੇ ਪੰਜਾਬੀ ਭਾਵੇਂ ਉਹ ਲਹਿੰਦੇ ਪੰਜਾਬੀ ਹੀ ਹੋਣ, ਆਪਣੀ ਮਾਂ ਬੋਲੀ ਪ੍ਰਤੀ ਸੁਹਿਰਦ ਹਨ। ਇਸ ਤੋਂ ਪਹਿਲਾਂ 23 ਜਨਵਰੀ ਨੂੰ ਪਰਵਾਜ਼ ਪੰਨੇ ’ਤੇ ਗੁਰਪ੍ਰੀਤ ਸਿੰਘ ਤੂਰ ਦੀ ਰਚਨਾ ‘ਪ੍ਰਸ਼ਾਸਨਿਕ ਸੇਵਾਵਾਂ: ਭ੍ਰਿਸ਼ਟਾਚਾਰ ਬਨਾਮ ਲੋਕ ਸੇਵਾ’ ਪੜ੍ਹੀ। ਲੇਖਕ ਜੋ ਖ਼ੁਦ ਵਧੀਆ ਪ੍ਰਸ਼ਾਸਨਿਕ ਅਧਿਕਾਰੀ ਰਿਹਾ ਹੈ, ਨੇ ਪ੍ਰਸ਼ਾਸਨਿਕ ਅਹੁਦਿਆਂ ’ਤੇ ਬੈਠੇ ਅਧਿਕਾਰੀਆਂ ਨੂੰ ਹਲੂਣਾ ਦਿੱਤਾ ਹੈ। ਇਹ ਸੱਚ ਹੈ ਕਿ ਕੁਝ ਮਾਨ-ਸਨਮਾਨ ਅਤੇ ਮੋਟੀਆਂ ਤਨਖ਼ਾਹਾਂ ਲੈਣ ਦੇ ਬਾਵਜੂਦ ਲੋਕ ਸੇਵਾ ਦੇ ਪੱਲੜਿਆਂ ਵਿਚ ਪੂਰਾ ਨਹੀਂ ਉੱਤਰਦੇ। ਕਿਰਤੀ ਜਮਾਤ ਨਾਲ ਤਾਂ ਕਈ ਅੱਜ ਵੀ ਗੁਲਾਮਾਂ ਜਿਹਾ ਵਰਤਾਉ ਕਰਦੇ ਹਨ।

ਇੰਦਰਜੀਤ ਪ੍ਰੇਮੀ, ਖਰੜ


ਨਿਆਂਪਾਲਿਕਾ ਨੂੰ ਚੁਣੌਤੀਆਂ

14 ਜਨਵਰੀ ਦੇ ਸੰਪਾਦਕੀ ‘ਨਿਆਂਪਾਲਿਕਾ ਦੀ ਖ਼ੁਦਮੁਖ਼ਤਾਰੀ’ ਅਤੇ ਆਉਣ ਵਾਲੀਆਂ ਔਕੜਾਂ ਬਾਰੇ ਚਰਚਾ ਕੀਤੀ ਗਈ ਹੈ। ਕਾਰਜਪਾਲਿਕਾ, ਵਿਧਾਨਪਾਲਿਕਾ ਅਤੇ ਨਿਆਂਪਾਲਿਕਾ ਜਮਹੂਰੀਅਤ ਦੇ ਤਿੰਨ ਸੁਤੰਤਰ, ਮਜ਼ਬੂਤ ਅਤੇ ਅਲੱਗ ਅਲੱਗ ਥੰਮ੍ਹ ਹਨ। ਜਮਹੂਰੀ ਢਾਂਚੇ ਵਿਚ ਤਿੰਨਾਂ ਦੀ ਸਰਬਉੱਚਤਾ ਅਤੇ ਖ਼ੁਦਮੁਖ਼ਤਾਰੀ ਤੋਂ ਜਮਹੂਰੀਅਤ ਆਪਣੇ ਹੱਕਾਂ ਦੀ ਰਾਖੀ, ਸੰਪੂਰਨ ਵਿਕਾਸ, ਸਮਾਜਿਕ ਬਰਾਬਰੀ ਆਦਿ ਉਮੀਦਾਂ ਰੱਖਦੀ ਹੈ। ਦੇਸ਼ ਦੀ ਸਰਵੋਤਮ ਅਦਾਲਤ ਦੀ ਕਾਰਜਸ਼ੈਲੀ ਬਾਰੇ ਉਪ ਰਾਸ਼ਟਰਪਤੀ ਦੀ ਟਿੱਪਣੀ ਦੀ ਦੇਸ਼ ਭਰ ਦੇ ਮਾਹਿਰਾਂ ਨੇ ਆਲੋਚਨਾ ਕੀਤੀ ਹੈ। ਇਤਿਹਾਸਕ ਤੱਥ ਦੱਸਦੇ ਹਨ ਕਿ ਸੁਪਰੀਮ ਕੋਰਟ ਦੇ 1973 ਦੇ ਕੇਸ਼ਵਾਨੰਦ ਭਾਰਤੀ ਕੇਸ ਨੂੰ ਮੀਲ ਪੱਥਰ ਕਰਾਰ ਦਿੱਤਾ ਗਿਆ ਹੈ। ਇਸ ਫ਼ੈਸਲੇ ਨੇ ‘ਬਹੁਮਤ ਦੇ ਆਤੰਕ’ ਨੂੰ ਠੱਲ੍ਹ ਪਾਈ ਰੱਖੀ ਹੈ। ਜੁਡੀਸ਼ਲ ਐਕਟਿਵਿਜ਼ਮ ਗ਼ੈਰ-ਜਮਹੂਰੀ ਫ਼ੈਸਲਿਆਂ ਨੂੰ ਰੋਕਣ ਅਤੇ ਸਮਤੋਲ ਬਣਾਉਣ ਵਿਚ ਸਹਾਈ ਹੁੰਦਾ ਰਹੇਗਾ।

ਕੁਲਦੀਪ ਸਿੰਘ ਥਿੰਦ, ਬਾਰਨਾ (ਕੁਰੂਕਸ਼ੇਤਰ)


ਸਾਂਝਾ ਹੰਭਲਾ

14 ਜਨਵਰੀ 2023 ਦੇ ਇੰਟਰਨੈੱਟ ਸਫ਼ੇ ਤਬਸਰਾ ’ਚ ਯਸ਼ਪਾਲ ਦਾ ਲੇਖ ‘ਪੁਰਾਣੀ ਪੈਨਸ਼ਨ ਬਹਾਲੀ ਖ਼ਿਲਾਫ਼ ਸਿਰਜੇ ਬਿਰਤਾਂਤ ਦਾ ਕੱਚ-ਸੱਚ’ ਸੱਚਮੁੱਚ ਅੱਖਾਂ ਖੋਲ੍ਹਣ ਵਾਲਾ ਹੈ ਅਤੇ ਸਾਡੇ ਵਰਗੇ ਮੁਲਾਜ਼ਮ ਜਥੇਬੰਦੀਆਂ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਰਾਹ ਦਸੇਰਾ ਹੈ। ਨਵੀਂ ਪੈਨਸ਼ਨ ਦੀ ਆੜ ਵਿਚ ਭਾਰਤ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨਾਲ ਧ੍ਰੋਹ ਕੀਤਾ ਜਾ ਰਿਹਾ ਹੈ। ਇਹ ਸਮੇਂ ਦੀਆਂ ਸਰਕਾਰਾਂ ਦੀ ਸਾਜ਼ਿਸ਼ ਹੀ ਸੀ ਕਿ ਮੁਲਾਜ਼ਮਾਂ ’ਚ ਵੰਡੀਆਂ ਪਾਈਆਂ ਜਾਣ। ਹੁਣ ਪੁਰਾਣੀ ਪੈਨਸ਼ਨ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ, ਇਸ ਲਈ ਹੁਣ ਜਥੇਬੰਦ ਹੋ ਕੇ ਹੰਭਲਾ ਮਾਰਨ ਦੀ ਲੋੜ ਹੈ। ਇਸ ਤੋਂ ਸਿਵਾ ਹੁਣ ਕੋਈ ਚਾਰਾ ਨਹੀਂ।

ਵਰਗਿਸ ਸਲਾਮਤ, ਈਮੇਲ


ਤਸਵੀਰਾਂ ਦੇ ਰੰਗ

14 ਜਨਵਰੀ ਨੂੰ ਦਰਸ਼ਨ ਸਿੰਘ ਦਾ ਲੇਖ ‘ਤਸਵੀਰਾਂ’ ਪੜ੍ਹਿਆ ਜੋ ਦਿਲ ਨੂੰ ਝੰਜੋੜਦਾ ਹੈ। ਸੱਚਮੁੱਚ ਹੀ ਤਸਵੀਰਾਂ ਜ਼ਿੰਦਗੀ ਦੇ ਪਲਾਂ ਨੂੰ ਆਪਣੇ ਅੰਦਰ ਸਮਾ ਕੇ ਰੱਖ ਲੈਂਦੀਆਂ ਹਨ ਤੇ ਅਸੀਂ ਜਦੋਂ ਵੀ ਇਨ੍ਹਾਂ ਤਸਵੀਰਾਂ ਨੂੰ ਦੇਖਦੇ ਹਾਂ ਤਾਂ ਮੁੜ ਉਹੀ ਪਲ ਅੱਖਾਂ ਸਾਹਮਣੇ ਆ ਜਾਂਦੇ ਹਨ। ਸਮਾਂ ਬਦਲਣ ਨਾਲ ਤਸਵੀਰਾਂ ਹੁਣ ਮੋਬਾਈਲ ਫੋਨ ਵਿਚ ਆ ਗਈਆਂ ਹਨ। ਅਸੀਂ ਪਲ ਪਲ ਦੀਆਂ ਫ਼ੋਟੋਆਂ ਖਿੱਚਦੇ ਹਾਂ ਪਰ ਉਨ੍ਹਾਂ ਵਿਚ ਉਸ ਰੂਹਾਨੀਅਤ ਦਾ ਅਹਿਸਾਸ ਨਹੀਂ ਹੁੰਦਾ ਜੋ ਕੈਮਰੇ ਨਾਲ ਖਿਚਵਾਈਆਂ ਤੇ ਐਲਬਮਾਂ ਵਿਚ ਲੱਗੀਆਂ ਤਸਵੀਰਾਂ ਵਿਚ ਹੁੰਦਾ ਹੈ।

ਦਿਲਪ੍ਰੀਤ ਕੌਰ, ਪਟਿਆਲਾ


ਜ਼ਬਾਨ ਦਾ ਲੁਤਫ਼

17 ਜਨਵਰੀ ਨੂੰ ਨਜ਼ਰੀਆ ਪੰਨੇ ਉੱਤੇ ਛਪਿਆ ਮਿਡਲ ‘ਜ਼ਬਾਨ ਦਾ ਲੁਤਫ਼’ (ਲੇਖਕ ਮਲਕੀਤ ਸਿੰਘ ਮਛਾਣਾ) ਪੜ੍ਹਿਆ। ਜੇ ਸਾਡੀ ਸਰਕਾਰ ਇਸ ਪਾਸੇ ਧਿਆਨ ਦੇਵੇ ਤਾਂ ਉਰਦੂ, ਫ਼ਾਰਸੀ ਅਤੇ ਅਰਬੀ ਜ਼ਬਾਨ ਦੇ ਲਫ਼ਜ਼ਾਂ ਦੀ ਸਾਨੂੰ ਵਾਕਫ਼ੀਅਤ ਹੋ ਜਾਵੇਗੀ; ਦੂਜੇ ਇਹ ਕਿ ਸ਼ਬਦਾਂ ਦਾ ਉਚਾਰਨ ਵੀ ਸਹੀ ਹੋ ਸਕੇਗਾ। ਆਮ ਹੀ ਸਕੂਲਾਂ ਵਿਚ ਦੇਖੋ, ਬੱਚੇ ਕਿਵੇਂ ਬੋਲਦੇ ਹਨ! ਜੱਜੇ ਪੈਰ ਬਿੰਦੀ ਜ ਬੋਲੇ, ਸੱਸੇ ਪੈਰ ਬਿੰਦੀ ਸ ਬੋਲੇ; ਬੋਲਣਾ ਇਹ ਚਾਹੀਦਾ ਹੈ ਕਿ ਜੱਜੇ ਪੈਰ ਬਿੰਦੀ ਜ਼ ਬੋਲੇ ਤੇ ਸੱਸੇ ਪੈਰ ਬਿੰਦੀ ਸ਼ ਬੋਲੇ। ਜ ਅਤੇ ਜ਼, ਸ ਅਤੇ ਸ਼ ਦੇ ਉਚਾਰਨ ਵਿਚ ਬਹੁਤ ਫ਼ਰਕ ਹੈ। ਪੈਰ ਬਿੰਦੀ ਲੱਗਣ ਨਾਲ ਉਚਾਰਨ ਦੇ ਨਾਲ ਨਾਲ ਅਰਥਾਂ ਵਿਚ ਵੀ ਫ਼ਰਕ ਪੈ ਜਾਂਦਾ ਹੈ ਜਿਵੇਂ ਜਲ ਸ਼ਬਦ ਦਾ ਅਰਥ ਪਾਣੀ ਹੈ ਅਤੇ ਜਲ਼ ਸ਼ਬਦ ਦਾ ਅਰਥ ਸੜਨਾ ਬਣ ਜਾਂਦਾ ਹੈ। ਹਰ ਅਧਿਆਪਕ ਨੂੰ ਉਰਦੂ ਜ਼ਬਾਨ ਜ਼ਰੂਰ ਸਿਖਾਈ ਜਾਣੀ ਚਾਹੀਦੀ ਹੈ, ਇਸ ਨਾਲ ਸ਼ਬਦਾਂ ਦਾ ਉਚਾਰਨ ਸ਼ੁੱਧ ਹੋ ਸਕੇਗਾ।

ਮਹਿੰਦਰ ਸਿੰਘ, ਖੰਨਾ (ਲੁਧਿਆਣਾ)

ਡਾਕ ਐਤਵਾਰ ਦੀ

Jan 22, 2023

ਢੁੱਕਵਾਂ ਲੇਖਾ-ਜੋਖਾ

ਪੰਜਾਬੀ ਰੰਗ-ਮੰਚ ਰਾਹੀਂ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਰੰਗਕਰਮੀ ਕੇਵਲ ਧਾਲੀਵਾਲ ਨੇ ‘2022 ਦਾ ਪੰਜਾਬੀ ਰੰਗ-ਮੰਚ’ ਸਿਰਲੇਖ ਹੇਠ ਪੰਜਾਬੀਅਤ ਦੇ ਮਾਣਮੱਤੇ ਕਲਾਤਮਕ ਸਫ਼ਰ ਦਾ ਬੜੇ ਢੁੱਕਵੇਂ ਢੰਗ ਨਾਲ ਲੇਖਾ ਜੋਖਾ ਕਰਕੇ ਪਾਠਕਾਂ ਨਾਲ ਸਾਂਝ ਪਾਈ ਹੈ। ਅਜਿਹੇ ਸਿਰੜੀ ਜਿਊੜੇ ਹੀ ਆਧੁਨਿਕ ਸੋਸ਼ਲ ਮੀਡੀਆ ਦੀ ਅੰਨ੍ਹੀ ਹਨੇਰੀ ’ਚ ਵੀ ਲੋਕਾਂ ਦੇ ਦਿਲਾਂ ਵਿੱਚ ਵਸਦਿਆਂ ਸਮਾਜ ਨੂੰ ਸਹੀ ਦਿਸ਼ਾ ਦੇਣ ਲਈ ਭਰਵਾਂ ਸਹਿਯੋਗ ਦੇ ਰਹੇ ਹਨ ਅਤੇ ਸਾਹਿਤ ਦੀ ਨਾਟਕ ਵਿਧਾ ਨੂੰ ਜਿਉਂਦਾ ਰੱਖਣ ਤੇ ਇਸ ਦੀ ਬਿਹਤਰੀ ਲਈ ਭਰਪੂਰ ਉੱਦਮ ਕਰ ਰਹੇ ਹਨ। ਨਾਟਕ ‘ਮਨ ਮਿੱਟੀ ਦਾ ਬੋਲਿਆ’, ‘ਅਦਾਕਾਰ-ਆਦਿ ਅੰਤ ਕੀ ਗਾਥਾ’, ‘ਟਰੰਕ ਟੇਲਜ਼’, ‘ਵਾਰਿਸ ਸ਼ਾਹ- ਸੁਖ਼ਨ ਦਾ ਵਾਰਸ’ ਆਦਿ ਸਮੇਤ ਜਿੰਨੇ ਵੀ ਨਾਟਕਾਂ ਦਾ ਇਸ ਲੇਖ ਵਿਚ ਜ਼ਿਕਰ ਆਇਆ ਹੈ, ਇਹ ਸਾਰੇ ਦੇ ਸਾਰੇ ਇਕ ਤੋਂ ਵਧ ਕੇ ਇਕ ਵਰਣਨਯੋਗ ਹਨ।

ਡਾ. ਪੰਨਾ ਲਾਲ ਮੁਸਤਫ਼ਾਬਾਦੀ ਅਤੇ ਕਸ਼ਮੀਰ ਘੇਸਲ਼, ਚੰਡੀਗੜ੍ਹ


ਲੋਹੜੀ ਦਾ ਤਿਉਹਾਰ

ਐਤਵਾਰ, 15 ਜਨਵਰੀ ਨੂੰ ‘ਪੰਜਾਬੀ ਟ੍ਰਿਬਿਊਨ’ ਵਿਚ ਸੰਪਾਦਕੀ ਲੇਖ ‘ਲੋਹੜੀ ਦੁੱਲਾ ਤੇ ਪੰਜਾਬ’ ਇਸ ਤਿਉਹਾਰ ਨਾਲ ਜੁੜੀਆਂ ਇਤਿਹਾਸਕ ਘਟਨਾਵਾਂ ਦਾ ਵਿਸਥਾਰ ਨਾਲ ਵਰਣਨ ਕਰਦਾ ਹੈ। ਲੋਹੜੀ ਨਾਲ ਜੁੜੀਆਂ ਕਹਾਣੀਆਂ ਤੇ ਹੋਰ ਜਾਣਕਾਰੀ ਵਿਚ ਵਾਧਾ ਕਰਦਾ ਹੈ। ਅਫ਼ਸੋਸ ਦੀ ਗੱਲ ਹੈ ਕਿ ਇੰਟਰਨੈੱਟ, ਵੱਟਸਐਪ, ਫੇਸਬੁੱਕ ਆਦਿ ਨਾਲ ਬਾਜ਼ਾਰ ਤਿਉਹਾਰਾਂ ਦੇ ਤੌਰ-ਤਰੀਕਿਆਂ ’ਤੇ ਹਾਵੀ ਹੋ ਗਿਆ ਜਾਪਦਾ ਹੈ।

ਅਨਿਲ ਕੌਸ਼ਿਕ, ਕਿਊੜਕ (ਕੈਥਲ, ਹਰਿਆਣਾ)


ਚੇਤੰਨ ਕਲਾਕਾਰ

ਐਤਵਾਰ, 15 ਜਨਵਰੀ ਨੂੰ ‘ਦਸਤਕ’ ਅੰਕ ਵਿਚ ਲੇਖਕ ਸਵਰਾਜਬੀਰ ਨੇ ‘ਸੰਘਰਸ਼ ਤੇ ਸਾਂਝ ਨਾਲ ਭਰੇ ਜਿਸਮਾਂ ਦੀ ਚਿੱਤਰਕਾਰੀ’ ਲੇਖ ਵਿਚ ਬਹੁਤ ਸੋਹਣੀ ਪੇਸ਼ਕਾਰੀ ਕੀਤੀ। ਕਲਾ ਪਰਮਾਤਮਾ ਵੱਲੋਂ ਬਖ਼ਸ਼ੀ ਅਤੇ ਆਪਣੀ ਮਿਹਨਤ ਨਾਲ ਨਿਖਾਰੀ ਹੋਈ ਵਿਸ਼ੇਸ਼ ਪ੍ਰਤਿਭਾ ਹੁੰਦੀ ਹੈ। ਚੇਤੰਨ ਕਲਾਕਾਰ ਹੀ ਆਪਣੀ ਕਲਾ ਨਾਲ ਲੋਕਾਂ ਵਿਚ ਚੇਤਨਾ ਪੈਦਾ ਕਰ ਸਕਦਾ ਹੈ। ਚਿੱਤਰਕਾਰ ਆਬਾਨ ਰਜ਼ਾ ਨੇ ਆਪਣੀ ਕਲਾ ਨਾਲ ਔਰਤ ਨੂੰ ਪ੍ਰੇਰਿਤ ਕਰਨ ਦੀ ਉਮਦਾ ਕਲਾਕਾਰੀ ਕੀਤੀ ਹੈ।

ਸੁਖਪਾਲ ਕੌਰ, ਚੰਡੀਗੜ੍ਹ

ਪਾਠਕਾਂ ਦੇ ਖ਼ਤ

Jan 21, 2023

ਇਤਿਹਾਸਕ ਮਹੱਤਵ ਵਾਲੀਆਂ ਨਿਸ਼ਾਨੀਆਂ

16 ਜਨਵਰੀ ਦੇ ਅੰਕ ਵਿਚ ‘ਸ਼ਹੀਦ ਸੁਖਦੇਵ ਦੇ ਘਰ ਨੂੰ ਨਾ ਮਿਲਿਆ ਸਿੱਧਾ ਰਸਤਾ’ ਸਿਰਲੇਖ ਤਹਿਤ ਖ਼ਬਰ ਛਪੀ ਹੈ। ਕੀ ਸਾਨੂੰ ਸੋਝੀ ਹੀ ਨਹੀਂ ਕਿ ਇਤਿਹਾਸਕ ਮਹੱਤਤਾ ਵਾਲੀਆਂ ਥਾਵਾਂ, ਨਿਸ਼ਾਨੀਆਂ ਨੂੰ ਜਿਉਂ ਦਾ ਤਿਉਂ ਰੱਖਿਆ ਜਾਣਾ ਹੀ ਉਨ੍ਹਾਂ ਪ੍ਰਤੀ ਸਾਡੇ ਆਦਰ ਸਤਿਕਾਰ ਦਾ ਪ੍ਰਗਟਾਵਾ ਹੁੰਦਾ ਹੈ? ਕੀ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਵੀ ਉਨ੍ਹਾਂ ਗਲੀਆਂ-ਕੂਚਿਆਂ ਵਿਚੋਂ ਗੁਜ਼ਰੀਏ ਜਿਨ੍ਹਾਂ ਵਿਚੋਂ ਸਾਡੇ ਨਾਇਕ ਗੁਜ਼ਰਦੇ ਸਨ। ਜੱਲਿਆਂਵਾਲੇ ਬਾਗ ਦੀ ਭੀੜੀ ਗਲੀ ਦੀ ਪਹਿਲਾਂ ਵਾਲੀ ਅਸਲੀ ਪੁਰਾਣੀ ਦਿੱਖ ਹੀ ਮਲੀਆਮੇਟ ਕਰ ਦਿੱਤੀ ਹੈ। ਕਾਰਸੇਵਾ ਵਾਲੇ ਬਾਬਿਆਂ ਨੇ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਬਹੁਤ ਸਾਰੀਆਂ ਇਤਿਹਾਸਕ ਥਾਵਾਂ ਦੀ ਅਸਲੀ ਦਿੱਖ ਹੀ ਮਿਟਾ ਕੇ ਸਭ ਥਾਵਾਂ ਨੂੰ ਇਕੋ ਰੰਗ ਦੇ ਕੇ ਸਾਨੂੰ ਉਨ੍ਹਾਂ ਦੀ ਮਹਿਕ ਤੋਂ ਮਹਿਰੂਮ ਕਰ ਦਿੱਤਾ ਹੈ। ਸ਼ਹੀਦ ਸੁਖਦੇਵ ਦੇ ਘਰ ਦੇ ਅਸਲ ਰਸਤੇ ਨੂੰ ਮਿਟਾ ਕੇ ਨਵਾਂ ਰਸਤਾ ਬਣਾਉਣਾ ਵੀ ਉਨ੍ਹਾਂ ਦੇ ਆਪਣੇ ਘਰ ਨੂੰ ਜਾਂਦੇ ਕਦਮਾਂ ਦੇ ਨਿਸ਼ਾਨਾਂ ਨੂੰ ਮਿਟਾਉਣਾ ਹੀ ਹੈ।
ਇੰਜ: ਦਰਸ਼ਨ ਸਿੰਘ ਭੁੱਲਰ, ਬਠਿੰਡਾ


ਆਨੰਦ ਮੈਰਿਜ ਐਕਟ ਬਾਰੇ ਤੱਥ

19 ਜਨਵਰੀ ਦੇ ਅੰਕ ਵਿਚ ਕੌਮੀ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੇ ਹਵਾਲੇ ਨਾਲ ਛਪੀ ਖ਼ਬਰ ਪੜ੍ਹੀ ਕਿ ਪੰਜਾਬ ਵਿਚ ਆਨੰਦ ਕਾਰਜ ਐਕਟ ਲਾਗੂ ਨਹੀਂ ਹੈ। ਕਾਰਨ ਇਹ ਦੱਸਿਆ ਗਿਆ ਕਿ ਪੰਜਾਬ ਸਰਕਾਰ ਨੇ ਇਸ ਸਬੰਧੀ ਨਿਯਮ ਨਹੀਂ ਬਣਾਏ। ਇਹ ਤੱਥ ਸਹੀ ਹਨ। ਪੰਜਾਬ ਵਿਚ ਆਨੰਦ ਕਾਰਜ ਰਜਿਸਟਰੇਸ਼ਨ ਵਾਸਤੇ ਦਸੰਬਰ 2016 ਵਿਚ ਨਿਯਮ ਬਣ ਗਏ ਸਨ ਅਤੇ ਇਸ ਐਕਟ ਦੀ ਨੰਬਰ G.S.R.83/C.A.7/1909/S.16/2016ਤਹਿਤ ਨੋਟੀਫਿਕੇਸ਼ਨ ਵੀ ਹੋ ਚੁੱਕੀ ਹੈ ਪਰ ਸਿੱਖਾਂ ਦੀ ਕਿਸੇ ਵੀ ਜਥੇਬੰਦੀ ਨੇ ਇਸ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਪੰਜਾਬ ਦੇ ਲੋਕ ਪਹਿਲਾਂ ਹੋਰ ਐਕਟਾਂ ਤਹਿਤ ਰਜਿਸਟਰ ਹੋਏ ਵਿਆਹ ਵੀ ਆਨੰਦ ਕਾਰਜ ਐਕਟ ਤਹਿਤ ਦੁਬਾਰਾ ਰਜਿਸਟਰ ਕਰਵਾ ਸਕਦੇ ਹਨ।
ਹਜ਼ਾਰਾ ਸਿੰਘ, ਮਿਸੀਸਾਗਾ (ਕੈਨੇਡਾ)


ਪੁਰਾਣੀ ਪੈਨਸ਼ਨ ਸਕੀਮ

16 ਜਨਵਰੀ ਦਾ ਸੰਪਾਦਕੀ ‘ਪੁਰਾਣੀ ਪੈਨਸ਼ਨ ਸਕੀਮ’ ਪੜ੍ਹ ਕੇ ਨਿਰਾਸ਼ਾ ਹੋਈ। ਇਹ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਲਈ ਜੂਝ ਰਹੇ ਪੰਜਾਬ ਅਤੇ ਦੇਸ਼ ਭਰ ਦੇ ਮੁਲਾਜ਼ਮਾਂ ਦੀਆਂ ਆਸਾਂ ’ਤੇ ਪਾਣੀ ਫੇਰਨ ਵਾਲਾ ਹੈ। ਪੁਰਾਣੀ ਪੈਨਸ਼ਨ ਸਕੀਮ ਦੀ ਥਾਂ ਸਰਕਾਰ ਨੇ ਨਵੀਂ ਪੈਨਸ਼ਨ ਸਕੀਮ ਲਿਆਂਦੀ ਸੀ। ਇਸ ਸਕੀਮ ਤਹਿਤ 50,000 ਰੁਪਏ ਤਨਖ਼ਾਹ ਲੈਣ ਵਾਲੇ ਨੂੰ 2000 ਰੁਪਏ ਪੈਨਸ਼ਨ ਦੇ ਕੇ ਘਰ ਤੋਰ ਦਿੱਤਾ ਜਾਂਦਾ ਹੈ। ਸੰਪਾਦਕੀ ਵਿਚ ਹਿਮਾਚਲ ਸਰਕਾਰ ਦੇ ਫ਼ੈਸਲੇ ਨੂੰ ਵਿੱਤੀ ਨਾਸਮਝੀ ਵਾਲਾ ਕਿਹਾ ਗਿਆ ਹੈ ਜਦੋਂਕਿ ਕਾਂਗਰਸ ਪਾਰਟੀ ਨੇ ਵੋਟਰਾਂ ਨਾਲ ਕੀਤਾ ਆਪਣਾ ਚੋਣ ਵਾਅਦਾ ਪੂਰਾ ਕੀਤਾ ਹੈ। ਜਿੱਥੋਂ ਤਕ 2004 ਤੋਂ ਹੁਣ ਤਕ ਵੱਖ ਵੱਖ ਰਾਜਾਂ ਦੇ ਕਟੌਤੀ ਕਰ ਕੇ ਕੇਂਦਰੀ ਪੈਨਸ਼ਨ ਫੰਡ ਰੈਗੂਲੇਟਰੀ ਅਥਾਰਟੀ ਤੋਂ ਅਰਬਾਂ ਰੁਪਏ ਵਾਪਸ ਕਰਵਾਉਣ ਦਾ ਸਵਾਲ ਹੈ, ਇਸ ਨੂੰ ਵਾਪਸ ਕਰਵਾਉਣ ਦੇ ਕਾਨੂੰਨੀ ਢੰਗ ਤਰੀਕੇ ਵੀ ਜ਼ਰੂਰ ਹੋਣੇ ਚਾਹੀਦੇ ਹਨ, ਇਰਾਦਾ ਨੇਕ ਹੋਣਾ ਚਾਹੀਦਾ ਹੈ ਜਿਵੇਂ ਰਾਜਸਥਾਨ ਦੇ ਮੁੱਖ ਮੰਤਰੀ ਨੇ ਆਪਣੇ 39,000 ਕਰੋੜ ਰੁਪਏ ਵਾਪਸ ਕਰਵਾਉਣ ਲਈ ਦ੍ਰਿੜ ਸਟੈਂਡ ਲਿਆ ਹੈ।
ਅਸ਼ੋਕ ਕੌਸ਼ਲ, ਫਰੀਦਕੋਟ

(2)

16 ਜਨਵਰੀ ਦਾ ਸੰਪਾਦਕੀ ‘ਪੁਰਾਣੀ ਪੈਨਸ਼ਨ ਸਕੀਮ’ ਪੜ੍ਹਿਆ। ਇਸ ਵਿਚ ਪੈਨਸ਼ਨ ਬਹਾਲੀ ਦੀ ਵਿਹਾਰਕਤਾ ’ਤੇ ਪ੍ਰਸ਼ਨ ਉਠਾਇਆ ਗਿਆ ਹੈ। ਨਵੀਂ ਪੈਨਸ਼ਨ ਸਕੀਮ ਵਿਚ ਕਰਮਚਾਰੀਆਂ ਦੇ ਪੈਨਸ਼ਨ ਫੰਡ ’ਚ ਸਰਕਾਰ ਵੱਲੋਂ ਕਰਮਚਾਰੀਆਂ ਦੀ ਮੁਢਲੀ ਤਨਖ਼ਾਹ ਦਾ 14 ਫ਼ੀਸਦੀ ਪਾਇਆ ਜਾਂਦਾ ਹੈ ਜਿਸ ਵਿਚ ਕਰਮਚਾਰੀਆਂ ਦਾ 10 ਫ਼ੀਸਦੀ ਹਿੱਸਾ ਜੁੜਦਾ ਹੈ। ਇਹ ਸਾਰਾ ਪ੍ਰਾਈਵੇਟ ਫੰਡ ਮੈਨੇਜਰਾਂ ਦੁਆਰਾ ਸ਼ੇਅਰ ਬਾਜ਼ਾਰ ਵਿਚ ਲਗਾਇਆ ਜਾਂਦਾ ਹੈ; ਪੁਰਾਣੀ ਪੈਨਸ਼ਨ ਸਕੀਮ ਤਹਿਤ ਇਹ ਪੈਸਾ ਰਾਜਾਂ ਵੱਲੋਂ ਕਈ ਕਈ ਸਾਲ ਵਰਤਿਆ ਜਾਂਦਾ ਸੀ। ਇਉਂ ਇਹ ਸਕੀਮ ਰਾਜਾਂ ਲਈ ਨਹੀਂ, ਕਾਰਪੋਰੇਟ ਘਰਾਣਿਆਂ ਲਈ ਲਾਭਦਾਇਕ ਹੈ। ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਨੇ ਰਾਜ ਦੇ ਖਜ਼ਾਨੇ ਨੂੰ ਕਾਰਪੋਰੇਟ ਘਰਾਣਿਆਂ ਕੋਲ ਜਾਣ ਤੋਂ ਰੋਕਣਾ ਹੈ। ਅੱਜ ਕਰਮਚਾਰੀਆਂ ਦੇ ਪੈਨਸ਼ਨ ਫੰਡ ਦੇ ਛੇ ਲੱਖ ਕਰੋੜ ਰੁਪਏ ਕਾਰਪੋਰੇਟ ਘਰਾਣਿਆਂ ਕੋਲ ਪਏ ਹਨ ਜਿਸ ਨੂੰ ਉਹ ਆਪਣੀ ਮਰਜ਼ੀ ਨਾਲ ਸ਼ੇਅਰ ਬਾਜ਼ਾਰ ਵਿਚ ਲਗਾ ਚੁੱਕੇ ਹਨ। ਪੰਜਾਬ ਦੇ ਕਰਮਚਾਰੀਆਂ ਦਾ 17684 ਕਰੋੜ, ਰਾਜਸਥਾਨ ਦਾ 39000 ਕਰੋੜ, ਝਾਰਖੰਡ ਦਾ 19000 ਕਰੋੜ, ਛੱਤੀਸਗੜ੍ਹ ਦਾ 18000 ਕਰੋੜ ਅਤੇ ਇਸ ਤਰ੍ਹਾਂ ਸਾਰੇ ਹੀ ਰਾਜਾਂ ਦੇ ਮੁਲਾਜ਼ਮਾਂ ਦੇ ਫੰਡ ਕਾਰਪੋਰੇਟ ਘਰਾਣੇ ਵਰਤ ਰਹੇ ਹਨ। ਪੁਰਾਣੀ ਪੈਨਸ਼ਨ ਬਹਾਲ ਹੋਣ ਨਾਲ ਇਨ੍ਹਾਂ ਰਾਜਾਂ ਕੋਲ ਇਨ੍ਹਾਂ ਦੇ ਕਰਮਚਾਰੀਆਂ ਦਾ ਫੰਡ ਵਾਪਸ ਆ ਸਕਦਾ ਹੈ ਜਿਸ ਨੂੰ ਇਹ ਰਾਜ ਲੋਕ ਭਲਾਈ ਸਕੀਮਾਂ ਵਿਚ ਲਾ ਸਕਦੇ ਹਨ। ਨਾਲੇ, ਇਕ ਸਵਾਲ ਇਹ ਵੀ ਹੈ ਕਿ ਜੇ ਪੁਰਾਣੀ ਸਕੀਮ ਵਧੀਆ ਹੈ ਤਾਂ ਅਜਿਹੀ ਸਕੀਮ ਲਈ ਸਰਕਾਰ ਕੋਲ ਪੈਸੇ ਕਿਉਂ ਨਹੀਂ ਹਨ? ਅਸਲ ਵਿਚ ਕਾਰਪੋਰੇਟ ਪੱਖੀ ਵਿਦਵਾਨ ਪੁਰਾਣੀ ਪੈਨਸ਼ਨ ਬਹਾਲੀ ਵਿਰੁੱਧ ਅਜਿਹਾ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਪੁਰਾਣੀ ਪੈਨਸ਼ਨ ਬਹਾਲੀ ਨਾਲ ਖਜ਼ਾਨੇ ’ਤੇ ਬੋਝ ਪਵੇਗਾ।
ਪ੍ਰਭਜੀਤ ਸਿੰਘ ਰਸੂਲਪੁਰ, ਈਮੇਲ

ਡਾਕ ਐਤਵਾਰ ਦੀ

Jan 15, 2023

ਮਨੁੱਖਤਾ ਲਈ ਖ਼ਤਰਾ

ਐਤਵਾਰ, 8 ਜਨਵਰੀ ਨੂੰ ਵਾਤਾਵਰਣ ਸੰਕਟ ਦੇ ਸਬੰਧ ਵਿਚ ਛਪੇ ਲੇਖ ‘ਕੁਦਰਤ ਵਿਰੋਧੀ ਵਿਕਾਸ ਅਤੇ ਜੀਵਨ ਦਾ ਸੰਘਰਸ਼’ ਵਿਚ ਲੇਖਕ ਨੇ ਕੁਦਰਤ ਵਿਰੋਧੀ ਵਿਕਾਸ ਨੂੰ ਮਾਨਵ ਸੱਭਿਅਤਾ ਲਈ ਖ਼ਤਰਾ ਦੱਸਿਆ ਹੈ। ਇਹ ਗੱਲ ਬਿਲਕੁਲ ਦਰੁਸਤ ਹੈ। ਉਨ੍ਹਾਂ ਨੇ ਪੁਰਾਣੇ ਸਮੇਂ ਦੇ ਕੁਦਰਤੀ ਨਜ਼ਾਰੇ ਨੂੰ ਵੀ ਬਹੁਤ ਸੋਹਣਾ ਪੇਸ਼ ਕੀਤਾ ਹੈ। ਅੰਤ ਵਿਚ ਵਾਤਾਵਰਨ ਦੀ ਸੰਭਾਲ ਅਤੇ ਪ੍ਰਦੂਸ਼ਣ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਵੀ ਪ੍ਰੇਰਿਤ ਕੀਤਾ ਹੈ।

ਸੁਖਪਾਲ ਕੌਰ, ਚੰਡੀਗੜ੍ਹ


ਸੱਤਾ ਅਤੇ ਅਸਹਿਮਤੀ

ਐਤਵਾਰ, 1 ਜਨਵਰੀ 2023 ਨੂੰ ਸੁਖਦੇਵ ਸਿੰਘ ਸਿਰਸਾ ਦਾ ਲੇਖ ‘ਪਿੰਜਰੇ, ਸਲਾਖਾਂ ਤੇ ਕਲਮਾਂ’ ਧੁਰ ਅੰਦਰ ਤੱਕ ਹਿਲਾ ਗਿਆ। ਉਨ੍ਹਾਂ ਨੇ ਠੀਕ ਹੀ ਲਿਖਿਆ ਹੈ ਕਿ ਸੱਤਾਧਾਰੀ ਧਿਰ ਪਹਿਲਾਂ ਨਾਲੋਂ ਵਧੇਰੇ ਸਿਆਣੀ ਤੇ ਚਤੁਰ ਹੋ ਗਈ ਹੈ। ਉਸ ਦੀ ਲੁੱਟ, ਪ੍ਰਮੁੱਖਤਾ ਅਤੇ ਹਿੰਸਾ ਵੱਧ ਸੂਖ਼ਮ ਹੋ ਗਈ ਹੈ। ਜਨਜਾਤੀਆਂ, ਆਦਿਵਾਸੀਆਂ ਦੇ ਜਲ, ਜੰਗਲ, ਜ਼ਮੀਨ ’ਤੇ ਕਾਰਪੋਰੇਟ ਘਰਾਣੇ ਕਾਬਜ਼ ਹੋ ਰਹੇ ਹਨ। ਬਾਵਾ ਬਲਵੰਤ ਦੀਆਂ ਕਵਿਤਾਵਾਂ ਦਾ ਲਾਵਾ ਲੇਖ ਨੂੰ ਹੋਰ ਬਿਹਤਰ ਬਣਾਉਂਦਾ ਹੈ।

ਸਾਗਰ ਸਿੰਘ ਸਾਗਰ, ਬਰਨਾਲਾ


ਰਿਸ਼ਤਿਆਂ ਦਾ ਨਿੱਘ

ਐਤਵਾਰ, 1 ਜਨਵਰੀ ਨੂੰ ਨਜ਼ਰੀਆ ਪੰਨੇ ’ਤੇ ਅਮਰਜੀਤ ਸਿੰਘ ਮਾਨ ਦਾ ਮਿਡਲ ‘ਦੋ ਪੀੜ੍ਹੀਆਂ’ ਅਜੋਕੀ ਪਦਾਰਥਵਾਦੀ ਦੁਨੀਆਂ ਵਿਚ ਮਨਫ਼ੀ ਹੋ ਰਹੇ ਰਿਸ਼ਤਿਆਂ ਦੇ ਨਿੱਘ ਦੀ ਬਾਤ ਪਾਉਂਦਾ ਹੈ। ਬਹੁਤ ਇੱਜ਼ਤ ਮਾਣ ਹੁੰਦਾ ਸੀ ਧੀ ਧਿਆਣੀਆਂ ਦਾ। ਨਣਦਾਂ ਨੂੰ ਬੀਬੀ ਕਹਿ ਸਤਿਕਾਰਿਆ ਜਾਂਦਾ ਸੀ। ਪੈਰੀਂ ਪੈਣ ਅਤੇ ਗਲਵੱਕੜੀ ਪਾਉਣ ਨੂੰ ਬਹੁਤ ਹੀ ਖ਼ੂਬਸੂਰਤ ਅੰਦਾਜ਼ ਵਿਚ ਬਿਆਨਦੀ ਰਚਨਾ ਹੈ। ਸੈਰ ਸਫ਼ਰ ਤਹਿਤ ਯਸ਼ਪਾਲ ਮਾਨਵੀ ਦੀ ਰਚਨਾ ਕੋਨਾਰਕ ਮੰਦਰ ਭਵਨ ਕਲਾ ਨੂੰ ਦਰਸਾਉਣ ਦੇ ਨਾਲ ਵੱਖ ਵੱਖ ਥਾਵਾਂ ਦੀ ਯਾਤਰਾ ਲਈ ਪ੍ਰੇਰਿਤ ਕਰਦੀ ਜਾਣਕਾਰੀ ਭਰਪੂਰ ਹੈ।

ਪੂਨਮ ਬਲਿੰਗ, ਈ-ਮੇਲ

(2)

ਅਮਰਜੀਤ ਸਿੰਘ ਮਾਨ ਦਾ ਮਿਡਲ ‘ਦੋ ਪੀੜ੍ਹੀਆਂ’ ਬਦਲੇ ਸਮੇਂ ਦੀ ਕਹਾਣੀ ਲੱਗ ਰਿਹਾ ਸੀ। ਨਵੀਆਂ ਪੀੜ੍ਹੀਆਂ ਦੇ ਜਵਾਕਾਂ ਦੇ ਸੰਸਕਾਰ ਮੋਬਾਈਲ ਦੀ ਮਸਤੀ ਵਿਚ ਗੁਆਚ ਗਏ ਜਾਪਦੇ ਹਨ। ਵੱਡੇ ਬਜ਼ੁਰਗਾਂ ਦੇ ਮਾਣ-ਸਨਮਾਨ ਵਿਚ ਪੈਰੀਂ ਹੱਥ ਲਾਉਣਾ ਹੁਣ ਮਹਿਜ਼ ਰਸਮ ਬਣ ਕੇ ਰਹਿ ਗਿਆ ਹੈ। ਮਨੁੱਖ ਦੇ ਪੁਰਾਣੇ ਵਰਤੋਂ-ਵਿਹਾਰ ਬਾਰੇ ਆਉਣ ਵਾਲੀਆਂ ਪੀੜ੍ਹੀਆਂ ਕਿਵੇਂ ਯਕੀਨੀ ਕਰਨਗੀਆਂ?

ਅਨਿਲ ਕੌਸ਼ਿਕ, ਕਿਉੜਕ (ਕੈਥਲ, ਹਰਿਆਣਾ)

ਪਾਠਕਾਂ ਦੇ ਖ਼ਤ Other

Jan 14, 2023

ਮਨੁੱਖੀ ਕਰਮ

13 ਜਨਵਰੀ ਨੂੰ ਸ਼ਵਿੰਦਰ ਕੌਰ ਦਾ ਮਿਡਲ ‘ਫ਼ਰਕ’ ਮਨੁੱਖੀ ਕਰਮ ਦਾ ਵੇਰਵਾ ਕਰਵਾਉਣ ਵਾਲਾ ਸੀ। ਕਬੀਰ ਜੀ ਦੀ ਸਾਖੀ ਯਾਦ ਆਉਂਦੀ ਹੈ- ਜਾਤ-ਪਾਤ ਨਾਹੀ ਪੂਛੈ ਕੋਏ ਹਰੀ ਨੂੰ ਭਜੇ ਹਰੀ ਦਾ ਹੋਏ। ਭੁੱਖ ਦੀ ਅੱਗ ਆਪਣੇ ਕਰਮ ਨੂੰ ਪਹਿਲ ਪਾਉਂਦੀ ਹੈ। ਭਗਵਦ ਗੀਤਾ ਵਿਚ ਸ੍ਰੀ ਕ੍ਰਿਸ਼ਨ ਅਰਜਨ ਨੂੰ ਆਖਦੇ ਹਨ ਕਿ ਬਿਨਾ ਫ਼ਲ ਦੀ ਇੱਛਾ ਕੀਤਿਆਂ ਮਨੁੱਖ ਨੂੰ ਕਰਮ ਕਰਨਾ ਚਾਹੀਦਾ ਹੈ। ਗਰਮ ਅਤੇ ਸੀਤ ਰੁੱਤਾਂ ਦੁੱਖਾਂ ਸੁੱਖਾਂ ਵਾਂਗ ਜ਼ਿੰਦਗੀ ਵਿਚ ਮਨੁੱਖਤਾ ਦੀ ਪ੍ਰੀਖਿਆ ਦਾ ਸਮਾਂ ਹੁੰਦੀਆਂ ਹਨ।

ਅਨਿਲ ਕੌਸ਼ਿਕ, ਪਿੰਡ ਕਿਉੜਕ (ਕੈਥਲ, ਹਰਿਆਣਾ)


(2)

13 ਜਨਵਰੀ ਨੂੰ ਨਜ਼ਰੀਆ ਪੰਨੇ ਉਤੇ ਸ਼ਵਿੰਦਰ ਕੌਰ ਦਾ ਮਿਡਲ ‘ਫ਼ਰਕ’ ਝੰਜੋੜਦਾ ਹੈ। ਮਨ ਵਿਚ ਵਾਵਰੋਲਾ ਜਿਹਾ ਉਠਿਆ ਕਿ ਕਿਰਤੀਆਂ ਨੂੰ ਕਿਨ੍ਹਾਂ ਹਾਲਾਤ ਵਿਚ ਕੰਮ ਕਰਨਾ ਪੈਂਦਾ ਹੈ। ਇਹ ਇਕ ਤਰ੍ਹਾਂ ਨਾਲ ਉਨ੍ਹਾਂ ਨਾਲ ਵਧੀਕੀ ਹੀ ਹੈ ਕਿ ਉਨ੍ਹਾਂ ਨੂੰ ਉਜਰਤ ਵੀ ਬਹੁਤ ਘੱਟ ਮਿਲਦੀ ਹੈ। ਕਿਰਤੀਆਂ ਨਾਲ ਅਜਿਹੀਆਂ ਜਿ਼ਆਦਤੀਆਂ ਕਦੋਂ ਖ਼ਤਮ ਹੋਣਗੀਆਂ?

ਖੁਸ਼ਬੀਰ ਕੌਰ ਸੰਧੂ, ਲੁਧਿਆਣਾ


ਜੰਗ ਦੀ ਮਾਰ

13 ਜਨਵਰੀ ਨੂੰ ਨਜ਼ਰੀਆ ਪੰਨੇ ਉੱਤੇ ਅਭੀਜੀਤ ਭੱਟਾਚਾਰੀਆ ਦਾ ਲੇਖ ‘ਯੂਰੋਪ ਦੀਆਂ ਜੰਗਾਂ ਅਤੇ ਮੁਨਾਫ਼ਾਖੋਰੀ’ ਪੜ੍ਹਿਆ। ਜਿੰਨਾ ਚਿਰ ਮੁਨਾਫ਼ੇ ਦਾ ਲਾਲਚ ਨਹੀ ਤਿਆਗਿਆ ਜਾਂਦਾ, ਜੰਗਾਂ ਤੋਂ ਬਚਣਾ ਮੁਸ਼ਕਿਲ ਹੀ ਜਾਪਦਾ ਹੈ। ਹਕੀਕਤ ਹੁਣ ਇਹ ਹੈ ਕਿ ਲਾਲਚ ਨੇ ਮਨੁੱਖ ਨੂੰ ਕੁਦਰਤ ਦਾ ਵੈਰੀ ਬਣਾ ਦਿੱਤਾ ਹੈ। ਪੂੰਜੀਵਾਦ ਨੇ ਮਨੁੱਖ ਨੂੰ ਇੰਨਾ ਲਾਲਚੀ ਬਣਾ ਦਿੱਤਾ ਹੈ ਕਿ ਉਹ ਹਰ ਰਿਸ਼ਤਾ ਭੁੱਲ ਗਿਆ ਹੈ ਅਤੇ ਸਮੁੱਚੀ ਮਨੁੱਖ ਜਾਤੀ ਨੂੰ ਤਬਾਹੀ ਵੱਲ ਲੈ ਤੁਰਿਆ ਹੈ।

ਕੁਲਬੀਰ ਸਿੰਘ, ਕਪੂਰਥਲਾ


ਬੁਰੇ ਵਕਤ ਦੀ ਯਾਦ

11 ਜਨਵਰੀ ਦੇ ਨਜ਼ਰੀਆ ਪੰਨੇ ’ਤੇ ਸਵਰਨ ਸਿੰਘ ਭੰਗੂ ਦੀ ਰਚਨਾ ‘ਬੁਰਾ ਵਕਤ’ ਨੇ ਪੰਜਾਬ ਦੇ ਕਾਲੇ ਦਿਨਾਂ ਦੀ ਯਾਦ ਚੇਤੇ ਕਰਵਾ ਦਿੱਤੀ। ਉਦੋਂ ਦੋਨਾਂ ਧਿਰਾਂ ਨੇ ਆਪੋ-ਆਪਣੇ ਕਾਰਨਾਮਿਆਂ ਨਾਲ ਮਨੁੱਖੀ ਅਧਿਕਾਰਾਂ ਦੀਆਂ ਧੱਜੀਆਂ ਉਡਾ ਦਿੱਤੀਆਂ ਸਨ ਅਤੇ ਹਰ ਕੋਈ ਵਰਤਮਾਨ ਦਿਨ ਨੂੰ ਆਖ਼ਰੀ ਮੰਨ ਕੇ ਤੇ ‘ਕੱਲ੍ਹ ਦਾ ਕੀ ਭਰੋਸਾ’ ਕਹਿ ਕੇ ਜੂਨ ਕੱਟ ਰਿਹਾ ਸੀ।

ਤਰਸੇਮ ਸਹਿਗਲ, ਪਿੰਡ ਮਹੈਣ (ਰੂਪਨਗਰ)


(2)

11 ਜਨਵਰੀ ਨੂੰ ਸਵਰਨ ਸਿੰਘ ਭੰਗੂ ਦਾ ਮਿਡਲ ‘ਬੁਰਾ ਵਕਤ’ ਪੜ੍ਹਿਆ। ਮਨ 1990-91 ਦੇ ਉਸ ਦੌਰ ਵਿਚ ਜਾ ਪਹੁੰਚਿਆ ਜਦੋਂ ਦਿਨ ਵੀ ਰਾਤਾਂ ਵਰਗੇ ਹੁੰਦੇ ਸਨ। ਉਹ ਚੰਦਰਾ ਵਕਤ ਯਾਦ ਕਰ ਕੇ ਹੁਣ ਵੀ ਰੂਹ ਕੰਬ ਜਾਂਦੀ ਹੈ।…ਉਹ ਬੁਰਾ ਵਕਤ ਫਿਰ ਕਦੀ ਨਾ ਆਵੇ। ਇਸ ਤੋਂ ਪਹਿਲਾਂ 7 ਜਨਵਰੀ ਨੂੰ ਨਜ਼ਰੀਆ ਪੰਨੇ ਉੱਤੇ ਜੋਗਿੰਦਰ ਸਿੰਘ ਮਾਨ ਦਾ ਲੇਖ ‘ਹਾਕੀ ਦਾ ਯੋਧਾ ਸੁਰਜੀਤ ਸਿੰਘ’ ਪੜ੍ਹ ਕੇ ਹਾਕੀ ਦੇ ਧਰੂ ਤਾਰੇ ਬਾਰੇ ਭਰਪੂਰ ਜਾਣਕਾਰੀ ਪ੍ਰਾਪਤ ਹੋਈ। ਸੁਰਜੀਤ ਸਿੰਘ ਦੀਆਂ ਪ੍ਰਾਪਤੀਆਂ, ਉਸ ਦੇ ਹੌਸਲੇ, ਠਰੰਮੇ, ਦ੍ਰਿੜਤਾ ਅਤੇ ਬਹਾਦਰੀ ਬਾਰੇ ਪੜ੍ਹ ਕੇ ਫਖ਼ਰ ਮਹਿਸੂਸ ਹੋਇਆ। ਇਸੇ ਦਿਨ ਸਤਰੰਗ ਪੰਨੇ ’ਤੇ ਬਲਦੇਵ ਸਿੰਘ (ਸੜਕਨਾਮਾ) ਦਾ ਲੇਖ ‘ਨਵੇਂ ਰੁਝਾਨ, ਨਵੀਆਂ ਚੁਣੌਤੀਆਂ’ ਵੀ ਚੰਗਾ ਲੱਗਿਆ। ਰਚਨਾ ਆਪਣੇ ਆਪ ਵਿਚ ਬੜਾ ਕੁਝ ਕਹਿ ਰਹੀ ਹੈ। ‘ਰੁੱਤ ਪਿੰਨੀਆਂ ਖਾਣ ਦੀ ਆਈ’, ‘ਬੁੱਚੜ ਪੰਛੀ ਭੂਰਾ ਲਟੋਰਾ’, ‘ਰੰਗਮੰਚ ਤੇ ਲੇਖਣੀ ਨੂੰ ਪ੍ਰਣਾਇਆ ਬਲਜਿੰਦਰ ਦਾਰਾਪੁਰੀ’ ਆਦਿ ਲੇਖ ਵੀ ਜਾਣਕਾਰੀ ਭਰਪੂਰ ਹਨ।

ਅਮਰਜੀਤ ਮੱਟੂ, ਭਰੂਰ (ਸੰਗਰੂਰ)


ਗੁਰਦੁਆਰਾ ਸੁਧਾਰ ਲਹਿਰ ਦੀ ਲੋੜ

5 ਜਨਵਰੀ ਦੇ ਅੰਕ ਵਿਚ ਨੌਜਵਾਨ ਸੋਚ ਵਿਚ ਹਰਿੰਦਰ ਸਿੰਘ ਦੇ ਵਿਚਾਰ ‘ਨਵੀਂ ਗੁਰਦੁਆਰਾ ਸੁਧਾਰ ਲਹਿਰ ਦੀ ਲੋੜ?’ ਅਧੀਨ ਪੜ੍ਹੇ। ਲੇਖਕ ਨੇ ਪਤੇ ਦੀ ਗੱਲ ਆਖੀ ਹੈ। ਇਸ ਵੇਲੇ ਕਾਫ਼ੀ ਗੁਰਦੁਆਰਿਆਂ ਦਾ ਪ੍ਰਬੰਧ ਤਾਂ ਠੀਕ ਹੈ ਪਰ ਕਈ ਥਾਈਂ ਅਜਿਹੇ ਲੋਕ ਕਾਬਜ਼ ਹਨ ਜੋ ਨਾ ਕਿਸੇ ਮਰਿਆਦਾ ਦਾ ਪਾਲਣ ਕਰਦੇ ਹਨ ਅਤੇ ਨਾ ਹੀ ਅਕਾਲ ਤਖਤ ਦੇ ਹੁਕਮਾਂ ਅੱਗੇ ਸਿਰ ਝੁਕਾਉਂਦੇ ਹਨ। ਬਾਣੀ ਦਾ ਸਤਿਕਾਰ ਵੀ ਨਹੀਂ ਕਰਦੇ। ਬਾਣੀ ਇੰਨੀ ਤੇਜ਼ੀ ਨਾਲ ਅਤੇ ਬਿਨਾ ਸਾਹ ਲਏ ਪੜ੍ਹੀ ਜਾਂਦੀ ਹੈ ਜਿਵੇਂ ਕੋਈ ਜ਼ਬਰਦਸਤੀ ਇਨ੍ਹਾਂ ਤੋਂ ਇਹ ਕਾਰਜ ਕਰਵਾ ਰਿਹਾ ਹੋਵੇ। ਆਵਾਜ਼ ਦਸ ਦਸ ਕਿਲੋਮੀਟਰ ਤਕ ਸੁਣਦੀ ਹੋਵੇ ਪਰ ਇਨ੍ਹਾਂ ਨੂੰ ਰੋਕਣ ਵਾਲਾ ਕੋਈ ਨਹੀਂ। ਜੇਕਰ ਕੋਈ ਮਾੜਾ ਮੋਟਾ ਸੁਝਾਅ ਦੇ ਵੀ ਦੇਵੇ ਤਾਂ ਉਸ ਨਾਲ ਜ਼ਿਦਾਂ ਕਰਨ ਲੱਗ ਪੈਂਦੇ ਹਨ। ਕਈ ਤਾਂ ਦੋਹਾਂ ਨਾਨਕਸ਼ਾਹੀ ਕੈਲੰਡਰਾਂ ਨੂੰ ਨਹੀਂ ਮੰਨਦੇ, ਮਰਜ਼ੀ ਨਾਲ ਗੁਰੂਆਂ ਦੇ ਦਿਹਾੜੇ ਮਨਾਉਂਦੇ ਹਨ। ਇਸ ਲਈ ਹੁਣ ਤਕੜੀ ਸੁਧਾਰ ਲਹਿਰ ਦੀ ਲੋੜ ਤਾਂ ਹੈ ਪਰ ਕੌਣ ਅੱਗੇ ਆਏਗਾ?

ਈਸ਼ਰ ਸਿੰਘ, ਥਲੀ ਕਲਾਂ, ਈਮੇਲ


ਪ੍ਰੋ. ਗੁਰਦਿਆਲ ਸਿੰਘ ਦੀ ਖ਼ੂਬੀ

10 ਜਨਵਰੀ ਦੇ ਅੰਕ ਵਿਚ ਨਿਰੰਜਣ ਬੋਹਾ ਦਾ ਲੇਖ ‘ਅਣਹੋਇਆਂ ਨੂੰ ਹੋਇਆਂ ਵਿਚ ਸ਼ਾਮਿਲ ਕਰਨ ਵਾਲਾ ਪ੍ਰੋ. ਗੁਰਦਿਆਲ ਸਿੰਘ’ ਲੇਖਕ ਦੇ ਜੀਵਨ ਬਾਰੇ ਸੰਖੇਪ ਚਿਤਰਨ ਸੀ। ਪੰਜਾਬੀ ਸਾਹਿਤ ਵਿਚ ਮਹਾਨ ਨਾਇਕਾਂ ਦਾ ਚਿਤਰਨ ਕਰਨ ਦੀ ਜਿਹੜੀ ਕਲਾ ਗੁਰਦਿਆਲ ਸਿੰਘ ਕੋਲ ਸੀ, ਉਹ ਸ਼ਾਇਦ ਵਿਰਲੇ ਸਾਹਿਤਕਾਰ ਦੇ ਹਿੱਸੇ ਆਈ ਹੈ। ਆਮ ਜੀਵਨ ਵਿਚੋਂ ਪਾਤਰ ਲੈ ਕੇ ਉਨ੍ਹਾਂ ਨੂੰ ਮਹਾਂ ਨਾਇਕ ਬਣਾਉਣਾ ਪ੍ਰੋ. ਗੁਰਦਿਆਲ ਸਿੰਘ ਦੀ ਖ਼ੂਬੀ ਸੀ। ਪੇਂਡੂ ਸਭਿਆਚਾਰ ਨੂੰ ਉਨ੍ਹਾਂ ਨੇ ਬਾਖ਼ੂਬੀ ਚਿਤਰਿਆ। ਉਸ ਦੇ ਚਿਤਰੇ ਨਾਇਕ ਸਾਨੂੰ ਗਲੀਆਂ ਵਿਚ ਤੁਰੇ ਫਿਰਦੇ ਆਮ ਦਿਸਦੇ ਹਨ। ‘ਪਰਸਾ’ ਨਾਵਲ ਦਾ ਮਹਾਂ ਨਾਇਕ ਪਰਸਾ ਸਾਨੂੰ ਆਪਣੇ ਪਿਓ-ਦਾਦਿਆਂ ਵਿਚੋਂ ਦਿਖਾਈ ਦਿੰਦਾ ਹੈ। ਇਸੇ ਕਰ ਕੇ ਹੀ ਇਉਂ ਉਨ੍ਹਾਂ ਨੂੰ ਯਾਦ ਕੀਤਾ ਜਾ ਰਿਹਾ ਹੈ।

ਕੁਲਵਿੰਦਰ ਸਿੰਘ ਦੂਹੇਵਾਲਾ, ਈਮੇਲ

ਪਾਠਕਾਂ ਦੇ ਖ਼ਤ Other

Jan 13, 2023

ਸੰਗੀਤ ਤੇ ਨਾਚ ਦੀ ਭਾਸ਼ਾ

ਫਿਲਮਸਾਜ਼ ਐੱਸਐੱਸ ਰਾਜਾਮੌਲੀ ਦੀ ਫਿਲਮ ‘ਆਰਆਰਆਰ’ ਦੇ ਗੀਤ ‘ਨਾਟੂ ਨਾਟੂ’ ਨੇ ਗੋਲਡਨ ਗਲੋਬ ਇਨਾਮ ਜਿੱਤ ਕੇ ਇਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਕਿ ਸੰਗੀਤ ਅਤੇ ਨਾਚ ਦੀ ਕੋਈ ਵਿਸ਼ੇਸ਼ ਭਾਸ਼ਾ ਅਤੇ ਸੀਮਾ ਨਹੀਂ ਹੁੰਦੀ। ਇਹ ਉਹ ਕਲਾਵਾਂ ਹਨ ਜੋ ਰੂਹਾਂ ਨੂੰ ਸਰਸ਼ਾਰ ਕਰਦੀਆਂ ਹਨ ਅਤੇ ਜਿਨ੍ਹਾਂ ਨੂੰ ਹਰ ਜਿਊੜਾ ਸਮਝਦਾ ਹੈ। ਗੀਤ ‘ਨਾਟੂ ਨਾਟੂ’ ਨੂੰ ਸਰਵੋਤਮ ਓਰਿਜਨਲ ਗੀਤ ਵਰਗ ਵਿਚ ਜੇਤੂ ਐਲਾਨਿਆ ਗਿਆ ਹੈ। ਇਹ ਮਾਣ ਵਾਲੀ ਗੱਲ ਹੈ ਕਿ ਭਾਰਤੀ ਗਾਇਕਾਂ ਨੇ ਲੇਡੀ ਗਾਗਾ, ਟੇਲਰ ਸਵਿਫਟ ਅਤੇ ਰਿਹਾਨਾ ਵਰਗੀਆਂ ਸੰਸਾਰ ਪ੍ਰਸਿੱਧ ਗਾਇਕਾਵਾਂ ਨੂੰ ਮਾਤ ਦਿੱਤੀ ਹੈ। ਸੰਗੀਤਕਾਰ ਐੱਮਐੱਮ ਕੀਰਵਾਨੀ ਅਤੇ ਗਾਇਕਾਂ ਕਾਲ ਭੈਰਵ ਤੇ ਰਾਹੁਲ ਸਿਪਲੀਗੰਜ ਨੇ ਸਭ ਤੋਂ ਊਰਜਾਵਾਨ ਟਰੈਕ ‘ਨਾਟੂ ਨਾਟੂ’ ਲਈ ਗੋਲਡ ਗਲੋਬ ਇਨਾਮ ਜਿੱਤ ਕੇ ਇਤਿਹਾਸ ਰਚਿਆ ਹੈ।
ਰੁਪਿੰਦਰ ਕੌਰ, ਚੰਡੀਗੜ੍ਹ


ਬੇਲੋੜੀ ਬਿਆਨਬਾਜ਼ੀ

12 ਜਨਵਰੀ ਨੂੰ ਪਹਿਲੇ ਸਫ਼ੇ ’ਤੇ ਛਪੀ ਖ਼ਬਰ ਤੋਂ ਸਪੱਸ਼ਟ ਹੈ ਕਿ ਸਾਡੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਨਿਆਂਇਕ ਸੰਸਥਾਵਾਂ ਦੇ ਕੰਮ ਢੰਗ ਦੀ ਖੁੱਲ੍ਹ ਕੇ ਨਿੰਦਾ ਕੀਤੀ ਹੈ ਜੋ ਸੰਵਿਧਾਨਕ ਪੱਖ ਤੋਂ ਠੀਕ ਨਹੀਂ। ਸਾਡੀ ਨਿਆਂਇਕ ਪ੍ਰਣਾਲੀ ਵਿਚ ਸਾਡੇ ਸੰਵਿਧਾਨ ਨਿਰਮਾਤਾਵਾਂ ਨੇ ਹਰ ਉਹ ਵਿਵਸਥਾ ਕੀਤੀ ਹੈ ਕਿ ਇਹ ਸੰਸਥਾਵਾਂ ਆਜ਼ਾਦੀ ਨਾਲ ਕੰਮ ਕਰ ਸਕਣ। ਕਿਸੇ ਫ਼ੈਸਲੇ ਖ਼ਿਲਾਫ਼ ਸਬੰਧਿਤ ਧਿਰ ਉੱਚ ਅਦਾਲਤ ਵਿਚ ਅਪੀਲ ਕਰ ਸਕਦੀ ਹੈ ਪਰ ਕਿਸੇ ਫ਼ੈਸਲੇ ਖ਼ਿਲਾਫ਼ ਇਉਂ ਜਨਤਕ ਤੌਰ ’ਤੇ ਬੋਲਣਾ ਠੀਕ ਨਹੀਂ। ਸਾਡੇ ਉਪ ਰਾਸ਼ਟਰਪਤੀ ਤਾਂ ਸਗੋਂ ਇਕ ਕਦਮ ਹੋਰ ਅੱਗੇ ਜਾਂਦਿਆਂ ਚਿਤਾਵਨੀ ਵੀ ਦਿੰਦੇ ਹਨ ਕਿ ਆਪਣੀਆਂ ਸੀਮਾਵਾਂ ਵਿਚ ਰਹੋ। ਕੀ ਇਹ ਇਨਸਾਫ਼ ਨਾਲ ਜੁੜੇ ਅਦਾਰਿਆਂ ਦੀ ਤੌਹੀਨ ਨਹੀਂ? ਇਨ੍ਹਾਂ ਹਾਲਾਤ ਵਿਚ ਸਾਡਾ ਅਦਾਲਤੀ ਸਿਸਟਮ ਨਿਰਪੱਖ ਹੋ ਕੇ ਕਿਵੇਂ ਕੰਮ ਕਰੇਗਾ? ਇਨਸਾਫ਼ ਦਾ ਤਕਾਜ਼ਾ ਹੈ ਕਿ ਅਜਿਹੀ ਬਿਆਨਬਾਜ਼ੀ ਮੁਕੰਮਲ ਤੌਰ ’ਤੇ ਬੰਦ ਕਰਨ ਲਈ ਉਨ੍ਹਾਂ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਜਾਵੇ। 9 ਜਨਵਰੀ ਨੂੰ ਰਾਜ ਕੁਮਾਰ ਅਤੇ ਹਰਸਿਮਰਨਜੀਤ ਕੌਰ ਮਾਵੀ ਨੇ ਪੇਂਡੂ ਅਰਥਚਾਰੇ ਵਿਚ ਖੇਤੀਬਾੜੀ ਸਭਾਵਾਂ ਦੇ ਮਹੱਤਵ ਨੂੰ ਸਹੀ ਬਿਆਨਿਆ ਹੈ।
ਅਮਰਜੀਤ ਸਿੰਘ, ਪਿੰਡ ਸਿਹੌੜਾ (ਲੁਧਿਆਣਾ)

(2)

12 ਜਨਵਰੀ ਨੂੰ ਛਪੀ ਖ਼ਬਰ ‘ਨਿਆਂਇਕ ਸੰਸਥਾਵਾਂ ਆਪਣੀ ਹੱਦ ’ਚ ਰਹਿਣ: ਧਨਖੜ’ ਸਰਕਾਰ ਅਤੇ ਸੁਪਰੀਮ ਕੋਰਟ ਵਿਚਕਾਰ ਚੱਲ ਰਹੇ ਟਕਰਾਉ ਦਾ ਵਰਨਣ ਕਰਨ ਵਾਲੀ ਸੀ। ਨਿਆਂ ਪਾਲਿਕਾ, ਕਾਰਜ ਪਾਲਿਕਾ ਅਤੇ ਵਿਧਾਨ ਪਾਲਿਕਾ ਨੂੰ ਸੰਵਿਧਾਨ ਮੁਤਾਬਿਕ ਆਪੋ-ਆਪਣੀ ਹੱਦ ਵਿਚ ਰਹਿ ਕੇ ਕੰਮ ਕਰਨਾ ਅਤੇ ਟਿੱਪਣੀ ਕਰਨੀ ਚਾਹੀਦੀ ਹੈ, ਇਹ ਸੁਚੱਜੇ ਲੋਕਤੰਤਰ ਵਾਸਤੇ ਜ਼ਰੂਰੀ ਹੈ। ਸਰਕਾਰ ਨੂੰ ਆਪਣੇ ਪ੍ਰਚੰਡ ਬਹੁਮਤ ਦਾ ਇਸਤੇਮਾਲ ਕਰਦੇ ਹੋਏ ਕੌਲਿਜੀਅਮ ਸਿਸਟਮ ਵਿਚ ਦਖ਼ਲਅੰਦਾਜ਼ੀ ਨਹੀਂ ਕਰਨੀ ਚਾਹੀਦੀ। ਜੱਜਾਂ ਦੀ ਤਾਇਨਾਤੀ ਦਾ ਕੰਮ ਸੁਪਰੀਮ ਕੋਰਟ ਦਾ ਹੈ।
ਪ੍ਰੋ. ਸ਼ਾਮ ਲਾਲ ਕੌਸ਼ਲ, ਰੋਹਤਕ

(3)

12 ਜਨਵਰੀ ਦੇ ਮੁੱਖ ਸਫ਼ੇ ’ਤੇ ਖ਼ਬਰ ਅਨੁਸਾਰ ਭਾਰਤ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਸੰਸਦ ਦੇ ਬਣਾਏ ਕਾਨੂੰਨ ਨੂੰ ਕਿਸੇ ਹੋਰ ਸੰਸਥਾ ਵੱਲੋਂ ਰੱਦ ਕਰਨਾ ਗ਼ੈਰ-ਜਮਹੂਰੀ ਕਰਾਰ ਦਿੱਤਾ ਹੈ ਪਰ ਭਾਰਤੀ ਸੰਵਿਧਾਨ ਸਰਵਉੱਚ ਕਾਨੂੰਨੀ ਦਸਤਾਵੇਜ਼ ਹੈ। ਇਸ ਦੀ ਸਰਵਉੱਚਤਾ ਨੂੰ ਕਾਇਮ ਰੱਖਣ ਲਈ ਸਰਵਉੱਚ ਅਦਾਲਤ ਅਤੇ ਉੱਚ ਅਦਾਲਤਾਂ ਨਿਆਂਇਕ ਪੁਨਰ-ਨਿਰੀਖਣ ਦੀ ਵਰਤੋਂ ਕਰਦੀਆਂ ਹਨ। ਜੇਕਰ ਕਾਨੂੰਨ ਸੰਵਿਧਾਨ ਦੀ ਕਿਸੇ ਵਿਵਸਥਾ ਦੇ ਵਿਰੁੱਧ ਹੋਵੇ ਤਾਂ ਸੰਸਦ ਦੁਆਰਾ ਪਾਸ ਕੀਤੇ ਕਾਨੂੰਨ ਨੂੰ ਇਹ ਅਸੰਵਿਧਾਨਿਕ ਐਲਾਨ ਸਕਦੀਆਂ ਹਨ।
ਗੁਰਜੀਤ ਸਿੰਘ ਮਾਨ, ਮਾਨਸਾ


ਵਿਦੇਸ਼ੀ ਯੂਨੀਵਰਸਿਟੀਆਂ ਦੀ ਆਮਦ

7 ਜਨਵਰੀ ਦੇ ਸੰਪਾਦਕੀ ‘ਦੇਸ਼ ’ਚ ਵਿਦੇਸ਼ੀ ਯੂਨੀਵਰਸਿਟੀਆਂ’ ਪੜ੍ਹਿਆ ਅਤੇ ਮੁਲਕ ਵਿਚ ਵਿਦੇਸ਼ੀ ਯੂਨੀਵਰਸਿਟੀਆਂ ਦੀ ਆਮਦ ਬਾਰੇ ਪੜ੍ਹ ਕੇ ਧੱਕਾ ਲੱਗਿਆ। ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਅੰਗਰੇਜ਼ ਵਪਾਰ ਦੇ ਬਹਾਨੇ ਦੁਬਾਰਾ ਆ ਰਹੇ ਹੋਣ। ਤੱਥ ਇਹ ਵੀ ਹੈ ਕਿ ਸਾਰੇ ਬੱਚੇ ਉੱਚ ਪੜ੍ਹਾਈ ਲਈ ਨਹੀਂ ਬਲਕਿ ਚੰਗੇ ਰੁਜ਼ਗਾਰ ਅਤੇ ਸਿਸਟਮ ਲਈ ਵਿਦੇਸ਼ ਜਾ ਰਹੇ ਹਨ।
ਦਵਿੰਦਰ ਕੌਰ, ਈਮੇਲ


ਨੋਟਬੰਦੀ ਦੀ ਮਾਰ

29 ਦਸੰਬਰ ਨੂੰ ਸੰਪਾਦਕੀ ‘ਨੋਟਬੰਦੀ ਬਾਰੇ ਫ਼ੈਸਲਾ’ ਵਿਚ ਸਰਕਾਰ ਅਤੇ ਭਾਰਤੀ ਰਿਜ਼ਰਵ ਬੈਂਕ ਵੱਲੋਂ ਨੋਟਬੰਦੀ ਬਾਰੇ ਕੀਤੇ ਫ਼ੈਸਲੇ ਦੀ ਪ੍ਰਕਿਰਿਆ ਬਾਰੇ ਸਵਾਲ ਚੁੱਕੇ ਗਏ ਹਨ। ਨੋਟਬੰਦੀ ਨੇ ਆਮ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਆਮ ਲੋਕਾਂ ਦਾ ਨਕਦੀ ਤੋਂ ਬਿਨਾ ਬਹੁਤ ਭੈੜਾ ਹਾਲ ਹੋਇਆ। ਬੈਂਕਾਂ ਮੂਹਰੇ ਲੋਕਾਂ ਦੀਆਂ ਲੰਮੀਆਂ ਕਤਾਰਾਂ ਲੱਗਦੀਆਂ ਰਹੀਆਂ ਅਤੇ ਮਿਲਦਾ ਕਿਸੇ ਨੂੰ ਪੰਜ ਸੌ ਕਿਸੇ ਨੂੰ ਹਜ਼ਾਰ। ਕਈਆਂ ਦਾ ਨੰਬਰ ਆਉਣ ਤਕ ਬੈਂਕ ਦਾ ਟਾਈਮ ਖਤਮ ਹੋ ਜਾਂਦਾ ਸੀ।
ਪ੍ਰਸ਼ਾਂਤ ਕੁਮਾਰ, ਬੁਢਲਾਡਾ


ਲਹੂ ਭਿੱਜੀ ਤਵਾਰੀਖ਼

28 ਦਸੰਬਰ ਨੂੰ ਡਾ. ਅਮਨਦੀਪ ਕੌਰ ਦਾ ਲੇਖ ‘ਲਹੂ ਭਿੱਜੀ ਤਵਾਰੀਖ਼ ਅਤੇ ਅੱਜ ਦਾ ਸਮਾਜ’ ਪੜ੍ਹਿਆ। ਸਾਨੂੰ ਸਾਹਿਬਜ਼ਾਦਿਆਂ ਦੀ ਅਦੁੱਤੀ ਕੁਰਬਾਨੀ ਤੋਂ ਸਿੱਖਿਆ ਲੈ ਕੇ ਮੰਜ਼ਿਲਾਂ ਸਰ ਕਰਨੀਆਂ ਚਾਹੀਦੀਆਂ ਹਨ ਪਰ ਸਾਡੇ ਸਮਾਜ ਦਾ ਹਾਲ ਇਹ ਹੈ ਕਿ ਅਸੀਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦੇ ਦਿਨਾਂ ਵਿਚ ਜਸ਼ਨ ਮਨਾਉਂਦੇ ਹਾਂ, ਉਨ੍ਹਾਂ ਦੀਆਂ ਕੁਰਬਾਨੀਆਂ ਭੁੱਲ ਕੇ ਵਿਆਹਾਂ ਵਿਚ ਰੁੱਝੇ ਹੁੰਦੇ ਹਾਂ। 23 ਦਸੰਬਰ ਨੂੰ ਦਲਬੀਰ ਸਿੰਘ ਸੱਖੋਵਾਲੀਆ ਦਾ ਲੇਖ ‘ਸਿੱਖੀ ਲਈ ਸਾਰਾ ਪਰਿਵਾਰ ਲੇਖੇ ਲਾਉਣ ਵਾਲੇ ਸ਼ਹੀਦ ਬਾਬਾ ਜੀਵਨ ਸਿੰਘ’ ਪੜ੍ਹਿਆ ਅਤੇ ਉਨ੍ਹਾਂ ਦੀ ਅਦੁੱਤੀ ਕੁਰਬਾਨੀ ਬਾਰੇ ਭਰਪੂਰ ਜਾਣਕਾਰੀ ਮਿਲੀ। ਉੱਘੇ ਲਿਖਾਰੀ ਬਲਦੇਵ ਸਿੰਘ ਸੜਕਨਾਮਾ ਨੇ ਉਨ੍ਹਾਂ ਬਾਰੇ ਨਾਵਲ ‘ਪੰਜਵਾਂ ਸਾਹਿਬਜ਼ਾਦਾ’ ਲਿਖਿਆ ਹੈ। 20 ਦਸੰਬਰ ਨੂੰ ਅਮਰਜੀਤ ਸਿੰਘ ਮਾਨ ਦਾ ਲੇਖ ‘ਰੱਕੜਾਂ ਦਾ ਫੁੱਲ ਸੁਖਦੇਵ ਸਿੰਘ ਮਾਨ’ ਪੜ੍ਹਿਆ। ਇਕ ਸਾਧਾਰਨ ਮਨੁੱਖ ਲਗਨ ਅਤੇ ਮਿਹਨਤ ਨਾਲ ਸਾਹਿਤਕਾਰਾਂ ਦੀ ਲੜੀ ਵਿਚ ਸ਼ਾਮਿਲ ਹੋ ਗਿਆ। ਉਸ ਨੇ ਪੰਜਾਬੀ ਸਾਹਿਤ ਦੀ ਝੋਲੀ ਵਿਚ ਬਹੁਤ ਸਾਰੀਆਂ ਕਿਤਾਬਾਂ ਪਾਈਆਂ।
ਰਾਮ ਸਿੰਘ ਪਾਠਕ, ਬਠਿੰਡਾ

ਪਾਠਕਾਂ ਦੇ ਖ਼ਤ Other

Jan 07, 2023

ਸੰਜੀਦਾ ਸ਼ਖ਼ਸੀਅਤ

6 ਜਨਵਰੀ ਨੂੰ ਨਜ਼ਰੀਆ ਪੰਨੇ ਉੱਤੇ ਡਾ. ਕੁਲਦੀਪ ਸਿੰਘ ਦਾ ਲੇਖ ‘ਵਾਤਾਵਰਨ ਸੰਕਟ ਦੇ ਪ੍ਰਸੰਗ ’ਚ ਡਾ. ਚਰਨਜੀਤ ਸਿੰਘ ਨਾਭਾ ਨੂੰ ਯਾਦ ਕਰਦਿਆਂ’ ਪੜ੍ਹਿਆ। ਵਧੀਆ ਜਾਣਕਾਰੀ ਮਿਲੀ। ਡਾ. ਚਰਨਜੀਤ ਸਿੰਘ ਨਾਭਾ ਦੇ ਪੰਜਾਬੀ ਭਾਸ਼ਾ ਪ੍ਰਤੀ ਪ੍ਰੇਮ ਅਤੇ ਵਿਗਿਆਨ ਨੂੰ ਮਾਤ ਭਾਸ਼ਾ ਵਿਚ ਪੜ੍ਹਾਉਣ ਦੀ ਸੋਚ ਨੇ ਕਈ ਕੁਝ ਨੂੰ ਜ਼ਰਬ ਦਿੱਤਾ ਹੈ। ਉਹ ਵਾਤਾਵਰਨ ਸਬੰਧੀ ਮਸਲਿਆਂ ਬਾਰੇ ਬਹੁਤ ਗੰਭੀਰ ਸਨ। ਉਹ ਪਾਣੀਆਂ ਬਾਰੇ ਵੀ ਚਿੰਤਤ ਸਨ। ਉਨ੍ਹਾਂ ਆਪਣੀਆਂ ਲਿਖਤਾਂ ਰਾਹੀਂ ਆਮ ਲੋਕਾਂ ਨੂੰ ਜਾਗਰੂਕ ਕਰਨ ਦੀ ਸਦਾ ਕੋਸ਼ਿਸ਼ ਕੀਤੀ।

ਸੁਖਪਾਲ ਕੌਰ, ਚੰਡੀਗੜ੍ਹ


ਦਿਲ ’ਤੇ ਸੱਟ

4 ਜਨਵਰੀ ਦਾ ਸੰਪਾਦਕੀ ‘ਇਕ ਹੋਰ ਭਿਆਨਕ ਹਾਦਸਾ’ ਦਿਲ ’ਤੇ ਸੱਟ ਵੱਜਣ ਵਾਲਾ ਸੀ। ਪੁਲੀਸ ਕਰਮਚਾਰੀ ਆਪਣੇ ਫਰਜ਼ ਤੋਂ ਕੁਤਾਹੀ ਕਰ ਗਏ, ਇਹੀ ਉਜਾਗਰ ਹੋ ਰਿਹਾ ਹੈ। ਲੜਕੀ ਦੀ ਲਾਸ਼ ਕਾਰ ਨਾਲ ਇੰਨੀ ਦੂਰ ਤਕ ਖਿੱਚੀ ਜਾਂਦੀ ਰਹੀ। ਅਜਿਹਾ ਕਾਰਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

ਅਨਿਲ ਕੌਸ਼ਿਕ, ਕਿਉੜਕ (ਕੈਥਲ, ਹਰਿਆਣਾ)


(2)

4 ਜਨਵਰੀ ਵਾਲਾ ਸੰਪਾਦਕੀ ‘ਇਕ ਹੋਰ ਭਿਆਨਕ ਹਾਦਸਾ’ ਦਿਲ ਕੰਬਾਉਣ ਵਾਲਾ ਸੀ। ਕਾਰ ਨਾਲ ਜਦੋਂ ਸਕੂਟੀ ਟਕਰਾਈ, ਬੇਰਹਿਮ ਕਾਰ ਚਾਲਕ ਨੇ ਕਾਰ ਨਹੀਂ ਰੋਕੀ, ਉਲਟਾ 10 ਕਿਲੋਮੀਟਰ ਤਕ ਕੁੜੀ ਨੂੰ ਘਸੀਟਦਾ ਗਿਆ। ਗਵਾਹਾਂ ਮੁਤਾਬਿਕ ਕਾਰ ਬਹੁਤ ਤੇਜ਼ ਸੀ ਜਿਸ ਕਾਰਨ ਕੁੜੀ ਟਾਇਰਾਂ ਵਿਚ ਫਸ ਗਈ। ਵਿਚਾਰਨ ਵਾਲੀ ਗੱਲ ਹੈ ਕਿ ਹਾਦਸਾ ਹੁੰਦੇ ਸਾਰ ਹੀ ਗੱਡੀ ਰੋਕ ਕੇ ਕੁੜੀ ਨੂੰ ਹਸਪਤਾਲ ਪਹੁੰਚਾਉਣਾ ਚਾਹੀਦਾ ਸੀ। ਇਸ ਤੋਂ ਪਹਿਲਾਂ 30 ਦਸੰਬਰ ਨੂੰ ਸੰਪਾਦਕੀ ‘ਡਰੋਨ ਘੁਸਪੈਠਾਂ’ ਪੜ੍ਹਿਆ। ਪਾਕਿਸਤਾਨ ਤੋਂ ਡਰੋਨਾਂ ਨਾਲ ਲਗਾਤਾਰ ਹੋ ਰਹੀ ਸਮਗਲਿੰਗ ਵਿਚ ਕਈ ਗੁਣਾ ਵਾਧਾ ਦੇਖਣ ਨੂੰ ਮਿਲਿਆ ਹੈ। ਕੇਂਦਰ ਸਰਕਾਰ ਨੂੰ ਸੂਬਾ ਸਰਕਾਰ ਨਾਲ ਮਿਲ ਕੇ ਇਸ ਦਾ ਹੱਲ ਲੱਭਣਾ ਚਾਹੀਦਾ ਹੈ।

ਸੰਜੀਵ ਸਿੰਘ ਸੈਣੀ, ਮੁਹਾਲੀ


ਦਾਅਵਿਆਂ ’ਚ ਫ਼ਰਕ

2 ਜਨਵਰੀ ਨੂੰ ਅਖ਼ਬਾਰ ਵਿਚ ਸਫ਼ਾ 2 ਉੱਤੇ ਛਪੀ ਖ਼ਬਰ ਪੜ੍ਹੀ ਜਿਸ ਰਾਹੀਂ ਪਤਾ ਲੱਗਾ ਕਿ ਸਰਕਾਰੀ ਆਯੁਰਵੈਦਿਕ ਕਾਲਜ ਪਟਿਆਲਾ ਵਿਚ ਦਾਖ਼ਲਿਆਂ ’ਤੇ ਕੇਂਦਰੀ ਸਿਹਤ ਮੰਤਰਾਲੇ ਅਤੇ ਆਯੂਸ਼ ਵਿਭਾਗ ਵੱਲੋਂ ਲਗਾਈ ਰੋਕ ਦਾ ਕਾਰਨ ਕਾਲਜ ਵਿਚ ਖਾਲੀ ਪਈਆਂ ਅਸਾਮੀਆਂ ਹਨ। ਇਸੇ ਦਿਨ ਚਾਰ ਨੰਬਰ ਸਫ਼ੇ ’ਤੇ ਖ਼ਬਰ ਪੜ੍ਹੀ ਜਿਸ ਵਿਚ ਪੰਜਾਬ ਦੇ ਮੁੱਖ ਮੰਤਰੀ ਨੇ ਨਵੇਂ ਮੈਡੀਕਲ ਕਾਲਜ ਖੋਲ੍ਹਣ ਵਿਚ ਆ ਰਹੀਆਂ ਔਕੜਾਂ ਬਾਰੇ ਗੱਲ ਕੀਤੀ ਹੋਈ ਸੀ ਅਤੇ ਨਾਲ ਹੀ ਹਰ ਸਾਲ ਮੈਡੀਕਲ ਕਾਲਜ ਖੋਲ੍ਹਣ ਦਾ ਵਾਅਦਾ ਕੀਤਾ ਗਿਆ ਸੀ। ਸਾਫ਼ ਦੇਖਿਆ ਜਾ ਸਕਦਾ ਹੈ ਕਿ ਸਰਕਾਰ ਦੇ ਦਾਅਵਿਆਂ ਅਤੇ ਕੰਮਾਂ ਵਿਚ ਕਿੰਨਾ ਅੰਤਰ ਹੈ। ਪਹਿਲਾਂ ਹੀ ਬਣੇ ਸਰਕਾਰੀ ਕਾਲਜ ਫੰਡਾਂ ਦੀ ਘਾਟ ਕਾਰਨ ਬੰਦ ਹੋ ਰਹੇ ਹਨ ਅਤੇ ਨਵਿਆਂ ਬਾਰੇ ਬਿਆਨ ਦਿੱਤੇ ਜਾ ਰਹੇ ਹਨ।

ਗੁਰਵਿੰਦਰ ਸਿੰਘ, ਬਠਿੰਡਾ


ਵਧ ਰਹੇ ਸੜਕ ਹਾਦਸੇ

31 ਦਸੰਬਰ ਦਾ ਸੰਪਾਦਕੀ ‘ਸੜਕ ਹਾਦਸੇ’ ਮਹੱਤਵਪੂਰਨ ਹੈ। ਦੇਸ਼ ਵਿਚ ਰੋਜ਼ਾਨਾ ਹੋ ਰਹੇ ਸੜਕ ਹਾਦਸਿਆਂ ਵਿਚ ਸੈਂਕੜੇ ਲੋਕ ਮੌਤ ਦੇ ਮੂੰਹ ਵਿਚ ਜਾ ਪੈਂਦੇ ਹਨ ਜਾਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਜਾਂਦੇ ਹਨ ਜੋ ਉਮਰ ਭਰ ਮੌਤ ਨਾਲੋਂ ਵੀ ਭਿਅੰਕਰ ਜ਼ਿੰਦਗੀ ਜਿਊਣ ਲਈ ਮਜਬੂਰ ਹੁੰਦੇ ਹਨ। ਇੱਥੇ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਇਨ੍ਹਾਂ ਹਾਦਸਿਆਂ ਲਈ ਮਨੁੱਖ ਖ਼ੁਦ ਆਪ ਜ਼ਿੰਮੇਵਾਰ ਹੈ। ਵਾਹਨਾਂ ਦੀ ਤੇਜ਼ ਰਫ਼ਤਾਰੀ, ਨਸ਼ੇ ਦੀ ਹਾਲਤ ਵਿਚ ਗੱਡੀ ਚਲਾਉਣਾ, ਗੱਡੀ ਵਿਚ ਚਲਾਉਂਦਿਆਂ ਸੀਟ ਬੈਲਟ ਨਾ ਪਾਉਣਾ ਜਾਂ ਸਕੂਟਰ/ਮੋਟਰਸਾਈਕਲ ਚਲਾਉਂਦੇ ਹੋਏ ਹੈਲਮਟ ਨਾ ਲੈਣਾ ਆਦਿ ਬੇਨਿਯਮੀਆਂ ਹਾਦਸਿਆਂ ਨੂੰ ਸੱਦਾ ਦਿੰਦੀਆਂ ਹਨ। ਸਰਕਾਰ ਨੂੰ ਇਸ ਸਬੰਧੀ ਕਾਰਗਰ ਪ੍ਰਬੰਧ ਕਰਨੇ ਚਾਹੀਦੇ ਹਨ।

ਸੁਖਮੰਦਰ ਸਿੰਘ ਤੂਰ, ਖੋਸਾ (ਮੋਗਾ)


ਕੌੜਾ ਸੱਚ

30 ਦਸੰਬਰ ਦੇ ਅੰਕ ਵਿਚ ਕੰਵਲਜੀਤ ਖੰਨਾ ਨੇ ਆਪਣੇ ਲੇਖ ‘ਸਿੱਖਿਆ ਨੀਤੀ ਬਨਾਮ ਕੋਚਿੰਗ ਕਾਰੋਬਾਰ’ ਵਿਚ ਕੌੜਾ ਸੱਚ ਬਿਆਨ ਕੀਤਾ ਹੈ ਕਿ ਜਿਸ ਤਰ੍ਹਾਂ ਅਫ਼ਗਾਨਿਸਤਾਨ ਵਿਚ ਤਾਲਿਬਾਨ ਨੇ ਸਿੱਖਿਆ ’ਤੇ ਰੋਕ ਲਾਈ ਹੈ, ਇਸੇ ਤਰ੍ਹਾਂ ਭਾਰਤ ਸਰਕਾਰ ਨੇ ਨਵੀਂ ਸਿੱਖਿਆ ਨੀਤੀ ਤਹਿਤ ਅਜਿਹੇ ਗੁਲ ਖਿਲਾ ਰਹੀ ਹੈ। ਨਵੀਂ ਨੀਤੀ ਅਨੁਸਾਰ ਗ਼ੈਰ-ਸਰਕਾਰੀ ਸੰਸਥਾਵਾਂ ਨੂੰ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਲੁੱਟਣ ਦੀ ਪੂਰੀ ਖੁੱਲ੍ਹ ਦੇ ਦਿੱਤੀ ਗਈ ਹੈ। ਐੱਸਸੀ ਅਤੇ ਘੱਟਗਿਣਤੀਆਂ ਨਾਲ ਸਬੰਧਿਤ ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ’ਤੇ ਝਪਟ ਮਾਰ ਦਿੱਤੀ ਹੈ। ਪਾਠ ਪੁਸਤਕਾਂ ਵਿਚ ਵਿਗਿਆਨਕ ਸੋਚ ਦੀ ਥਾਂ ਪੁਰਾਣੀਆਂ ਮਨੁੱਖ ਵਿਰੋਧੀ ਕਥਾ-ਕਹਾਣੀਆਂ ਨੂੰ ਤਰਜੀਹ ਦੇਣ ਦਾ ਖ਼ਦਸ਼ਾ ਹੈ।

ਸਾਗਰ ਸਿੰਘ ਸਾਗਰ, ਬਰਨਾਲਾ


ਫ਼ਸਲਾਂ ਦੀ ਵੰਨ-ਸਵੰਨਤਾ

6 ਜਨਵਰੀ ਨੂੰ ਨਜ਼ਰੀਆ ਪੰਨੇ ਉੱਤੇ ਡਾ. ਸ ਸ ਛੀਨਾ ਦਾ ਲੇਖ ‘ਸਮਰਥਨ ਮੁੱਲ ’ਤੇ ਖਰੀਦ ਦੇ ਹੈਰਾਨਕੁਨ ਨਤੀਜੇ’ ਪੜ੍ਹਿਆ। ਇਹ ਅਸਲ ਵਿਚ ਸਰਕਾਰਾਂ ਦੀ ਨਾਲਾਇਕੀ ਹੀ ਹੈ ਕਿ ਸਭ ਕੁਝ ਸਪੱਸ਼ਟ ਹੋਣ ਦੇ ਬਾਵਜੂਦ ਕਿਸਾਨਾਂ ਨੂੰ ਦੋ-ਫ਼ਸਲੀ ਚੱਕਰ ਵਿਚ ਫਸਾਇਆ ਹੋਇਆ ਹੈ। ਸਰਕਾਰ ਹੋਰ ਜਿਣਸਾਂ ’ਤੇ ਸਰਕਾਰੀ ਭਾਅ ਐਲਾਨੇ, ਕਿਸਾਨ ਫ਼ਸਲੀ ਵੰਨ-ਸਵੰਨਤਾ ਲਈ ਝੱਟ ਤਿਆਰ ਹੋ ਜਾਣਗੇ। ਉਨ੍ਹਾਂ ਨੂੰ ਤਾਂ ਫ਼ਸਲਾਂ ਦੀ ਖਰੀਦ ਦੀ ਗਰੰਟੀ ਚਾਹੀਦੀ ਹੈ। ਸਰਕਾਰ ਇਸ ਪਾਸੇ ਧਿਆਨ ਨਹੀਂ ਦੇ ਰਹੀ। ਇਸ ਨੇ ਕਿਸਾਨ ਅੰਦੋਲਨ ਤੋਂ ਵੀ ਕੋਈ ਸਬਕ ਨਹੀਂ ਸਿੱਖਿਆ।

ਜਸਵੰਤ ਸਿੰਘ, ਅੰਮ੍ਰਿਤਸਰ

ਪਾਠਕਾਂ ਦੇ ਖ਼ਤ Other

Jan 06, 2023

ਬਹਾਦਰ ਔਰਤ

3 ਜਨਵਰੀ ਨੂੰ ਅਜਾਇਬ ਸਿੰਘ ਟਿਵਾਣਾ ਦਾ ਮਿਡਲ ‘ਆਧੁਨਿਕ ਭਾਰਤ ਦੀ ਪਹਿਲੀ ਅਧਿਆਪਕਾ ਸਵਿੱਤਰੀਬਾਈ ਫੂਲੇ’ ਪੜ੍ਹਿਆ। ਸਵਿੱਤਰੀਬਾਈ ਫੂਲੇ ਉਹ ਬਹਾਦਰ ਔਰਤ ਸੀ ਜਿਸ ਨੇ ਉਨ੍ਹਾਂ ਸਮਿਆਂ ਵਿਚ ਔਰਤਾਂ ਦੀ ਸਿੱਖਿਆ ਦੀ ਗੱਲ ਕੀਤੀ ਜਦੋਂ ਭਾਰਤੀ ਨਾਰੀ ਨੂੰ ਘਰ ਦੀ ਚਾਰਦੀਵਾਰੀ ਵਿਚ ਕੈਦ ਕਰ ਕੇ ਰੱਖਿਆ ਜਾਂਦਾ ਸੀ, ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ। ਉਨ੍ਹਾਂ ਸਮਿਆਂ ਵਿਚ ਔਰਤਾਂ ਦੀ ਪੜ੍ਹਾਈ ਦੀ ਗੱਲ ਕਰਨੀ ਕਠਿਨ ਅਤੇ ਅਸੰਭਵ ਕਾਰਜ ਸੀ ਪਰ ਸਵਿੱਤਰੀਬਾਈ ਫੂਲੇ ਨੇ ਆਪਣੀ ਹਿੰਮਤ ਤੇ ਹੌਸਲੇ ਨਾਲ ਪਹਾੜ ਵਰਗੀ ਇਸ ਚੁਣੌਤੀ ਨਾਲ ਮੱਥਾ ਲਾਇਆ ਤੇ ਸਫ਼ਲਤਾ ਪ੍ਰਾਪਤ ਕੀਤੀ। ਉਨ੍ਹਾਂ ਸਮਾਜ ਵਿਚ ਫੈਲੇ ਜਾਤ-ਪਾਤ ਦੇ ਕੋਹੜ ਨੂੰ ਖਤਮ ਕਰਨ ਲਈ ਆਪਣੇ ਪਤੀ ਜੋਤੀਬਾ ਫੂਲੇ ਨਾਲ ਮਿਲ ਕੇ ਬਹੁਤ ਕੰਮ ਕੀਤਾ।

ਪਰਮਿੰਦਰ ਖੋਖਰ, ਈਮੇਲ


(2)

3 ਜਨਵਰੀ ਨੂੰ ਨਜ਼ਰੀਆ ਪੰਨੇ ’ਤੇ ਅਜਾਇਬ ਸਿੰਘ ਟਿਵਾਣਾ ਦੇ ਲੇਖ ‘ਆਧੁਨਿਕ ਭਾਰਤ ਦੀ ਪਹਿਲੀ ਅਧਿਆਪਕਾ ਸਵਿੱਤਰੀਬਾਈ ਫੂਲੇ’ ਵਿਚ ਇਸ ਮਹਾਨ ਸ਼ਖ਼ਸੀਅਤ ਦੀ ਭਾਰਤੀ ਸਮਾਜ ਨੂੰ ਦੇਣ ਬਾਰੇ ਚਾਨਣਾ ਪਾਇਆ ਗਿਆ ਹੈ। ਉਂਝ ਇਨ੍ਹਾਂ ਦੀ ਕੁਰਬਾਨੀ ਅਤੇ ਔਰਤਾਂ ਦੇ ਹੱਕਾਂ ਲਈ ਕੀਤੇ ਕਾਰਜਾਂ ਨੂੰ ਓਨੇ ਅਸਰਦਾਰ ਤਰੀਕੇ ਨਾਲ ਪ੍ਰਚਾਰਿਆ ਨਹੀਂ ਗਿਆ। ਸਕੂਲ ਪਾਠਕ੍ਰਮਾਂ ਵਿਚ ਅਜਿਹੀਆਂ ਸ਼ਖ਼ਸੀਅਤਾਂ ਦਾ ਜ਼ਿਕਰ ਲਾਜ਼ਮੀ ਹੋਣਾ ਚਾਹੀਦਾ ਹੈ। ਇਸ ਤੋਂ ਪਹਿਲਾਂ 2 ਜਨਵਰੀ ਨੂੰ ਇਸੇ ਪੰਨੇ ਉੱਤੇ ਅਵਿਜੀਤ ਪਾਠਕ ਦਾ ਲੇਖ ‘ਨਵੇਂ ਸਾਲ ਦੀਆਂ ਤਰਜੀਹਾਂ ਤੈਅ ਕਰਨ ਦਾ ਵੇਲਾ’ ਪੜ੍ਹਿਆ। ਲੇਖਕ ਨੇ ਬਹੁਤ ਹੀ ਸਹਿਜ ਤਰੀਕੇ ਨਾਲ ਮਨੁੱਖੀ ਕਦਰਾਂ-ਕੀਮਤਾਂ ਬਾਰੇ ਗੱਲਾਂ ਕੀਤੀਆਂ ਹਨ। ਅਜਿਹੀਆਂ ਰਚਨਾਵਾਂ ਆਮ ਇਨਸਾਨ ਨੂੰ ਆਸ਼ਾਵਾਦੀ ਬਣਾਉਂਦੀਆਂ ਹਨ ਅਤੇ ਸੰਘਰਸ਼ ਲਈ ਪ੍ਰੇਰਦੀਆਂ ਹਨ।

ਯਾਦਵਿੰਦਰ ਸਿੰਘ ਛਿੱਬਰ, ਲੁਧਿਆਣਾ


(3)

3 ਜਨਵਰੀ ਨੂੰ ਛਪੇ ਮਿਡਲ ਵਿਚ ਅਜਾਇਬ ਸਿੰਘ ਟਿਵਾਣਾ ਨੇ ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ ਸਵਿੱਤਰੀਬਾਈ ਫੂਲੇ ਬਾਰੇ ਭਰਪੂਰ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ 1852 ਤਕ 16 ਸਕੂਲ ਖੋਲ੍ਹੇ ਜਦਕਿ ਮੈਂ ਹੁਣ ਤਕ ਇਕ ਸਕੂਲ ਹੀ ਸਮਝਦਾ ਸੀ। ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾ ਪਲੇਗ ਰੋਗੀਆਂ ਦੇ ਇਲਾਜ ਅਤੇ ਖਾਣੇ ਦਾ ਪ੍ਰਬੰਧ ਕਰਨਾ ਉਨ੍ਹਾਂ ਦੀ ਮਹਾਨਤਾ ਦਰਸਾਉਂਦਾ ਹੈ। ਉਨ੍ਹਾਂ ਦੇ ਪਤੀ ਜੋਤੀਬਾ ਫੂਲੇ ਦਾ ਭੇਦਭਾਵ ਕਰਨ ਅਤੇ ਡਰਾਉਣ ਵਾਲੇ ਧਰਮਾਂ ਨੂੰ ਧਰਮ ਹੀ ਨਾ ਮੰਨਣਾ ਤਰਕਸ਼ੀਲਤਾ ਦੀ ਸ਼ੁਰੂਆਤ ਸੀ।

ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)


ਸੜਕ ਹਾਦਸੇ

2 ਜਨਵਰੀ ਦਾ ਸੰਪਾਦਕੀ ‘ਸੜਕ ਹਾਦਸੇ ਤੇ ਮੁਆਵਜ਼ਾ’ ਪੜ੍ਹਿਆ। ਸੁਪਰੀਮ ਕੋਰਟ ਦੇ ਇਸ ਸਬੰਧੀ ਦਿੱਤੇ ਦਿਸ਼ਾ ਨਿਰਦੇਸ਼ ਸ਼ਲਾਘਾਯੋਗ ਹਨ। ਸੜਕ ਹਾਦਸਿਆਂ ਵਿਚ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰ ਲਈ ਬੀਮੇ ਦੀ ਰਕਮ ਮਾਨਸਿਕ ਜ਼ਖ਼ਮਾਂ ਲਈ ਨਿਗੂਣਾ ਜਿਹਾ ਉਪਰਾਲਾ ਹੁੰਦਾ ਹੈ। ਸੋਚਣ ਵਾਲੀ ਗੱਲ ਤਾਂ ਸੜਕ ਹਾਦਸਿਆਂ ਨੂੰ ਰੋਕਣਾ ਹੈ। ਹਾਦਸੇ ਆਮ ਤੌਰ ’ਤੇ ਕਿਸੇ ਦੀ ਆਪਣੀ ਅਣਗਹਿਲੀ ਜਾਂ ਟਰੈਫ਼ਿਕ ਨਿਯਮਾਂ ਦੀ ਪਾਲਣਾ ਨਾ ਕਰਨ ਕਰ ਕੇ ਹੁੰਦੇ ਹਨ ਪਰ ਟੁੱਟੀਆਂ ਸੜਕਾਂ ਵੀ ਹਾਦਸਿਆਂ ਨੂੰ ਸੱਦਾ ਦਿੰਦੀਆਂ ਹਨ। ਇਸੇ ਲਈ ਮਸਲਾ ਇੰਤਜ਼ਾਮ ਦਾ ਵੀ ਹੈ। ਇਸੇ ਦਿਨ ਅਵਿਜੀਤ ਪਾਠਕ ਦਾ ਲੇਖ ‘ਨਵੇਂ ਸਾਲ ਦੀਆ ਤਰਜੀਹਾਂ ਤੈਅ ਕਰਨ ਦਾ ਵੇਲਾ’ ਸਾਡੀ ਸਿੱਖਿਆ ਪ੍ਰਣਾਲੀ ਅਤੇ ਮਨੋਦਸ਼ਾ ਨੂੰ ਬਿਆਨਦਾ ਹੈ। ਇਹ ਅਜੇ ਵੀ ਵੇਲਾ ਸੰਭਾਲਣ ਦਾ ਸੁਨੇਹਾ ਹੈ।

ਪੂਨਮ ਬਲਿੰਗ, ਈਮੇਲ


ਸਾਂਝੀ ਖੇਤੀ ਦੀ ਪ੍ਰਸੰਗਿਕਤਾ

31 ਦਸੰਬਰ ਨੂੰ ਛਪੇ ਡਾ. ਸੁੱਚਾ ਸਿੰਘ ਗਿੱਲ ਦੇ ਲੇਖ ਦਾ ਸਿਰਲੇਖ ‘ਪੰਜਾਬ ਵਿਚ ਸਾਂਝੀ ਖੇਤੀ ਦੀ ਪ੍ਰਸੰਗਿਕਤਾ’ ਤਾਂ ਠੀਕ ਹੈ, ਸਾਂਝੀ ਖੇਤੀ ਅਪਨਾਉਣ ਵਿਚ ਛੋਟੇ ਕਿਸਾਨਾਂ ਦੀ ਭਲਾਈ ਹੋ ਸਕਦੀ ਹੈ ਪਰ ਲੇਖ ਦੀ ਭੂਮਿਕਾ ਪੜ੍ਹ ਕੇ ਲੱਗਦਾ ਹੈ ਜਿਵੇਂ ਇਹ ਗੱਲ ਪੰਜਾਬ ਦੀ ਨਹੀਂ ਬਲਕਿ ਕਿਸੇ ਹੋਰ ਸੂਬੇ ਦੀ ਹੋਵੇ। ਇੱਥੇ ਛੋਟੇ ਕਿਸਾਨ ਐੱਨਆਰਆਈ ਜਾਂ ਨੌਕਰੀਪੇਸ਼ਾ ਲੋਕਾਂ ਦੀ ਜ਼ਮੀਨ ਠੇਕੇ ’ਤੇ ਲੈ ਕੇ ਵਾਹੁੰਦੇ ਹਨ। ਲੇਖ ਦੀ ਭਾਸ਼ਾ ਆਮ ਕਿਸਾਨਾਂ ਦੀ ਸਮਝ ਤੋਂ ਬਾਹਰ ਹੈ। ਲੇਖ ਦਾ ਪਹਿਲਾ ਅੱਧਾ ਹਿੱਸਾ ਐਨੀ ਔਖੀ ਪੰਜਾਬੀ ਵਿਚ ਲਿਖਿਆ ਹੈ ਕਿ ਅੱਗੋਂ ਪੜ੍ਹਨ ਲਈ ਪ੍ਰੇਰਦਾ ਨਹੀਂ, ਰੁਕਾਵਟ ਪਾਉਂਦਾ ਹੈ।

ਡਾ. ਐੱਸਪੀਐੱਸ ਬਰਾੜ, ਲੁਧਿਆਣਾ।


ਪਾਣੀਆਂ ਦੀ ਵੰਡ

ਪੰਜਾਬ ਅਤੇ ਹਰਿਆਣਾ ਨੂੰ ਕਿੰਨਾ ਪਾਣੀ ਮਿਲੇ, ਇਸ ਬਾਬਤ 1986 ਤੋਂ ਰਾਵੀ ਬਿਆਸ ਟ੍ਰਿਬਿਊਨਲ ਬਣਿਆ ਹੋਇਆ ਹੈ। ਹਰ ਸਾਲ ਇਸ ਦੀ ਮਿਆਦ ਵਧਾਈ ਜਾਂਦੀ ਹੈ। ਇਸ ਨੇ ਅੰਤਰਿਮ ਫ਼ੈਸਲਾ ਤਾਂ ਦੇ ਦਿੱਤਾ ਸੀ ਪਰ ਆਖ਼ਰੀ ਫ਼ੈਸਲਾ ਅਜੇ ਤਕ ਨਹੀਂ ਦਿੱਤਾ। ਪਾਣੀ ਦੀ ਵੰਡ ਦੇ ਮੁੱਦੇ ਬਾਰੇ ਇਹ ਟ੍ਰਿਬਿਊਨਲ ਇਸ ਵਕਤ ਦੀ ਸਭ ਤੋਂ ਅਹਿਮ ਇਕੋ-ਇਕ ਕਾਨੂੰਨੀ ਦਸਤਾਵੇਜ਼ ਹੈ। ਹੁਣ ਤਕ ਇਸ ਉੱਪਰ 12 ਕਰੋੜ ਰੁਪਏ ਤੋਂ ਵੱਧ ਖ਼ਰਚ ਹੋ ਚੁੱਕਾ ਹੈ ਅਤੇ ਹੋਰ ਹੋ ਰਿਹਾ ਹੈ। ਹੈਰਾਨੀ ਹੈ ਕਿ ਇਹ ਟ੍ਰਿਬਿਊਨਲ ਨਾ ਤਾਂ ਆਖ਼ਰੀ ਰਿਪੋਰਟ ਦੇ ਰਿਹਾ ਹੈ ਅਤੇ ਨਾ ਇਸ ਟ੍ਰਿਬਿਊਨਲ ਨੂੰ ਭੰਗ ਕਰਨ ਦੀ ਮੰਗ ਕੀਤੀ ਜਾ ਰਹੀ ਹੈ! ਟ੍ਰਿਬਿਊਨਲ ਦਾ ਫ਼ੈਸਲਾ ਹੀ ਇਹ ਸਾਫ਼ ਕਰੇਗਾ ਕਿ ਪੰਜਾਬ ਅਤੇ ਹਰਿਆਣਾ ਦੇ ਹਿੱਸੇ ਕਿੰਨਾ ਪਾਣੀ ਆਉਂਦਾ ਹੈ। ਪਾਣੀ ਦੀ ਇਸੇ ਮਾਤਰਾ ਦੇ ਆਧਾਰ ’ਤੇ ਹੀ ਨਹਿਰ ਬਣਾਉਣ ਜਾਂ ਨਾ ਬਣਾਉਣ ਦੀ ਲੋੜ ਨਿਰਭਰ ਕਰਦੀ ਹੈ। ਸੋ, ਪਾਣੀ ਦੇ ਮਸਲੇ ਦੇ ਹੱਲ ਲਈ ਟ੍ਰਿਬਿਊਨਲ ਨੂੰ ਆਪਣਾ ਫ਼ੈਸਲਾ ਦੇਣਾ ਚਾਹੀਦਾ ਹੈ, ਯਮੁਨਾ ਦੇ ਪਾਣੀ ਵਿਚ ਪੰਜਾਬ ਦਾ ਹਿੱਸਾ ਮੰਨ ਲੈਣਾ ਚਾਹੀਦਾ ਹੈ, ਅਰਥਸ਼ਾਸਤਰੀ ਸੁੱਚਾ ਸਿੰਘ ਗਿੱਲ ਦੇ ਸੁਝਾਅ ਅਨੁਸਾਰ ਰਾਵੀ ਦੀਆਂ ਸਹਾਇਕ ਨਦੀਆਂ ਦਾ ਵਿਅਰਥ ਜਾ ਰਿਹਾ ਪਾਣੀ ਸਾਂਭਣ ਦਾ ਯਤਨ ਕਰਨਾ ਚਾਹੀਦਾ ਹੈ ਅਤੇ ਰਾਜਸਥਾਨ ਤੋਂ ਪਾਣੀ ਦੀ ਕੀਮਤ ਵਸੂਲਣ ਵਾਲੇ ਕੇਸ ਦੀ ਸੁਣਵਾਈ ਕੋਰਟ ਵਿਚ ਹੋ ਲੈਣ ਦੇਣੀ ਚਾਹੀਦੀ ਹੈ।

ਹਜ਼ਾਰਾ ਸਿੰਘ, ਮਿਸੀਸਾਗਾ (ਕੈਨੇਡਾ)


ਵਾਤਾਵਰਨ ਲਹਿਰ ਅਤੇ ਡਾ. ਚਰਨਜੀਤ ਸਿੰਘ ਨਾਭਾ

ਡਾਕਟਰ ਚਰਨਜੀਤ ਸਿੰਘ ਨਾਭਾ (60) ਦਾ ਇਸ ਦੁਨੀਆ ਤੋਂ ਅਚਨਚੇਤ ਚਲੇ ਜਾਣ ਦਾ ਪੰਜਾਬ ਵਿਚ ਹੌਲੀ ਹੌਲੀ ਉੱਭਰ ਰਹੀ ਵਾਤਾਵਰਨ ਲਹਿਰ ਨੂੰ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ। ਮੈਨੂੰ ਪੰਜਾਬ ਦੀ ਵਾਤਾਵਰਨ ਲਹਿਰ ਨਾਲ ਜੋੜਨ ਵਿਚ ਉਨ੍ਹਾਂ ਦਾ ਕੇਂਦਰੀ ਰੋਲ ਸੀ। ਉਨ੍ਹਾਂ 2009 ਵਿਚ ਪੰਜਾਬ ਸਰਕਾਰ ਦੇ ਮਨਾਏ ਜਾਂਦੇ ਸੰਸਾਰ ਵਾਤਾਵਰਨ ਦਿਵਸ ਦੀ ਕਾਨਫਰੰਸ ਵਿਚ ਮੈਨੂੰ ਵਿਸ਼ੇਸ਼ ਬੁਲਾਰੇ ਵਜੋਂ ਸੱਦਿਆ ਅਤੇ ਉਸ ਤੋਂ ਬਾਅਦ ਆਪ ਮੈਨੂੰ ਟਰੱਸਟ ਸੇਵਾ ਸਿੰਘ ਖਡੂਰ ਸਾਹਿਬ ਅਤੇ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਮਿਲਣ ਲਈ ਲੈ ਕੇ ਗਏ। ਪੰਜਾਬ ਨੂੰ ਵਾਤਾਵਰਨ ਤਬਾਹੀ ਤੋਂ ਬਚਾਉਣ ਲਈ ਇਕ ਪਾਸੇ ਪੂੰਜੀਵਾਦ ਦੇ ਵਾਤਾਵਰਨ ਨੂੰ ਤਬਾਹ ਕਰਨ ਦੇ ਰੋਲ ਨੂੰ ਸਮਝਣਾ ਜ਼ਰੂਰੀ ਸੀ, ਦੂਜੇ ਪਾਸੇ ਗੁਰਬਾਣੀ ਦੇ ਮਹਾਨ ਵਿਰਸੇ ਨੂੰ ਪੰਜਾਬ ਦੀ ਵਾਤਾਵਰਨ ਲਹਿਰ ਵਿਚ ਕੇਂਦਰੀ ਸਥਾਨ ਦੇਣਾ ਜ਼ਰੂਰੀ ਸੀ। ਇਸ ਕੇਂਦਰੀ ਨੁਕਤੇ ਨੂੰ ਸਮਝਣ ਵਾਲੇ ਪੰਜਾਬ ਦੇ ਚਿੰਤਕਾਂ ਵਿਚੋਂ ਚਰਨਜੀਤ ਸਿੰਘ ਨਾਭਾ ਮੋਹਰੀ ਸਨ। ਇਹ ਸਮਝ ਉਨ੍ਹਾਂ ਦੀਆਂ ਲਿਖਤਾਂ ਨੂੰ ਨਿਵੇਕਲੀ ਇਤਿਹਾਸਕ ਮਹੱਤਤਾ ਦਿੰਦੀ ਸੀ। ਇਸੇ ਸੋਚ ਤਹਿਤ ਹੀ ਉਨ੍ਹਾਂ ਆਪਣਾ ਪੀਐੱਚਡੀ (ਕੈਮਿਸਟਰੀ) ਥੀਸਸ ਪੰਜਾਬੀ ਵਿਚ ਲਿਖਿਆ। ਸਾਇੰਸ ਨੂੰ ਲੋਕਾਂ ਵਿਚ ਲਿਜਾਣ ਲਈ ਮਾਂ ਬੋਲੀ ਦਾ ਅਹਿਮ ਰੋਲ ਹੈ। ਪੰਜਾਬ ਦੇ ਆਰਥਿਕ, ਸਿਆਸੀ, ਸਮਾਜਿਕ ਤੇ ਵਾਤਾਵਰਨ ਭਵਿੱਖ ਲਈ ਜ਼ਰੂਰੀ ਹੈ ਕਿ ਸਾਇੰਸ, ਸਮਾਜਵਾਦ ਤੇ ਗੁਰਬਾਣੀ ਦੇ ਸੁਮੇਲ ਨੂੰ ਸਮਝਿਆ ਜਾਏ। ਡਾ. ਚਰਨਜੀਤ ਸਿੰਘ ਨਾਭਾ ਇਸ ਸੁਮੇਲ ਦੀ ਮਹੱਤਤਾ ਨੂੰ ਸਮਝਣ ਵਾਲਾ ਪੰਜਾਬੀ ਕੌਮ ਦਾ ਹੀਰਾ ਸੀ।

ਪ੍ਰੋ. ਪ੍ਰੀਤਮ ਸਿੰਘ, ਆਕਸਫੋਰਡ (ਯੂਕੇ)

ਡਾਕ ਐਤਵਾਰ ਦੀ

Jan 01, 2023

ਕਿਰਤ ਹੀ ਅਸਲੀ ਰਾਹ

ਐਤਵਾਰ, 25 ਦਸੰਬਰ ਦੇ ‘ਦਸਤਕ’ ਅੰਕ ਵਿਚ ਕਿਰਤੀ ਯੋਧੇ ਕੁਲਦੀਪ ਸਿੰਘ ਦਾ ਕਰੁਣਾਮਈ ਅਨੁਭੂਤੀ ਦੇ ਵਲਵਲੇ ਮਾਰਦਾ ਲੇਖ ‘ਜੀਊਣਾ ਏਸ ਰੰਗ ਦਾ ਅਸਾਂ ਕੀਤਾ ਮਨਜ਼ੂਰ’ ਪੜ੍ਹ ਕੇ ਲਗਭਗ 42 ਸਾਲ ਪੁਰਾਣੀ 1980 ਦੇ ਦੌਰ ਵਿੱਚ ਖ਼ਾਲਸਾ ਕਾਲਜ, ਅੰਮ੍ਰਿਤਸਰ ਦੇ ‘ਦਰਬਾਰ ਮੈਗਜ਼ੀਨ’ ਵਿੱਚ ਛਪੀ ਇਕ ਨਜ਼ਮ ‘ਸਾਡੀ ਧਾਰਮਿਕ ਤਸਵੀਰ’ ਪੜ੍ਹੀ ਯਾਦ ਆ ਗਈ। ਉਕਤ ਲੇਖ ਨੂੰ ਪੜ੍ਹ ਕੇ ਵੀ ਮਹਿਸੂਸ ਹੋਇਆ ਹੈ ਕਿ ਅਜੇ ਵੀ ਉਸ ਸੱਚ ਦੀ ਰਾਖੀ ਕਰਨ ਵਾਲੇ ਅਸਲੀ ਸਿੱਖ ਯੋਧੇ ਜਿਉਂਦੇ ਹਨ ਜਿਸ ਕਿਰਤ ਦੀ ਮਹਿਮਾ ਬਾਰੇ ਗੁਰੂ ਨਾਨਕ ਦੇਵ ਜੀ ਨੇ ਆਪ ਹੱਥੀਂ ਕਿਰਤ ਕਰ ਕੇ ਮਿਸਾਲ ਪੇਸ਼ ਕੀਤੀ ਸੀ। ਇਸ ਲੇਖ ਵਿੱਚ ਕੁਲਦੀਪ ਸਿੰਘ ਨੇ ਢੁਕਵੀਂ ਅਤੇ ਸਹਿਜ ਭਾਵ ਨਾਲ ਸਰਦੀ ਬਣਦੀ ਨਸੀਹਤ ਸਭ ਦੇ ਪੱਲੇ ਪਾਉਣ ਦੀ ਹਿੰਮਤ ਦਿਖਾਈ ਹੈ। ਕੁਲਦੀਪ ਸਿੰਘ ਨੇ ਆਪਣੇ ਪਿੰਡੇ ਉੱਪਰ ਹੰਢਾਈ 1984 ਦੀ ਤ੍ਰਾਸਦੀ ਦੇ ਸੱਚ ਨੂੰ ਸ਼ਾਮਿਲ ਕਰਕੇ ਇਸ ਲੇਖ ਵਿੱਚ ਹੋਰ ਵੀ ਜਾਨ ਭਰੀ ਹੈ। ਨਜਮ ਹੁਸੈਨ ਸੱਯਦ ਦੀ ਨਜ਼ਮ ਨਾਲ ਪੰਜਾਬੀਅਤ ਦੀ ਰੂਹ ਨੂੰ ਵੀ ਅਕੀਦਤ ਬਖ਼ਸ਼ੀ ਹੈ।

ਡਾ. ਪੰਨਾ ਲਾਲ ਮੁਸਤਫ਼ਾਬਾਦੀ ਅਤੇ ਕਸ਼ਮੀਰ ਘੇਸਲ਼, ਚੰਡੀਗੜ੍ਹ


ਮਨੁੱਖੀ ਦਿਮਾਗ਼ ਦੀ ਕਹਾਣੀ

ਐਤਵਾਰ, 18 ਦਸੰਬਰ ਨੂੰ ‘ਪੰਜਾਬੀ ਟ੍ਰਿਬਿਊਨ’ ਦੇ ਦਸਤਕ ਅੰਕ ਵਿੱਚ ਛਪਿਆ ਪ੍ਰੋਫੈਸਰ ਅਰਵਿੰਦ ਦਾ ਲੇਖ ‘ਮਨੁੱਖੀ ਦਿਮਾਗ਼ ਦੀ ਕਹਾਣੀ’ ਪੜ੍ਹਿਆ। ਉਸ ਵਿੱਚ ਦਰਜ਼ ‘ਰਲ਼ ਕੇ ਕੰਮ ਕਰਨ ਦੀ ਬਿਰਤੀ’ ਦੇ ਮਨੁੱਖੀ ਦਿਮਾਗ਼ ਅਤੇ ਸਮਾਜ ਦੇ ਵਿਕਾਸ ਵਿੱਚ ਭੂਮਿਕਾ ਵਾਲੀ ਵਿਗਿਆਨਕ ਖੋਜ ਬਾਰੇ ਉਨ੍ਹਾਂ ਵੱਲੋਂ ਲਏ ਨੋਟਸ ਸਾਡੇ ਸਭਨਾਂ ਦੇ ਬਹੁਤ ਕੰਮ ਦੇ ਹਨ। ਦਰੁਸਤ ਹੈ ਕਿ ਮੁਕਾਬਲੇਬਾਜ਼ੀ ਅਤੇ ਦੂਜੇ ਨੂੰ ਪਿੱਛੇ ਛੱਡ ਕੇ ਅੱਗੇ ਵਧਣ ਦੀ ਨਾਕਾਰਾਤਮਕ ਪ੍ਰੇਰਨਾ ਮਨੁੱਖੀ ਬਿਰਤੀ ਦੇ ਉਲਟ ਹੈ। ਇਹ ਬਿਰਤੀ ਸਾਡੇ ਸਕੂਲਾਂ ਅਤੇ ਹੋਰ ਵਿੱਦਿਅਕ ਸੰਸਥਾਵਾਂ ਦੇ ਮਾਹੌਲ ਨੂੰ ਉਨ੍ਹਾਂ ਦੀ ਲੀਹ ਤੋਂ ਪਰ੍ਹੇ ਹਟਾ ਰਹੀ ਹੈ। ਇਸ ਨਾਕਾਰਾਤਮਕ ਬਿਰਤੀ ਕਾਰਨ ਮਨੁੱਖੀ ਸਮਾਜ ਦੇ ਵਿਕਾਸ ਵਿੱਚ ਸਾਡੀਆਂ ਵਿੱਦਿਅਕ ਸੰਸਥਾਵਾਂ ਕੋਈ ਖ਼ਾਸ ਰੋਲ ਵੀ ਨਹੀਂ ਨਿਭਾ ਪਾ ਰਹੀਆਂ। ਇਸ ਤੋਂ ਉਲਟ ਇਹ ਕੁਝ ਆਰਥਿਕ ਅਤੇ ਸਿਆਸੀ ਧਿਰਾਂ ਦੇ ਮੁਨਾਫ਼ੇ ਅਤੇ ਸਾਮਰਾਜ ਦੇ ਸੰਕੀਰਨ ਉਦੇਸ਼ਾਂ ਦੀ ਪੂਰਤੀ ਦਾ ਜ਼ਰੀਆ ਬਣ ਰਹੀਆਂ ਹਨ। ਵਿੱਦਿਅਕ ਸੰਸਥਾਵਾਂ ਨੂੰ ਇਸ ਕੁਚੱਕਰ ਦੇ ਚੁੰਗਲ ਤੋਂ ਛੁਡਾਉਣ ਲਈ ਵਿਦਿਆਰਥੀਆਂ, ਅਧਿਆਪਕਾਂ ਅਤੇ ਗਿਆਨ ਵਿਗਿਆਨ ਦੇ ਖੋਜਾਰਥੀਆਂ ਨੂੰ ਰਲ-ਮਿਲਕੇ ਹੰਭਲਾ ਮਾਰਨਾ ਪਵੇਗਾ। ਮੇਰੀ ਜਾਚੇ ਇਹ ਸੰਦੇਸ਼ ਪ੍ਰੋਫੈਸਰ ਅਰਵਿੰਦ ਦੇ ਲੇਖ ਦੀਆਂ ਸਤਰਾਂ ਵਿੱਚ ਸਪਸ਼ਟ ਤੌਰ ਉੱਤੇ ਮਿਲ ਰਿਹਾ ਹੈ।

ਗੁਰਪ੍ਰੀਤ ਸਿੰਘ, ਮਾਨੂੰਪੁਰ (ਲੁਧਿਆਣਾ)