ਬੈੱਲਗਰੇਡ, 3 ਜੁਲਾਈ
ਸਰਬੀਆ ਦੀ ਪੁਲੀਸ ਨੇ ਰਾਸ਼ਟਰਪਤੀ ਅਲੈਕਜ਼ੈਂਦਰ ਵੁਸਿਕ ਖ਼ਿਲਾਫ਼ ਰੋਸ ਜ਼ਾਹਿਰ ਕਰ ਰਹੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਸਮੇਤ 79 ਪ੍ਰਦਰਸ਼ਨਕਾਰੀਆਂ ਨੂੰ ਕਈ ਸ਼ਹਿਰਾਂ ਵਿੱਚ ਬੈਰੀਕੇਡ ਤੋੜਨ ਕਾਰਨ ਹਿਰਾਸਤ ਵਿੱਚ ਲਿਆ ਹੈ। ਅਧਿਕਾਰੀਆਂ ਨੇ ਬੁੱਧਵਾਰ ਦੇਰ ਰਾਤ ਅਤੇ ਵੀਰਵਾਰ ਸਵੇਰੇ ਰਾਜਧਾਨੀ ਬੈੱਲਗਰੇਡ, ਉੱਤਰੀ ਸ਼ਹਿਰ ਨੋਵੀ ਸੈਡ ਅਤੇ ਦੱਖਣੀ ਸ਼ਹਿਰਾਂ ਨਿਸ ਤੇ ਨੋਵੀ ਪਾਜ਼ਾਰ ਵਿੱਚ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ। ਹਾਲਾਂਕਿ, ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਪੁਲੀਸ ਤਸ਼ੱਦਦ ਅਤੇ ਬਲ ਦੀ ਵੱਧ ਵਰਤੋਂ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ। ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਪੁਲੀਸ ਨੇ ਕਈ ਸ਼ਾਂਤੀਪੂਰਨ ਪ੍ਰਦਰਸ਼ਨਕਾਰੀਆਂ ’ਤੇ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ। ਚਸ਼ਮਦੀਦਾਂ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਦੰਗਾ ਰੋਕੂ ਪੁਲੀਸ ਵੱਲੋਂ ਪ੍ਰਦਰਸ਼ਨਕਾਰੀਆਂ ਦੀ ਡੰਡਿਆਂ ਨਾਲ ਕੁੱਟਮਾਰ ਕੀਤੀ ਗਈ। ਉਨ੍ਹਾਂ ਕਿਹਾ ਕਿ ਚਾਰ ਵਿਦਿਆਰਥੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿਨ੍ਹਾਂ ਵਿੱਚੋਂ ਇੱਕ ਦੀ ਹੱਡੀ ਟੁੱਟ ਗਈ ਹੈ। ਗ੍ਰਹਿ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਝੜਪ ਦੌਰਾਨ ਚਾਰ ਅਧਿਕਾਰੀ ਜ਼ਖ਼ਮੀ ਹੋ ਗਏ ਅਤੇ ਇੱਕ ਪੁਲੀਸ ਵਾਹਨ ਨੁਕਸਾਨਿਆ ਗਿਆ ਹੈ। ਸਮੇਂ ਤੋਂ ਪਹਿਲਾਂ ਸੰਸਦੀ ਚੋਣਾਂ ਕਰਵਾਉਣ ਦੀ ਮੰਗ ਨੂੰ ਲੈ ਕੇ ਸ਼ਨਿਚਰਵਾਰ ਨੂੰ ਕੀਤੀ ਗਈ ਰੈਲੀ ਮਗਰੋਂ ਦੇਸ਼ ਵਿੱਚ ਤਣਾਅ ਵਧ ਗਿਆ ਹੈ। ਵੁਸਿਕ ਸਰਕਾਰ ਨੇ ਅੱਠ ਮਹੀਨਿਆਂ ਤੋਂ ਚੱਲ ਰਹੇ ਪ੍ਰਦਰਸ਼ਨਾਂ ਦੇ ਬਾਵਜੂਦ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਨਵੰਬਰ ਮਹੀਨੇ ਵਿੱਚ ਨੋਵੀ ਸੈਡ ਵਿੱਚ ਇੱਕ ਰੇਲਵੇ ਸਟੇਸ਼ਨ ਦੀ ਛੱਤ ਡਿਗਣ ਮਗਰੋਂ ਪ੍ਰਦਰਸ਼ਨ ਸ਼ੁਰੂ ਹੋਇਆ ਸੀ। ਇਸ ਘਟਨਾ ਵਿੱਚ 16 ਜਣਿਆਂ ਦੀ ਮੌਤ ਹੋ ਗਈ ਸੀ। -ਏਪੀ