ਕੀਵ, 23 ਜੂਨ
ਰੂਸ ਵੱਲੋਂ ਰਾਤ ਸਮੇਂ ਯੂਕਰੇਨ ’ਤੇ ਡਰੋਨਾਂ ਅਤੇ ਮਿਜ਼ਾਈਲਾਂ ਨਾਲ ਕੀਤੇ ਗਏ ਹਮਲਿਆਂ ’ਚ 10 ਆਮ ਨਾਗਰਿਕ ਮਾਰੇ ਗਏ। ਇਨ੍ਹਾਂ ’ਚੋਂ ਸੱਤ ਮੌਤਾਂ ਕੀਵ ’ਚ ਹੋਈਆਂ ਹਨ। ਯੂਕਰੇਨੀ ਹਵਾਈ ਸੈਨਾ ਨੇ ਕਿਹਾ ਕਿ ਰੂਸ ਨੇ ਬੀਤੀ ਰਾਤ 352 ਡਰੋਨ, 11 ਬੈਲਿਸਟਿਕ ਮਿਜ਼ਾਈਲਾਂ ਅਤੇ ਪੰਜ ਕਰੂਜ਼ ਮਿਜ਼ਾਈਲਾਂ ਦਾਗ਼ੀਆਂ। ਬਿਆਨ ’ਚ ਕਿਹਾ ਗਿਆ ਕਿ ਹਵਾਈ ਰੱਖਿਆ ਪ੍ਰਣਾਲੀ ਨੇ 339 ਡਰੋਨ ਹਵਾ ’ਚ ਫੁੰਡ ਦਿੱਤੇ ਜਾਂ ਉਨ੍ਹਾਂ ਨੂੰ ਜਾਮ ਕਰ ਦਿੱਤਾ। ਇਸੇ ਤਰ੍ਹਾਂ 15 ਮਿਜ਼ਾਈਲਾਂ ਨੂੰ ਨਿਸ਼ਾਨੇ ’ਤੇ ਪਹੁੰਚਣ ਤੋਂ ਪਹਿਲਾਂ ਹੀ ਫੁੰਡ ਦਿੱਤਾ ਗਿਆ। ਹਮਲਿਆਂ ਕਾਰਨ ਸਭ ਤੋਂ ਜ਼ਿਆਦਾ ਨੁਕਸਾਨ ਕੀਵ ਦੇ ਸ਼ੇਵਚੇਨਕਿਵਸਕੀ ਜ਼ਿਲ੍ਹੇ ’ਚ ਹੋਇਆ ਹੈ ਜਿਥੇ ਪੰਜ ਮੰਜ਼ਿਲਾ ਅਪਰਾਟਮੈਂਟ ਇਮਾਰਤ ਡਿੱਗ ਗਈ। ਕੀਵ ਦੇ ਮੇਅਰ ਵਿਤਾਲੀ ਕਲਿਸ਼ਚਕੋ ਨੇ ਕਿਹਾ ਕਿ ਜ਼ਿਲ੍ਹੇ ’ਚ ਛੇ ਵਿਅਕਤੀ ਮਾਰੇ ਗਏ ਅਤੇ 10 ਹੋਰ ਵਿਅਕਤੀਆਂ ਨੂੰ ਇਕ ਉੱਚੀ ਇਮਾਰਤ ’ਚੋਂ ਬਚਾਇਆ ਗਿਆ ਜਿਸ ਨੂੰ ਧਮਾਕੇ ਕਾਰਨ ਭਾਰੀ ਨੁਕਸਾਨ ਹੋਇਆ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਮੁੱਢਲੇ ਡੇਟਾ ਤੋਂ ਸੰਕੇਤ ਮਿਲਦਾ ਹੈ ਕਿ ਰੂਸੀ ਫੌਜ ਨੇ ਕੀਵ ’ਚ ਉੱਤਰੀ ਕੋਰੀਆ ਦੀਆਂ ਮਿਜ਼ਾਈਲਾਂ ਦੀ ਵਰਤੋਂ ਕੀਤੀ। ਉਨ੍ਹਾਂ ਰੂਸ, ਉੱਤਰੀ ਕੋਰੀਆ ਅਤੇ ਇਰਾਨ ਨੂੰ ‘ਕਾਤਲਾਂ ਦਾ ਗੱਠਜੋੜ’ ਕਰਾਰ ਦਿੱਤਾ ਅਤੇ ਚਿਤਾਵਨੀ ਦਿੱਤੀ ਕਿ ਜੇ ਇਹ ਗੱਠਜੋੜ ਜਾਰੀ ਰਿਹਾ ਤਾਂ ਦਹਿਸ਼ਤ ਫੈਲਣ ਦੀ ਸੰਭਾਵਨਾ ਹੈ। -ਏਪੀ