ਮਹਿਬੂਬਾ ਵੱਲੋਂ ਕਸ਼ਮੀਰੀ ਪੰਡਤਾਂ ਦੀ ਸਨਮਾਨਜਨਕ ਵਾਪਸੀ ਦੀ ਮੰਗ
ਸ੍ਰੀਨਗਰ, 2 ਜੂਨ
ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਦੀ ਮੁਖੀ ਮਹਿਬੂਬਾ ਮੁਫਤੀ ਨੇ ਕਸ਼ਮੀਰੀ ਪੰਡਤਾਂ ਦੀ ਸਨਮਾਨਜਨਕ ਵਾਪਸੀ ਤੇ ਮੁੜ ਵਸੇਬੇ ਦੀ ਮੰਗ ਕਰਦਿਆਂ ਕਿਹਾ ਕਿ ਇਸ ਫ਼ਿਰਕੇ ਦੀ ਵਾਪਸੀ ਨੂੰ ਮਹਿਜ਼ ਰਸਮੀ ਵਾਪਸੀ ਦੇ ਰੂਪ ’ਚ ਨਹੀਂ ਦੇਖਿਆ ਜਾਣਾ ਚਾਹੀਦਾ ਬਲਕਿ ਇਸ ਨੂੰ ਜੰਮੂ ਕਸ਼ਮੀਰ ਦੇ ਸਾਂਝੇ ਤੇ ਚੰਗੇ ਭਵਿੱਖ ਦੇ ਰੂਪ ’ਚ ਦੇਖਿਆ ਜਾਣਾ ਚਾਹੀਦਾ ਹੈ। ਸਾਬਕਾ ਮੁੱਖ ਮੰਤਰੀ ਨੇ ਰਾਜ ਭਵਨ ਵਿੱਚ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨਾਲ ਮੁਲਾਕਾਤ ਕੀਤੀ ਤੇ ਇਸ ਮੁੱਦੇ ’ਤੇ ਅਰਥਪੂਰਨ ਤਰੱਕੀ ਲਈ ਵਿਸ਼ੇਸ਼ ਤੇ ਪੜਾਅਬੱਧ ਰੋਡਮੈਪ ਸੌਂਪਿਆ। ਉਨ੍ਹਾਂ ਕਿਹਾ ਕਿ ਯੂਟੀ ਵਿਚ ਹਰ ਪਾਰਟੀ ਨੇ ਕਸ਼ਮੀਰੀ ਪੰਡਤਾਂ ਦੀ ਵਾਪਸੀ ਦੇ ਵਿਚਾਰ ਦਾ ਸਮਰਥਨ ਕੀਤਾ ਹੈ।
ਉਨ੍ਹਾਂ ਉਪ ਰਾਜਪਾਲ ਨੂੰ ਸੌਂਪੇ ਪੱਤਰ ’ਚ ਕਿਹਾ,‘ਮੈਂ ਤੁਹਾਡੇ ਦਫ਼ਤਰ ਨੂੰ ਇਸ ਫ਼ਿਰਕੇ ਦੇ ਨੁਮਾਇੰਦਿਆਂ, ਸਿਵਲ ਸੁਸਾਇਟੀ, ਸਥਾਨਕ ਆਗੂਆਂ ਤੇ ਸਬੰਧਤ ਪ੍ਰਸ਼ਾਸਨਕ ਏਜੰਸੀਆਂ ਨੂੰ ਸੰਵਾਦ ਆਧਾਰਤ ਪ੍ਰਕਿਰਿਆ ਸ਼ੁਰੂ ਕਰਨ ਦੀ ਬੇਨਤੀ ਕਰਦੀ ਹਾਂ। ਉਨ੍ਹਾਂ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਮੁੜ ਵਸੇਬਾ ਪੈਕੇਜ ਦੀਆਂ ਵਿਵਸਥਾਵਾਂ ’ਚ ਸੋਧ ਤੇ ਇਨ੍ਹਾਂ ਨੂੰ ਮਜ਼ਬੂਤ ਬਣਾਉਣ ਦੀ ਮੰਗ ਕੀਤੀ ਤਾਂ ਜੋ ਕਸ਼ਮੀਰੀ ਪੰਡਤ ਕਰਮਚਾਰੀਆਂ ਦੇ ਸੁਰੱਖਿਅਤ ਤਬਾਦਲੇ ਲਈ ਸਪੱਸ਼ਟ ਤੇ ਲਾਗੂ ਕਰਨ ਯੋਗ ਪ੍ਰਬੰਧ ਸ਼ਾਮਲ ਕੀਤਾ ਜਾ ਸਕੇ।
ਬਾਅਦ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀਡੀਪੀ ਮੁਖੀ ਮੁਫਤੀ ਨੇ ਕਿਹਾ ਕਿ ਕਸ਼ਮੀਰੀ ਪੰਡਤਾਂ ਬਿਨਾਂ ਕੋਈ ਵੀ ਰਾਜਨੀਤਕ ਪ੍ਰਕਿਰਿਆ ਪੂਰੀ ਨਹੀਂ ਹੁੰਦੀ। ਉਨ੍ਹਾਂ ਉਪ ਰਾਜਪਾਲ ਨਾਲ ਅਮਰਨਾਥ ਯਾਤਰਾ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਉਪ ਰਾਜਪਾਲ ਨਾਲ ਈਦ ਮੌਕੇ ਉਨ੍ਹਾਂ ਰਾਜਨੀਤਕ ਕੈਦੀਆਂ ਦੀ ਰਿਹਾਈ ਬਾਰੇ ਵੀ ਚਰਚਾ ਕੀਤੀ, ਜਿਨ੍ਹਾਂ ’ਤੇ ਗੰਭੀਰ ਦੋਸ਼ ਨਹੀਂ ਹਨ।
ਕਸ਼ਮੀਰੀ ਪੰਡਤਾਂ ਨੂੰ ਸਬੰਧਤ ਜ਼ਿਲ੍ਹੇ ਵਿੱਚ ਜ਼ਮੀਨ ਦੇਣ ਦੀ ਵਕਾਲਤ
ਸਾਬਕਾ ਮੁੱਖ ਮੰਤਰੀ ਨੇ ਮਹਿਬੂਬਾ ਮੁਫਤੀ ਨੇ ਕਿਹਾ ਕਿ ਵਾਪਸੀ ਦੀ ਇੱਛਾ ਰੱਖਣ ਵਾਲੇ ਹਰ ਕਸ਼ਮੀਰੀ ਪੰਡਤ ਪਰਿਵਾਰ ਨੂੰ ਉਨ੍ਹਾਂ ਦੇ ਆਪਣੇ ਜ਼ਿਲ੍ਹੇ ਵਿੱਚ ਅੱਧਾ ਕਨਾਲ (ਇੱਕ ਕਨਾਲ-505.87 ਵਰਗ ਮੀਟਰ) ਸਰਕਾਰੀ ਜ਼ਮੀਨ ਵੰਡੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਪਰਿਵਾਰਾਂ ਦੇ ਘਰ ਹੁਣ ਵੀ ਮੌਜੂਦ ਹਨ ਪਰ ਬਹੁਤ ਮਾੜੀ ਜਾਂ ਘੱਟ-ਮਾੜੀ ਹਾਲਤ ’ਚ ਹਨ, ਉਨ੍ਹਾਂ ਨੂੰ ਮੁਰੰਮਤ ਤੇ ਆਧੁਨਿਕੀਕਰਨ ਲਈ ਵਿੱਤੀ ਗਰਾਂਟ ਜਾਂ ਵਿਆਜ਼ ਮੁਕਤ ਕਰਜ਼ਾ ਦਿੱਤਾ ਜਾਵੇ। ਉਨ੍ਹਾਂ ਇਸ ਫ਼ਿਰਕੇ ਲਈ ਦੋ ਵਿਧਾਨ ਸਭਾ ਸੀਟਾਂ ਰਾਖਵੀਆਂ ਰੱਖਣ ਦੀ ਵੀ ਮੰਗ ਕੀਤੀ ਹੈ। -ਪੀਟੀਆਈ