ਬੰਗਲਾਦੇਸ਼: ਤਸਲੀਮਾ ਨਸਰੀਨ ਦੀਆਂ ਕਿਤਾਬਾਂ ਦੀ ਪ੍ਰਦਰਸ਼ਨੀ ਸਟਾਲ ’ਤੇ ਹਮਲਾ
ਢਾਕਾ, 12 ਫਰਵਰੀ
ਜਲਾਵਤਨ ਬੰਗਲਦੇਸ਼ੀ ਲੇਖਿਕਾ ਤਸਲੀਮਾ ਨਸਰੀਨ ਦੀਆਂ ਕਿਤਾਬਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਇੱਕ ਗਰੁੱਪ ਨੇ ਢਾਕਾ ’ਚ ਇੱਕ ਸਟਾਲ ’ਤੇ ਹਮਲਾ ਕਰ ਦਿੱਤਾ, ਜਿੱਥੇ ਲੇਖਿਕਾ ਦੀਆਂ ਕਿਤਾਬਾਂ ਦੀ ਪ੍ਰਦਰਸ਼ਨੀ ਲੱਗੀ ਹੋਈ। ਬੰਗਲਾਦੇਸ਼ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਇਸ ‘ਗੈਰ-ਅਨੁਸ਼ਾਸਨੀ ਵਿਹਾਰ’ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਨਿਆਂ ਦੇ ਘੇਰੇ ’ਚ ਲਿਆਦਾ ਜਾਵੇ। ਮੀਡੀਆਂ ਦੀ ਖ਼ਬਰ ’ਚ ਇਹ ਜਾਣਕਾਰੀ ਦਿੱਤੀ ਗਈ।
ਬੀਡੀਨਿਊਜ਼24 ਦੀ ਖ਼ਬਰ ਮੁਤਾਬਕ ਇਹ ਘਟਨਾ ਸੋਮਵਾਰ ਨੂੰ ਅਮਰ ਐਕੁਸ਼ੀ ਪੁਸਤਕ ਮੇਲੇ ’ਚ ਸਭਯਾਸਾਚੀ ਪ੍ਰੋਕੋਸ਼ਨੀ ਪ੍ਰਕਾਸ਼ਨ ਹਾਊਸ ਦੇ ਸਟਾਲ ’ਤੇ ਵਾਪਰੀ। ਖ਼ਬਰ ਮੁਤਾਬਕ ਮੇਲੇ ਦੇ 10ਵੇਂ ਦਿਨ ‘ਤੌਹੀਦੀ ਜਨਤਾ’ ਦੇ ਬੈਨਰ ਹੇਠ ਇੱਕ ਗਰੁੱਪ ਨੇ ਜਲਾਵਤਨ ਬੰਗਲਾਦੇਸ਼ ਲੇਖਿਕਾ ਤਸਲੀਮਾ ਨਸਰੀਨ ਦੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਦੇਖ ਕੇ ਸੁਹਰਾਵਾਰਦੀ ਉਦਯਾਨ ’ਚ ਸਭਯਾਸਾਚੀ ਪ੍ਰਕੋਸ਼ਨੀ ਦੇ ਸਟਾਲ ’ਤੇ ਹਮਲਾ ਕਰ ਦਿੱਤਾ। ਇਸ ਵਿੱਚ ਕਿਹਾ ਗਿਆ ਹੈ ਕਿ ਗਰੁੱਪ ਨੇ ਪ੍ਰਕਾਸ਼ਕ ਨੂੰ ਘੇਰ ਲਿਆ ਅਤੇ ਨਾਅਰੇਬਾਜ਼ੀ ਕੀਤੀ। ਇਸ ਮਗਰੋਂ ਪੁਲੀਸ ਨੇ ਦਖਲ ਦਿੱਤਾ ਅਤੇ ਸ਼ਾਂਤੀ ਬਹਾਲ ਕਰਨ ਪੁਲੀਸ ਸਭਯਾਸਾਚੀ ਦੇ ਪ੍ਰਕਾਸ਼ਕ ਸ਼ਤਾਬਦੀ ਵੋਬੋ ਨੂੰ ਆਪਣੇ ਕੰਟਰੋਲ ਰੂਮ ’ਚ ਲੈ ਗਈ। ਹਾਲਾਂਕਿ ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਪੁਲੀਸ ਕੰਟਰੋਲ ਰੂਮ ਨੂੰ ਘੇਰਾ ਪਾ ਲਿਆ, ਜਿਸ ਕਾਰਨ ਤਣਾਅ ਵਧ ਗਿਆ। ਦੂਜੇ ਪਾਸੇ ਬਾਂਗਲਾ ਅਕਾਦਮੀ ਵੱਲੋੋਂ ਪ੍ਰਕਾਸ਼ਨ ਸਮੂਹ ’ਤੇ ਹੋਏ ਹਮਲੇ ਤੇ ਅਰਾਜਕਤਾ ਦੀ ਜਾਂਚ ਲਈ ਸੱਤ ਮੈਂਬਰੀ ਕਮੇਟੀ ਬਣਾਈ ਗਈ ਹੈ, ਜੋ ਤਿੰਨ ਦਿਨਾਂ ’ਚ ਆਪਣੀ ਰਿਪੋਰਟ ਦੇਵੇਗੀ। -ਪੀਟੀਆਈ