DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰੂਸ ਵੱਲੋਂ ਯੂਕਰੇਨ ’ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਵਾਈ ਹਮਲਾ

ਤਾਜ਼ਾ ਹਮਲੇ ਨੇ ਤਿੰਨ ਸਾਲਾਂ ਤੋਂ ਚੱਲ ਰਹੀ ਜੰਗ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ’ਤੇ ਪਾਣੀ ਫੇਰਿਆ
  • fb
  • twitter
  • whatsapp
  • whatsapp
Advertisement

ਕੀਵ, 29 ਜੂਨ

ਰੂਸ ਨੇ ਲੰਘੀ ਰਾਤ ਯੂਕਰੇਨ ’ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਵਾਈ ਹਮਲਾ ਕੀਤਾ। ਇਸ ਹਮਲੇ ਨਾਲ ਤਿੰਨ ਸਾਲਾਂ ਤੋਂ ਚੱਲ ਰਹੀ ਜੰਗ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਦੀ ਸਫ਼ਲਤਾ ਦੀਆਂ ਆਸਾਂ ’ਤੇ ਪਾਣੀ ਫਿਰ ਗਿਆ ਹੈ। ਇਹ ਜਾਣਕਾਰੀ ਅੱਜ ਇੱਕ ਯੂਕਰੇਨੀ ਅਧਿਕਾਰੀ ਨੇ ਦਿੱਤੀ। ਯੂਕਰੇਨ ਦੀ ਹਵਾਈ ਫੌਜ ਨੇ ਦੱਸਿਆ ਕਿ ਰੂਸ ਨੇ ਯੂਕਰੇਨ ’ਤੇ ਕੁੱਲ 537 ਹਵਾਈ ਹਥਿਆਰ ਦਾਗੇ, ਜਿਨ੍ਹਾਂ ਵਿੱਚ 477 ਡਰੋਨ ਅਤੇ 60 ਮਿਜ਼ਾਈਲਾਂ ਸ਼ਾਮਲ ਸਨ। ਇਨ੍ਹਾਂ ਵਿੱਚੋਂ 249 ਨੂੰ ਡੇਗ ਦਿੱਤਾ ਗਿਆ ਜਦਿਕ 226 ਲਾਪਤਾ ਹੋ ਗਏ, ਜਿਨ੍ਹਾਂ ਨੂੰ ਸ਼ਾਇਦ ਇਲੈਕਟ੍ਰੌਨਿਕ ਢੰਗ ਨਾਲ ਜਾਮ ਕਰ ਦਿੱਤਾ ਗਿਆ।

Advertisement

ਯੂਕਰੇਨ ਦੀ ਹਵਾਈ ਫੌਜ ਦੇ ਸੰਚਾਰ ਮੁਖੀ ਯੂਰੀ ਇਗਨਾਟ ਨੇ ਦੱਸਿਆ ਕਿ ਇਹ ਹਮਲਾ ਫਰਵਰੀ 2022 ਵਿੱਚ ਰੂਸ ਦੇ ਹਮਲੇ ਦੀ ਸ਼ੁਰੂਆਤ ਤੋਂ ਬਾਅਦ ਦੇਸ਼ ’ਤੇ ਸਭ ਤੋਂ ਵੱਡਾ ਹਵਾਈ ਹਮਲਾ ਸੀ। ਇਸ ਵਿੱਚ ਡਰੋਨ ਅਤੇ ਵੱਖ-ਵੱਖ ਕਿਸਮਾਂ ਦੀਆਂ ਮਿਜ਼ਾਈਲਾਂ ਦੋਵਾਂ ਦਾ ਇਸਤੇਮਾਲ ਕੀਤਾ ਗਿਆ ਸੀ।

ਪੋਲੈਂਡ ਦੀ ਹਵਾਈ ਫ਼ੌਜ ਨੇ ਕਿਹਾ ਕਿ ਪੋਲੈਂਡ ਅਤੇ ਸਹਿਯੋਗੀ ਦੇਸ਼ਾਂ ਨੇ ਪੋਲਿਸ਼ ਹਵਾਈ ਖੇਤਰ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਜਹਾਜ਼ਾਂ ਨੂੰ ਉਡਾਇਆ। ਖਰਸੋਨ ਖੇਤਰ ਦੇ ਗਵਰਨਰ ਓਲੇਕਸੈਂਡਰ ਪ੍ਰੋਕੁਡਿਨ ਨੇ ਦੱਸਿਆ ਕਿ ਇੱਕ ਡਰੋਨ ਹਮਲੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਖਾਰਕੀਵ ਖੇਤਰ ਵਿੱਚ ਇੱਕ ਕਾਰ ’ਤੇ ਡਰੋਨ ਡਿੱਗਣ ਕਾਰਨ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ। ਖੇਤਰੀ ਗਵਰਨਰ ਇਗੋਰ ਤਾਬੁਰੇਤਸ ਅਨੁਸਾਰ, ਚੇਰਕਾਸੀ ਵਿੱਚ ਛੇ ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚ ਇੱਕ ਬੱਚਾ ਵੀ ਸ਼ਾਮਲ ਸੀ। ਪੱਛਮੀ ਲਵੀਵ ਖੇਤਰ ਵਿੱਚ, ਡਰੋਹੋਬੀਚ ਸ਼ਹਿਰ ਵਿੱਚ ਇੱਕ ਡਰੋਨ ਹਮਲੇ ਤੋਂ ਬਾਅਦ ਇੱਕ ਉਦਯੋਗਿਕ ਕੇਂਦਰ ਵਿੱਚ ਵੱਡੀ ਅੱਗ ਲੱਗ ਗਈ, ਜਿਸ ਨਾਲ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਬਿਜਲੀ ਵੀ ਕੱਟੀ ਗਈ। -ਏਪੀ

ਰੂਸ ਵੱਲੋਂ ਰਾਤੋ-ਰਾਤ ਤਿੰਨ ਯੂਕਰੇਨੀ ਡਰੋਨਾਂ ਨੂੰ ਡੇਗਣ ਦਾ ਦਾਅਵਾ

ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਸ ਨੇ ਰਾਤੋ-ਰਾਤ ਤਿੰਨ ਯੂਕਰੇਨੀ ਡਰੋਨਾਂ ਨੂੰ ਡੇਗ ਦਿੱਤਾ ਹੈ। ਖੇਤਰੀ ਗਵਰਨਰ ਅਲੈਗਜ਼ੈਂਡਰ ਬੋਗੋਮਾਜ਼ ਨੇ ਅੱਜ ਸਵੇਰੇ ਕਿਹਾ ਕਿ ਪੱਛਮੀ ਰੂਸ ਦੇ ਬਰਿਆਂਸਕ ਸ਼ਹਿਰ ’ਤੇ ਇੱਕ ਹੋਰ ਯੂਕਰੇਨੀ ਡਰੋਨ ਹਮਲੇ ਵਿੱਚ ਦੋ ਵਿਅਕਤੀ ਜ਼ਖ਼ਮੀ ਹੋਏ ਹਨ। ਉਨ੍ਹਾਂ ਅੱਗੇ ਕਿਹਾ ਕਿ ਖੇਤਰ ਵਿੱਚ ਸੱਤ ਯੂਕਰੇਨੀ ਡਰੋਨਾਂ ਨੂੰ ਡੇਗ ਦਿੱਤਾ ਗਿਆ ਹੈ। ਇਸ ਦੌਰਾਨ, ਰੂਸ ਨੇ ਦਾਅਵਾ ਕੀਤਾ ਕਿ ਉਸ ਨੇ ਅੰਸ਼ਕ ਤੌਰ ’ਤੇ ਰੂਸੀ ਕਬਜ਼ੇ ਵਾਲੇ ਦੋਨੇਤਸਕ ਖੇਤਰ ਵਿੱਚ ਨੋਵੋਯੂਕਰੇਨਕਾ ਪਿੰਡ ’ਤੇ ਕਬਜ਼ਾ ਕਰ ਲਿਆ ਗਿਆ ਹੈ। ਰੂਸੀ ਫੌਜਾਂ ਲਗਪਗ 1,000 ਕਿਲੋਮੀਟਰ ਦੀ ਫਰੰਟ ਲਾਈਨ ’ਤੇ ਕੁਝ ਥਾਵਾਂ ’ਤੇ ਹੌਲੀ-ਹੌਲੀ ਅੱਗੇ ਵਧ ਰਹੀਆਂ ਹਨ।

Advertisement
×