ਟਰੰਪ ਵੱਲੋਂ ਸਟੀਲ ਤੇ ਐਲੂਮੀਨੀਅਮ ਦੀ ਦਰਾਮਦ ’ਤੇ 25 ਫ਼ੀਸਦ ਟੈਕਸ
* ਪਲਾਸਟਿਕ ਸਟਰਾਅ ਦੀ ਵਰਤੋਂ ਸਬੰਧੀ ਹੁਕਮਾਂ ’ਤੇ ਦਸਤਖ਼ਤ
ਵਾਸ਼ਿੰਗਟਨ, 11 ਫਰਵਰੀ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਟੀਲ ਅਤੇ ਐਲੂਮੀਨੀਅਮ ਦੀ ਦਰਾਮਦ ’ਤੇ ਘੱਟੋ ਘੱਟ 25 ਫ਼ੀਸਦ ਟੈਕਸ ਲਗਾਉਣ ਦੇ ਹੁਕਮਾਂ ’ਤੇ ਦਸਤਖ਼ਤ ਕੀਤੇ ਹਨ। ਟਰੰਪ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਵੀ 2018 ’ਚ ਟੈਕਸ ਲਗਾਇਆ ਸੀ ਪਰ ਐਤਕੀਂ ਟੈਕਸ 10 ਫ਼ੀਸਦ ਤੋਂ ਵਧਾ ਕੇ 25 ਫ਼ੀਸਦ ਕਰ ਦਿੱਤਾ ਗਿਆ ਹੈ। ਟਰੰਪ ਨੇ ਆਪਣੇ ਪਹਿਲੇ ਕਾਰਜਕਾਲ ਦੇ ਹੁਕਮਾਂ ਨੂੰ ਬਦਲ ਦਿੱਤਾ ਅਤੇ ਇਹ ਟੈਕਸ 4 ਮਾਰਚ ਤੋਂ ਲਾਗੂ ਹੋਣਗੇ। ਟਰੰਪ ਨੇ ਕਿਹਾ, ‘ਸਾਨੂੰ ਦੋਸਤਾਂ ਅਤੇ ਦੁਸ਼ਮਣਾਂ ਵੱਲੋਂ ਇਕੱਠਿਆਂ ਨਪੀੜਿਆ ਜਾ ਰਿਹਾ ਸੀ। ਇਹ ਸਮਾਂ ਸਾਡੀਆਂ ਵੱਡੀਆਂ ਸਨਅਤਾਂ ਨੂੰ ਅਮਰੀਕਾ ਵਾਪਸ ਲਿਆਉਣ ਦਾ ਹੈ।’’ ਟਰੰਪ ਨੇ ਕਿਹਾ ਕਿ ਟੈਕਸਾਂ ’ਚ ਵਾਧੇ ਨਾਲ ਘਰੇਲੂ ਉਤਪਾਦਨ ’ਚ ਮਜ਼ਬੂਤੀ ਆਵੇਗੀ। ਪਰ ਸਟੀਲ ਦਰਾਮਦ ’ਤੇ ਟੈਕਸ ਨਾਲ ਉਸ ਦੇ ਭਾਈਵਾਲਾਂ ਕੈਨੇਡਾ, ਬ੍ਰਾਜ਼ੀਲ, ਮੈਕਸਿਕੋ ਅਤੇ ਦੱਖਣੀ ਕੋਰੀਆ ਨੂੰ ਵੱਡੀ ਮਾਰ ਪਵੇਗੀ। ਕੈਨੇਡਾ ਨੇ ਸਟੀਲ ਅਤੇ ਐਲੂਮੀਨੀਅਮ ’ਤੇ ਟੈਕਸ ਲਾਉਣ ਦੀ ਆਲੋਚਨਾ ਕੀਤੀ ਹੈ। ਕੈਨੇਡੀਅਨ ਚੈਂਬਰ ਆਫ਼ ਕਾਮਰਸ ਦੇ ਪ੍ਰਧਾਨ ਅਤੇ ਸੀਈਓ ਕੈਨਡੇਸ ਲੈਂਗ ਨੇ ਕਿਹਾ ਕਿ ਟਰੰਪ ਆਲਮੀ ਅਰਥਚਾਰੇ ’ਚ ਅਸਥਿਰਤਾ ਪੈਦਾ ਕਰਨ ਵਾਲੀ ਤਾਕਤ ਹਨ। ਉਨ੍ਹਾਂ ਕਿਹਾ ਕਿ ਟੈਕਸਾਂ ’ਚ ਵਾਧੇ ਦਾ ਮਤਲਬ ਹੈ ਕਿ ਬੇਯਕੀਨੀ ਦਾ ਮਾਹੌਲ ਲਗਾਤਾਰ ਕਾਇਮ ਰਹੇਗਾ। ਇਸ ਦੌਰਾਨ ਨੇ ਕਾਗਜ਼ ਦੇ ਸਟਰਾਅ ਦੀ ਵਰਤੋਂ ’ਤੇ ਪਾਬੰਦੀ ਲਗਾਉਂਦਿਆਂ ਪਲਾਸਟਿਕ ਦੇ ਸਟਰਾਅ ਦੀ ਵਕਾਲਤ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਗਜ਼ ਦੇ ਸਟਰਾਅ ਟਿਕਾਊ ਨਹੀਂ ਹੁੰਦੇ ਹਨ। ਟਰੰਪ ਨੇ ਸੰਘੀ ਖ਼ਰੀਦ ਨੀਤੀਆਂ ਬਦਲਣ ਲਈ ਇਕ ਕਾਰਜਕਾਰੀ ਹੁਕਮ ’ਤੇ ਦਸਤਖ਼ਤ ਕੀਤੇ ਹਨ। ਹੁਣ ਸਰਕਾਰੀ ਏਜੰਸੀਆਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਦਫ਼ਤਰਾਂ ਅੰਦਰ ਕਾਗਜ਼ ਦੇ ਸਟਰਾਅ ਉਪਲੱਬਧ ਨਾ ਕਰਵਾਏ ਜਾਣ। -ਏਪੀ
ਯੂਰਪੀ ਯੂਨੀਅਨ ਵੱਲੋਂ ਜਵਾਬੀ ਟੈਕਸ ਲਗਾਉਣ ਦਾ ਅਹਿਦ
ਬ੍ਰਸੱਲਜ਼:
ਯੂਰਪੀਅਨ ਯੂਨੀਅਨ (ਈਯੂ) ਦੀ ਮੁਖੀ ਉਰਸੁਲਾ ਵੋਨ ਡੇਰ ਲੇਯੇਨ ਨੇ ਕਿਹਾ ਕਿ ਅਮਰੀਕਾ ਵੱਲੋਂ ਸਟੀਲ ਅਤੇ ਅਲੂਮੀਨੀਅਮ ’ਤੇ ਟੈਕਸ ਲਗਾਉਣ ਦਾ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ 27 ਮੈਂਬਰੀ ਈਯੂ ਵੱਲੋਂ ਸਖ਼ਤ ਜਵਾਬੀ ਕਦਮ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਈਯੂ ਆਪਣੇ ਆਰਥਿਕ ਹਿੱਤਾਂ ਦੀ ਰਾਖੀ ਲਈ ਕਾਰਵਾਈ ਕਰੇਗਾ। ਵੋਨ ਡੇਰ ਲੇਯੇਨ ਨੇ ਕਿਹਾ ਕਿ ਟੈਕਸ ਵਪਾਰ ਲਈ ਖ਼ਰਾਬ ਅਤੇ ਖਪਤਕਾਰਾਂ ਲਈ ਹੋਰ ਵੀ ਮਾੜੇ ਹਨ। ਜਰਮਨੀ ਦੇ ਚਾਂਸਲਰ ਓਲਾਫ਼ ਸ਼ੁਲਜ਼ ਨੇ ਸੰਸਦ ’ਚ ਕਿਹਾ ਕਿ ਜੇ ਅਮਰੀਕਾ ਟੈਕਸ ਲਗਾਉਂਦਾ ਰਿਹਾ ਤਾਂ ਮਜਬੂਰੀ ’ਚ ਯੂਰਪੀਅਨ ਯੂਨੀਅਨ ਨੂੰ ਵੀ ਰਲ ਕੇ ਪ੍ਰਤੀਕਰਮ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਵਪਾਰ ਜੰਗ ਹਮੇਸ਼ਾਂ ਦੋਵੇਂ ਧਿਰਾਂ ਦੀ ਖ਼ੁਸ਼ਹਾਲੀ ’ਤੇ ਅਸਰ ਪਾਉਂਦੀ ਹੈ। -ਏਪੀ
ਆਸਟਰੇਲੀਆ ਨੇ 25 ਫ਼ੀਸਦ ਟੈਕਸ ’ਤੇ ਇਤਰਾਜ਼ ਜਤਾਇਆ
ਸਿਡਨੀ (ਗੁਰਚਰਨ ਸਿੰਘ ਕਾਹਲੋਂ):
ਆਸਟਰੇਲੀਆ ਨੇ ਅਮਰੀਕਾ ਦੇ ਰਾਸ਼ਟਰਪਤੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਸਟੀਲ, ਐਲੂਮੀਨੀਅਮ, ਲੋਹੇ, ਇਸਪਾਤ ਦੀਆਂ ਦਰਾਮਦਾਂ ’ਤੇ ਲਾਏ 25 ਫ਼ੀਸਦ ਟੈਕਸ ’ਤੇ ਇਤਰਾਜ਼ ਜਤਾਇਆ ਹੈ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਇਸ ਸਬੰਧੀ ਟਰੰਪ ਨਾਲ ਫੋਨ ‘ਤੇ ਗੱਲ ਵੀ ਕੀਤੀ ਹੈ। ਆਸਟਰੇਲੀਆ ਨੇ ਸਾਲ 2023 ’ਚ 378 ਮਿਲੀਅਨ ਡਾਲਰ ਦਾ ਸਟੀਲ ਤੇ ਲੋਹਾ ਅਮਰੀਕਾ ਨੂੰ ਬਰਾਮਦ ਕੀਤਾ ਹੈ। ਹੁਣ ਅਮਰੀਕਾ ਵੱਲੋਂ ਟੈਕਸ ਲਾਉਣ ਦੇ ਫ਼ੈਸਲੇ ਨੂੰ ਆਸਟਰੇਲੀਆ ਦੇ ਆਰਥਿਕ ਮਾਹਿਰਾਂ ਨੇ ਮੁਲਕ ਦੀ ਸਨਅਤ ਲਈ ਖ਼ਤਰੇ ਦੀ ਘੰਟੀ ਦੱਸਿਆ ਹੈ। ਮਾਹਿਰਾਂ ਦੀ ਰਿਪੋਰਟ ਅਨੁਸਾਰ ਅਲਬਨੀਜ਼ ਨੇ ਆਸਟਰੇਲੀਆ ਨੂੰ ਟੈਕਸ ਤੋਂ ਛੋਟ ਦੇਣ ਲਈ ਅਮਰੀਕੀ ਸਦਰ ਨੂੰ ਗੁਜ਼ਾਰਿਸ਼ ਕੀਤੀ ਹੈ। ਅਲਬਨੀਜ਼ ਨੇ ਸੰਕੇਤ ਦਿੱਤਾ ਹੈ ਕਿ ਟਰੰਪ ਨਾਲ ਉਸਾਰੂ ਤੇ ਨਿੱਘੇ ਮਹੌਲ ’ਚ ਚਰਚਾ ਹੋਈ ਅਤੇ ਲੱਗੇ ਟੈਕਸ ’ਤੇ ਮੁੜ ਵਿਚਾਰ ਕਰਨ ਦਾ ਭਰੋਸਾ ਮਿਲਿਆ ਹੈ।
ਹਮਾਸ ਸ਼ਨਿਚਰਵਾਰ ਤੱਕ ਸਾਰੇ ਬੰਦੀ ਛੱਡੇ, ਟਰੰਪ ਨੇ ਦਿੱਤੀ ਚਿਤਾਵਨੀ
* ਅਮਰੀਕੀ ਰਾਸ਼ਟਰਪਤੀ ਨੇ ਇਜ਼ਰਾਈਲ ਨੂੰ ਜੰਗਬੰਦੀ ਸਮਝੌਤਾ ਰੱਦ ਕਰਨ ਲਈ ਕਿਹਾ
ਵਾਸ਼ਿੰਗਟਨ:
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਜੇ ਹਮਾਸ ਨੇ ਸ਼ਨਿਚਰਵਾਰ ਦੁਪਹਿਰ ਤੱਕ ਬਾਕੀ ਬਚੇ ਬੰਦੀਆਂ ਨੂੰ ਰਿਹਾਅ ਨਹੀਂ ਕੀਤਾ ਤਾਂ ਇਜ਼ਰਾਈਲ ਅਤੇ ਹਮਾਸ ਵਿਚਕਾਰ ਹੋਇਆ ਜੰਗਬੰਦੀ ਸਬੰਧੀ ਸਮਝੌਤਾ ਰੱਦ ਕਰ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਮਝੌਤਾ ਰੱਦ ਕਰਨ ਦਾ ਫ਼ੈਸਲਾ ਇਜ਼ਰਾਈਲ ਨੇ ਲੈਣਾ ਹੈ। ਹਮਾਸ ਵੱਲੋਂ ਇਜ਼ਰਾਈਲ ’ਤੇ ਗੋਲੀਬੰਦੀ ਦੀ ਉਲੰਘਣਾ ਦੇ ਦੋਸ਼ ਲਾਉਣ ਮਗਰੋਂ ਬੰਦੀਆਂ ਦੀ ਰਿਹਾਈ ’ਚ ਦੇਰੀ ਸਬੰਧੀ ਦਿੱਤੇ ਗਏ ਬਿਆਨ ਮਗਰੋਂ ਟਰੰਪ ਦਾ ਇਹ ਪ੍ਰਤੀਕਰਮ ਆਇਆ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਇਜ਼ਰਾਈਲ ਸ਼ਨਿਚਰਵਾਰ ਦੁਪਹਿਰ ਤੱਕ ਸਾਰੇ ਬੰਦੀਆਂ ਦੀ ਰਿਹਾਈ ਦੀ ਮੰਗ ਕਰੇ ਜਾਂ ਜੰਗ ਮੁੜ ਤੋਂ ਸ਼ੁਰੂ ਕਰੇ। ਟਰੰਪ ਨੇ ਕਿਹਾ ਕਿ ਜੇ ਹਮਾਸ ਨਹੀਂ ਮੰਨਦਾ ਹੈ ਤਾਂ ਉਸ ’ਤੇ ਭਾਰੀ ਆਫ਼ਤ ਆਵੇਗੀ। ਟਰੰਪ ਨੇ ‘ਫੌਕਸ ਨਿਊਜ਼’ ਨਾਲ ਇਕ ਇੰਟਰਵਿਊ ’ਚ ਕਿਹਾ ਹੈ ਕਿ ਫਲਸਤੀਨੀਆਂ ਨੂੰ ਗਾਜ਼ਾ ’ਚ ਪਰਤਣ ਦਾ ਕੋਈ ਹੱਕ ਨਹੀਂ ਹੈ। ਟਰੰਪ ਨੇ ਕਿਹਾ ਹੈ ਕਿ ਉਹ ਗਾਜ਼ਾ ਦੀ ਮੁੜ ਤੋਂ ਉਸਾਰੀ ਕਰਕੇ ਉਥੇ ਲੋਕਾਂ ਨੂੰ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕਰਨਗੇ। ਉਂਜ ਅਰਬ ਮੁਲਕਾਂ ਨੇ ਟਰੰਪ ਦੀ ਯੋਜਨਾ ਦੀ ਨਿਖੇਧੀ ਕੀਤੀ ਹੈ। ਉਧਰ ਨਵੇਂ ਘਟਨਾਕ੍ਰਮ ਤਹਿਤ ਇਜ਼ਰਾਇਲੀ ਸੈਨਾ ਨੇ ਮੁੜ ਤੋਂ ਗਾਜ਼ਾ ਦੀ ਘੇਰਾਬੰਦੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਫੌਜ ਨੂੰ ਕਿਹਾ ਹੈ ਕਿ ਉਹ ਗਾਜ਼ਾ ਵੱਲ ਜਾਣ ਲਈ ਤਿਆਰ ਰਹਿਣ। ਮੰਨਿਆ ਜਾ ਰਿਹਾ ਹੈ ਕਿ ਟਰੰਪ ਤੋਂ ਹੱਲਾਸ਼ੇਰੀ ਮਿਲਣ ਅਤੇ ਹਮਾਸ ਦੇ ਤਿੱਖੇ ਤੇਵਰ ਰਹਿਣ ਕਾਰਨ ਨੇਤਨਯਾਹੂ ਨੇ ਇਹ ਕਦਮ ਚੁੱਕਿਆ ਹੈ। -ਏਪੀ
ਹਮਾਸ ਨੇ ਟਰੰਪ ਦੀ ਧਮਕੀ ਨੂੰ ਅਣਗੌਲਿਆ ਕੀਤਾ
ਗਾਜ਼ਾ ਸਿਟੀ:
ਹਮਾਸ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਦਿੱਤੀ ਗਈ ਧਮਕੀ ਨੂੰ ਅਣਗੌਲਿਆ ਕਰਦਿਆਂ ਕਿਹਾ ਹੈ ਕਿ ਜੇ ਸਾਰੀਆਂ ਧਿਰਾਂ ਜੰਗਬੰਦੀ ਦੇ ਸਮਝੌਤੇ ਪ੍ਰਤੀ ਵਚਨਬੱਧ ਰਹਿਣਗੀਆਂ ਤਾਂ ਉਹ ਦਰਜਨਾਂ ਬੰਦੀਆਂ ਨੂੰ ਛੱਡ ਦੇਵੇਗਾ। ਹਮਾਸ ਦੇ ਤਰਜਮਾਨ ਸਾਮੀ ਅਬੂ ਜ਼ੂਹਰੀ ਨੇ ਕਿਹਾ, ‘‘ਟਰੰਪ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਇਹ ਉਹ ਸਮਝੌਤਾ ਹੈ ਜਿਸ ਦਾ ਦੋਵੇਂ ਧਿਰਾਂ ਨੂੰ ਸਤਿਕਾਰ ਕਰਨਾ ਚਾਹੀਦਾ ਹੈ। ਧਮਕੀਆਂ ਦੇਣ ਨਾਲ ਮਾਮਲਾ ਹੋਰ ਗੁੰਝਲਦਾਰ ਹੋਵੇਗਾ।’’ ਇਸ ਦੌਰਾਨ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕਿਹਾ ਕਿ ਜੇ ਮੁੜ ਤੋਂ ਹਮਾਸ ਅਤੇ ਇਜ਼ਰਾਈਲ ਵਿਚਕਾਰ ਜੰਗ ਹੋਈ ਤਾਂ ਇਸ ਨਾਲ ਭਾਰੀ ਨੁਕਸਾਨ ਹੋਵੇਗਾ। ਉਨ੍ਹਾਂ ਹਮਾਸ ਨੂੰ ਇਜ਼ਰਾਇਲੀ ਬੰਦੀਆਂ ਨੂੰ ਤੁਰੰਤ ਰਿਹਾਅ ਕਰਨ ਦੀ ਅਪੀਲ ਕੀਤੀ ਹੈ। ਉਧਰ ਇਜ਼ਰਾਇਲੀ ਫੌਜ ਨੇ ਕਿਹਾ ਕਿ ਸਭ ਤੋਂ ਬਜ਼ੁਰਗ ਬੰਦੀ ਸ਼ਲੋਮੋ ਮੰਤਜ਼ੁਰ ਦੀ 2023 ਦੇ ਹਮਲੇ ਦੌਰਾਨ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਲਾਸ਼ ਗਾਜ਼ਾ ’ਚ ਹੈ। -ਏਪੀ