DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਡਾਕ ਐਤਵਾਰ ਦੀ

ਵਧੀਆ ਲੇਖ ਐਤਵਾਰ 17 ਅਗਸਤ ਦੇ ਅੰਕ ਵਿੱਚ ਗੁਰਦਰਸ਼ਨ ਸਿੰਘ ਬਾਹੀਆ ਦੇ ਲੇਖ ਰਾਹੀਂ ਰਾਜੀਵ ਲੌਂਗੋਵਾਲ ਸਮਝੌਤੇ ਦੀਆਂ ਕੁਝ ਲੁਕਵੀਆਂ ਪਰਤਾਂ ਦੀ ਜਾਣਕਾਰੀ ਮਿਲੀ। ਇਹ ਸਮਝੌਤਾ ਬਹੁਤ ਕਾਹਲੀ ਵਿੱਚ ਕੀਤਾ ਗਿਆ ਸੀ। ਦਰਅਸਲ, ਇਸ ਸਮਝੌਤੇ ਤੋਂ ਪਹਿਲਾਂ ਸਾਰੀ ਅਕਾਲੀ ਲੀਡਰਸ਼ਿਪ...

  • fb
  • twitter
  • whatsapp
  • whatsapp
Advertisement

ਵਧੀਆ ਲੇਖ

ਐਤਵਾਰ 17 ਅਗਸਤ ਦੇ ਅੰਕ ਵਿੱਚ ਗੁਰਦਰਸ਼ਨ ਸਿੰਘ ਬਾਹੀਆ ਦੇ ਲੇਖ ਰਾਹੀਂ ਰਾਜੀਵ ਲੌਂਗੋਵਾਲ ਸਮਝੌਤੇ ਦੀਆਂ ਕੁਝ ਲੁਕਵੀਆਂ ਪਰਤਾਂ ਦੀ ਜਾਣਕਾਰੀ ਮਿਲੀ। ਇਹ ਸਮਝੌਤਾ ਬਹੁਤ ਕਾਹਲੀ ਵਿੱਚ ਕੀਤਾ ਗਿਆ ਸੀ। ਦਰਅਸਲ, ਇਸ ਸਮਝੌਤੇ ਤੋਂ ਪਹਿਲਾਂ ਸਾਰੀ ਅਕਾਲੀ ਲੀਡਰਸ਼ਿਪ ਇਕਮਤ ਹੋਣੀ ਚਾਹੀਦੀ ਸੀ। ਅਕਾਲੀਆਂ ਵਿੱਚ ਆਪਸੀ ਮਤਭੇਦ ਹੋਣੇ ਕੋਈ ਨਵੀਂ ਗੱਲ ਨਹੀਂ ਹੈ। ਫਿਰ ਵੀ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮਤਭੇਦਾਂ ਦੇ ਬਾਵਜੂਦ ਅਕਾਲੀ ਦਲ ਦਾ ਸੰਘਰਸ਼ ਦੁਨੀਆ ਜਾਣਦੀ ਹੈ। ਕੇਂਦਰ ਨੇ ਆਜ਼ਾਦੀ ਪਿੱਛੋਂ ਕਦੇ ਵੀ ਅਕਾਲੀ ਦਲ ਨਾਲ ਦਿਲੀ ਸਾਂਝ ਨਹੀਂ ਪਾਈ। ਜੇਕਰ ਦੋਵੇਂ ਪਾਰਟੀਆਂ ਦੀ ਦਿਲੀ ਸਾਂਝ ਹੁੰਦੀ ਤਾਂ ਅੱਜ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕਿਆਂ ਸਮੇਤ ਪਾਣੀਆਂ ਦੇ ਮਸਲੇ ਨਾ ਖੜ੍ਹੇ ਹੁੰਦੇ। ਹੁਣ ਸਮੇਂ ਨਾਲ ਲੋਕ ਇਹ ਕੁਝ ਭੁੱਲਦੇ ਜਾ ਰਹੇ ਹਨ। ਜਸਬੀਰ ਭੁੱਲਰ ਦੀ ਕਿਤਾਬ ਭਾਲਣ ਦੀ ਗਾਥਾ ਬਹੁਤ ਦਿਲਚਸਪ ਬਿਰਤਾਂਤ ਹੈ ਪਰ ਧਨਵੰਤ ਕੌਰ ਦੀ ਅਨੁਵਾਦਿਤ ਕਹਾਣੀ ਲੰਮੀ ਵਧੇਰੇ ਹੈ। ਚਰਨਜੀਤ ਸਿੰਘ ਗੁਮਟਾਲਾ ਦਾ ਇਨਕਲਾਬੀ ਸ਼ਹੀਦ ਮਦਨ ਲਾਲ ਢੀਂਗਰਾ ਦੀ ਕੁਰਬਾਨੀ ਬਾਰੇ ਲੇਖ ਚੰਗਾ ਲੱਗਿਆ।

ਪ੍ਰਿੰ. ਗੁਰਮੀਤ ਸਿੰਘ ਫ਼ਾਜ਼ਿਲਕਾ, ਫ਼ਾਜ਼ਿਲਕਾ

Advertisement

ਮਾੜੇ ਆਗੂਆਂ ਤੋਂ ਸਾਵਧਾਨ

ਐਤਵਾਰ 3 ਅਗਸਤ ਦਾ ਅੰਕ ਫ਼ਲਸਤੀਨ ਦੇ ਦੁਖਾਂਤ ਨੂੰ ਸਮਰਪਿਤ ਸੀ। ਇਸ ਦੇ ਦੋ ਸਫ਼ਿਆਂ ਉੱਤੇ ਚਾਰ ਲੇਖ ਇਸ ਦੁਖਾਂਤ ਨਾਲ ਸਬੰਧਤ ਸਨ। ਖ਼ੂਨ ਖਰਾਬਾ ਕਰਾਉਣ ਵਾਲੇ ਨੇਤਾ ਕਿਵੇਂ ਲੋਕਾਂ ਦੇ ਦਰਦ ਨੂੰ ਘਟਾਉਣ ਦੀ ਬਜਾਏ ਲੋਕਾਂ ਦੇ ਖ਼ੂਨ ਦੀ ਹੋਲੀ ਖੇਡਦੇ ਹਨ, ਉਸ ਦੀ ਮਿਸਾਲ ਫ਼ਲਸਤੀਨ (ਹਮਾਸ) ਅਤੇ ਇਜ਼ਰਾਈਲ ਦੇ ਨੇਤਾ ਹਨ। ਹਮਾਸ ਨੇ 120 ਇਜ਼ਰਾਇਲੀ ਮਾਰੇ ਅਤੇ 251 ਬੰਧਕ ਬਣਾਏ ਪਰ ਖ਼ੁਦ 70,000 ਵੱਧ ਫ਼ਲਸਤੀਨੀ ਤਾਂ ਮਰਵਾ ਹੀ ਚੁੱਕੇ ਹਨ ਅਤੇ ਗਾਜ਼ਾ ਪੱਟੀ ਦੀ 20 ਲੱਖ ਦੀ ਆਬਾਦੀ ਪੇਟ ਦੀ ਭੁੱਖ ਮਿਟਾਉਣ ਲਈ ਵੀ ਤਰਸ ਰਹੀ ਹੈ। ਇਹ ਮਾੜੇ ਨੇਤਾਵਾਂ ਦੀ ਨਿਸ਼ਾਨੀ ਹੈ। ਇਸੇ ਤਰ੍ਹਾਂ ਹੱਸਦਾ ਵਸਦਾ ਯੂਕਰੇਨ ਨਾਟੋ ਦੇ ਧੱਕੇ ਚੜ੍ਹ ਕੇ ਜ਼ੇਲੈਂਸਕੀ ਨੇ ਬਰਬਾਦ ਕਰ ਦਿੱਤਾ ਹੈ। ਰੂਸ ਨਾਟੋ ਨੂੰ ਆਪਣੀਆਂ ਸਰਹੱਦਾਂ ਦੇ ਨੇੜੇ ਨਹੀਂ ਢੁੱਕਣ ਦੇਣਾ ਚਾਹੁੰਦਾ। ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਕੀ ਜ਼ੇਲੈਂਸਕੀ ਨਾਟੋ ਦਾ ਮੈਂਬਰ ਬਣਨ ਦੀ ਰਾਜਨੀਤੀ ਵਿੱਚ ਲਾਹੇ ਵਿੱਚ ਰਿਹੈ ਜਾਂ ਯੂਕਰੇਨੀ ਲੋਕਾਂ ਨੂੰ ਫਾਹੇ ਚਾੜ੍ਹ ਦਿੱਤਾ ਹੈ? ਸੰਯੁਕਤ ਰਾਸ਼ਟਰ ਸੰਘ ਤਰਸ ਦਾ ਪਾਤਰ ਬਣ ਕੇ ਰਹਿ ਗਿਆ ਹੈ। ਸੁਰੱਖਿਆ ਕੌਂਸਲ ਵਿੱਚ ਵੀਟੋ ਪਾਵਰ ਕਾਰਨ ਸਹਿਮਤੀ ਦੀ ਬਹੁ-ਸੰਮਤੀ ਨਾਲ ਫ਼ੈਸਲਾ ਨਹੀਂ ਲਿਆ ਜਾ ਸਕਦਾ।ਤੀਜੀ ਆਲਮੀ ਜੰਗ ਭਾਵੇਂ ਨਾ ਵੀ ਲੱਗੇ, ਪਰ ਦੁਨੀਆ ਵਿੱਚ ਕੁਝ ਖਿੱਤੇ ਜੰਗ ਦੀ ਅੱਗ ਵਿੱਚ ਝੁਲਸ ਹੀ ਰਹੇ ਹਨ। ਲੋਕਤੰਤਰ ਦਾ ਸੁਨੇਹਾ ਇਹ ਹੀ ਹੈ ਕਿ ਲੋਕਾਂ ਨੂੰ ਮਾੜੇ ਨੇਤਾ ਚੁਣਨ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।

Advertisement

ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ

ਭੁੱਖਮਰੀ ਨਾਲ ਵਿਲਕਦਾ ਬਚਪਨ

ਐਤਵਾਰ 3 ਅਗਸਤ ਦੇ ‘ਸੋਚ ਸੰਗਤ’ ਪੰਨੇ ’ਤੇ ਪ੍ਰਕਾਸ਼ਿਤ ਅਰਵਿੰਦਰ ਜੌਹਲ ਦਾ ਮਜ਼ਮੂਨ ‘ਸਿਆਸਤ ਦੀ ਬਿਸਾਤ ’ਤੇ ਭੁੱਖਮਰੀ ਦੇ ਮੋਹਰੇ’ ਗਾਜ਼ਾ ਵਿੱਚ ਭੁੱਖਮਰੀ ਦਾ ਸ਼ਿਕਾਰ ਹੋ ਕੇ ਪਿੰਜਰ ਹੋ ਰਹੇ ਬਚਪਨ ਦੀ ਤ੍ਰਾਸਦਿਕ ਹਾਲਤ ਨੂੰ ਬਿਆਨ ਕਰਦਾ ਹੈ। ਇਸ ਤੋਂ ਵੱਡੀ ਲਾਹਣਤ ਕੀ ਹੋ ਸਕਦੀ ਹੈ ਕਿ ਮਿਜ਼ਾਈਲਾਂ ਦਾ ਦੈਂਤ ਬੱਚਿਆਂ ਦੀਆਂ ਕਿਲਕਾਰੀਆਂ ਨੂੰ ਹਾਉਕੇ-ਹਾਵਿਆਂ ਵਿੱਚ ਤਬਦੀਲ ਕਰ ਰਿਹਾ ਹੈ। ਕੌਮਾਂਤਰੀ ਸਿਆਸਤ ਅਤੇ ਗੁੱਟਬੰਦੀਆਂ ਵਿੱਚ ਆਈ ਮਲੀਨਤਾ ਕਾਰਨ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਬਚਪਨ ਇਸ ਆਸ ਨਾਲ ਅੰਨ੍ਹੇ ਬੋਲੇ ਤੇ ਬੇਵੱਸ ਜਹਾਨ ਵੱਲ ਤੱਕ ਰਿਹਾ ਹੈ ਕਿ ਉਸ ਲਈ ਸਿਰ ’ਤੇ ਛੱਤ ਤੇ ਭੁੱਖੇ ਢਿੱਡ ਲਈ ਅੰਨ ਕਦੋਂ ਨਸੀਬ ਹੋਣਗੇ?

ਡਾ. ਦਰਸ਼ਨ ਸਿੰਘ ‘ਆਸ਼ਟ’, ਪਟਿਆਲਾ

ਬਣਦੀ ਭੂਮਿਕਾ ਨਿਭਾਈ

ਐਤਵਾਰ 3 ਅਗਸਤ ਦੇ ਐਤਵਾਰੀ ਅੰਕ ਵਿੱਚ ‘ਪੰਜਾਬੀ ਟ੍ਰਿਬਿਊਨ’ ਨੇ ਫ਼ਲਸਤੀਨ ਦੇ ਹਾਲਾਤ ’ਤੇ ਲਗਭਗ ਪੂਰਾ ਅੰਕ ਸਮਰਪਿਤ ਕਰਕੇ ਆਪਣੀ ਬਣਦੀ ਭੂਮਿਕਾ ਬਾਖ਼ੂਬੀ ਨਿਭਾਈ ਹੈ, ਜਿਸ ’ਚ ਵਿਸ਼ਵ ਭਾਈਚਾਰਾ ਨਾਕਾਮ ਰਿਹਾ ਹੈ। ਪ੍ਰੋ. ਝਾਅ, ਪ੍ਰੋ. ਸੁਖਦੇਵ ਸਿੰਘ ਤੇ ਜੌਹਲ ਹੁਰਾਂ ਦੇ ਲੇਖਾਂ ਦਾ ਸਮੁੱਚਾ ਵੇਰਵਾ ਰੂਹ ਕੰਬਾਊ ਤੇ ਦਿਲ ਦਹਿਲਾਉਣ ਵਾਲਾ ਸੀ। ਕੀ ਅਸੀਂ ਇਹੀ ਤਰੱਕੀ ਕੀਤੀ ਹੈ ਕਿ ਪੀੜਤਾਂ ਦਾ ਸਾਥ ਤਾਂ ਕੀ ਦੇਣਾ ਸੀ, ਅਸੀਂ ਮਨੁੱਖਤਾ ਦੇ ਹੱਕ ’ਚ ਹਾਅ ਦਾ ਨਾਅਰਾ ਵੀ ਨਹੀਂ ਮਾਰ ਸਕਦੇ? ਕੀ ਕੌਮਾਂਤਰੀ ਭਾਈਚਾਰਾ, ਭਾਈਚਾਰਾ ਅਖਵਾਉਣ ਦੇ ਕਾਬਲ ਹੈ? ਕਿੱਥੇ ਨੇ ਯੁੱਧ ਸਬੰਧੀ ਕਾਨੂੰਨ ਤੇ ਉਨ੍ਹਾਂ ਦੇ ਰਾਖੇ? ਰਾਹਤ ਸਮੱਗਰੀ ਨੂੰ ਤਰਸਦਿਆਂ ’ਤੇ ਗੋਲੀ ਚਲਾਉਣਾ ਕਿੱਥੋਂ ਦੀ ਇਨਸਾਨੀਅਤ ਹੈ ਤੇ ਕਿਹੜੀ ਬਹਾਦਰੀ? ਮਨੁੱਖ ਦਿਨੋਂ ਦਿਨ ਗਰਕ ਰਿਹਾ ਹੈ, ਮਨੁੱਖਤਾ ਲਹੂ-ਲੁਹਾਣ ਹੈ ਤੇ ਅਸੀਂ ਤਰੱਕੀਆਂ ਤੇ ਸਹੂਲਤਾਂ ਦੇ ਦਮਗਜ਼ੇ ਮਾਰਦੇ ਹਾਂ। ਪਰ ਕਿਹੜੇ ਮੂੰਹ ਨਾਲ? ਇਹ ਤਿੰਨੋਂ ਲੇਖ ਪੜ੍ਹ ਕੇ ਮਨ ਬਹੁਤ ਪ੍ਰੇਸ਼ਾਨ ਤੇ ਸ਼ਰਮਿੰਦਾ ਹੋਇਆ ਪਰ ਰਮੇਸ਼ ਕੁਮਾਰ ਦੇ ਲੇਖ ‘ਫ਼ਲਸਤੀਨੀ ਰੂਹ ਦੀ ਖੁਸ਼ਬੂ ਡਾ. ਹੈਨਨ’ ਨੇ ਤਪਦੇ ਦਿਲ ’ਤੇ ਠੰਢੇ ਪਾਣੀ ਦੇ ਛਿੱਟੇ ਮਾਰਨ ਦਾ ਕੰਮ ਕੀਤਾ। ਕਾਸ਼! ਸੰਗਦਿਲ ਕਾਰੋਬਾਰੀ ਤੇ ਅਖੌਤੀ ਲੀਡਰ ਵੀ ਸਮਝ ਸਕਣ ਕਿ ਸਾਹਿਤ, ਕਵਿਤਾ, ਮਨੁੱਖੀ ਹਮਦਰਦੀ ਤੇ ਭਾਈਚਾਰਾ ਕੀ ਚੀਜ਼ ਹੈ।

ਡਾ. ਕੁਲਵਿੰਦਰ ਸਿੰਘ ਸਰਾਂ, ਗੋਨਿਆਣਾ ਮੰਡੀ (ਬਠਿੰਡਾ)

ਸਿਆਸਤ ਅਤੇ ਭੁੱਖਮਰੀ

ਐਤਵਾਰ 3 ਅਗਸਤ ਨੂੰ ‘ਸੋਚ ਸੰਗਤ’ ਪੰਨੇ ’ਤੇ ਅਰਵਿੰਦਰ ਜੌਹਲ ਦੇ ਲੇਖ ‘ਸਿਆਸਤ ਦੀ ਬਿਸਾਤ ’ਤੇ ਭੁੱਖਮਰੀ ਦੇ ਮੋਹਰੇ’ ਵਿੱਚ ਇਜ਼ਰਾਈਲ ਵੱਲੋਂ ਕੀਤੀ ਫ਼ਲਸਤੀਨ ਦੀ ਤਬਾਹੀ ਦੀ ਤਸਵੀਰ ਪੇਸ਼ ਕੀਤੀ ਗਈ ਹੈ। ਜੰਗ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ 70,000 ਲੋਕ ਮਾਰੇ ਗਏ ਹਨ ਅਤੇ ਲੱਖਾਂ ਜ਼ਖ਼ਮੀ ਹੋਏ ਹਨ। ਬੇਗੁਨਾਹਾਂ ’ਤੇ ਬੰਬਾਰੀ ਕਰਨੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਲੋਕ ਬਿਮਾਰੀਆਂ ਅਤੇ ਭੁੱਖਮਰੀ ਦੇ ਸ਼ਿਕਾਰ ਹੋ ਰਹੇ ਹਨ। ਭੋਜਨ ਲੈਣ ਲਈ ਰਾਹਤ ਕੇਂਦਰਾਂ ’ਤੇ ਪੁੱਜੇ ਫ਼ਲਸਤੀਨੀਆਂ ’ਤੇ ਇਜ਼ਰਾਇਲੀ ਫ਼ੌਜੀ ਗੋਲੀਆਂ ਦਾ ਮੀਂਹ ਵਰ੍ਹਾ ਦਿੰਦੇ ਹਨ। ਅਮਰੀਕਾ ਵੱਲੋਂ ਇਜ਼ਰਾਈਲ ਦੀ ਹਥਿਆਰਾਂ ਨਾਲ ਅਤੇ ਆਰਥਿਕ ਮਦਦ ਕੀਤੀ ਜਾ ਰਹੀ ਹੈ। ਪ੍ਰੋ. (ਸੇਵਾਮੁਕਤ) ਸੁਖਦੇਵ ਸਿੰਘ ਦਾ ਲੇਖ ‘ਅਮਰੀਕਾ ਤੇ ਇਜ਼ਰਾਈਲ ਦੀ ਕਥਨੀ ਤੇ ਕਰਨੀ ਦਾ ਫ਼ਰਕ’ ਪੜ੍ਹਿਆ, ਜਾਣਕਾਰੀ ਭਰਪੂਰ ਸੀ। ਪ੍ਰੋ. ਮਨੋਜ ਕੁਮਾਰ ਝਾਅ ਨੇ ਵੀ ਆਪਣੇ ਲੇਖ ਵਿੱਚ ਭੁੱਖੇ ਮਰ ਰਹੇ ਗਾਜ਼ਾ ਨੂੰ ਦੇਖ ਕੇ ਸੰਸਾਰ ਦੀ ਚੁੱਪ ਉੱਤੇ ਸਵਾਲ ਉਠਾਇਆ ਹੈ ਕਿ ਇਸ ਸਮੱਸਿਆ ਨੂੰ ਹੱਲ ਕਿਉਂ ਨਹੀਂ ਕੀਤਾ ਜਾਂਦਾ ਅਤੇ ਸਾਰੇ ਦੇਸ਼ਾਂ ਦੇ ਆਗੂ ਅਮਰੀਕਾ ਅੱਗੇ ਗੋਡੇ ਕਿਉਂ ਟੇਕ ਰਹੇ ਹਨ? ਇਸੇ ਅੰਕ ਵਿੱਚ ਡਾ. ਰਮੇਸ਼ ਕੁਮਾਰ ਦਾ ਲੇਖ ‘ਫ਼ਲਸਤੀਨੀ ਰੂਹ ਦੀ ਖੁਸ਼ਬੂ ਡਾ. ਹੈਨਨ’ ਵੀ ਦਿਲਚਸਪ ਰਚਨਾ ਸੀ। ਸਾਰੀ ਦੁਨੀਆ ਦੇ ਮੁਲਕਾਂ ਅਤੇ ਯੂ.ਐੱਨ.ਓ. ਆਦਿ ਸੰਸਥਾਵਾਂ ਨੂੰ ਫ਼ਲਸਤੀਨ ਦੇ ਲੋਕਾਂ ਲਈ ਆਵਾਜ਼ ਉਠਾਉਣੀ ਚਾਹੀਦੀ ਹੈ। ਜੰਗ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ।

ਗੋਵਿੰਦਰ ਸਿੰਘ ਜੱਸਲ, ਸੰਗਰੂਰ

Advertisement
×