ਬਰਲਨਿ, 17 ਸਤੰਬਰ
ਜਰਮਨੀ ਦੇ ਸਟੱਟਗਾਰਟ ਸ਼ਹਿਰ ਵਿਚ ਹੋਏ ਇਕ ਸਭਿਆਚਾਰਕ ਇਕੱਠ (ਫੈਸਟੀਵਲ) ਮੌਕੇ ਹੋਈ ਗੜਬੜੀ ’ਚ 26 ਪੁਲੀਸ ਕਰਮੀਆਂ ਸਣੇ ਦਰਜਨਾਂ ਲੋਕ ਫੱਟੜ ਹੋ ਗਏ ਸਨ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ‘ਐਰੀਟ੍ਰੀਅਨ ਫੈਸਟੀਵਲ’ ਵਿਚ ਵਾਪਰੀ ਹੈ। ਵੇਰਵਿਆਂ ਮੁਤਾਬਕ ਸ਼ਨਿਚਰਵਾਰ ਨੂੰ ਫੈਸਟੀਵਲ ਵਾਲੀ ਥਾਂ ਕਰੀਬ 200 ਮੁਜ਼ਾਹਰਾਕਾਰੀ ਇਕੱਠੇ ਹੋ ਗਏ। ਉਨ੍ਹਾਂ ਮੌਕੇ ’ਤੇ ਮੌਜੂਦ ਪੁਲੀਸ ਅਧਿਕਾਰੀਆਂ ਤੇ ਹੋਰਨਾਂ ਵੱਲ ਪੱਥਰ, ਬੋਤਲਾਂ ਅਤੇ ਹੋਰ ਚੀਜ਼ਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਛੇ ਪੁਲੀਸ ਕਰਮੀਆਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ। ਪੁਲੀਸ ਮੁਤਾਬਕ ਦੋ ਮੁਜ਼ਾਹਰਾਕਾਰੀ ਵੀ ਜ਼ਖ਼ਮੀ ਹੋਏ ਹਨ। ਇਹ ਸਮਾਗਮ ਅਫਰੀਕੀ ਮੁਲਕ ਐਰੀਟ੍ਰੀਆ ਨਾਲ ਸਬੰਧਤ ਲੋਕਾਂ ਨੇ ਕਰਾਇਆ ਸੀ ਜੋ ਜਰਮਨੀ ਤੇ ਹੋਰਾਂ ਦੇਸ਼ਾਂ ਵਿਚ ਰਹਿ ਰਹੇ ਹਨ। ਟਕਰਾਅ ਸਰਕਾਰ ਪੱਖੀ ਤੇ ਸਰਕਾਰ ਵਿਰੋਧੀ ਧੜਿਆਂ ਵਿਚਾਲੇ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਜੁਲਾਈ ਵਿਚ ਵੀ ਇਸੇ ਤਰ੍ਹਾਂ ਦੇ ਇਕ ਸਭਿਆਚਾਰਕ ਇਕੱਠ ਵਿਚ ਗੜਬੜੀ ਹੋਈ ਸੀ ਜਿੱਥੇ 22 ਪੁਲੀਸ ਅਧਿਕਾਰੀ ਜ਼ਖ਼ਮੀ ਹੋਏ ਸਨ। -ਏਪੀ