ਜੇਈਈ-ਐਡਵਾਂਸਡ: ਆਈਆਈਟੀ ਦਾਖਲਾ ਪ੍ਰੀਖਿਆ ’ਚ ਰਜਿਤ ਗੁਪਤਾ ਅੱਵਲ
ਨਵੀਂ ਦਿੱਲੀ: ਦਿੱਲੀ ਜ਼ੋਨ ਦੇ ਰਜਿਤ ਗੁਪਤਾ ਨੇ ਆਈਆਈਟੀ ਦਾਖਲਾ ਪ੍ਰੀਖਿਆ ਜੇਈਈ ਐਡਵਾਂਸਡ ’ਚ ਪਹਿਲਾ ਰੈਂਕ ਹਾਸਲ ਕੀਤਾ ਹੈ। ਇਸ ਪ੍ਰੀਖਿਆ ਦੇ ਨਤੀਜੇ ਅੱਜ ਐਲਾਨੇ ਗਏ ਹਨ। ਇਸ ਵਾਰ ਸਾਂਝੀ ਦਾਖਲਾ ਪ੍ਰੀਖਿਆ (ਜੇਈਈ)-ਐਡਵਾਂਸਡ ਲੈਣ ਵਾਲੀ ਸੰਸਥਾ ਆਈਆਈਟੀ ਕਾਨਪੁਰ ਦੇ ਅਧਿਕਾਰੀਆਂ ਅਨੁਸਾਰ 18 ਮਈ ਨੂੰ ਕਰਵਾਈ ਗਈ ਜੇਈਈ (ਐਡਵਾਂਸਡ) ਪ੍ਰੀਖਿਆ ’ਚ ਪੇਪਰ ਇੱਕ ਤੇ ਦੋ ਦੋਵਾਂ ’ਚ ਕੁੱਲ 1,80,422 ਪ੍ਰੀਖਿਆਰਥੀ ਸ਼ਾਮਲ ਹੋਏ ਸਨ। ਉਨ੍ਹਾਂ ਕਿਹਾ, ‘ਪ੍ਰੀਖਿਆ ’ਚ 54,378 ਪ੍ਰੀਖਿਆਰਥੀ ਪਾਸ ਹੋਏ ਹਨ। ਕੁੱਲ ਪਾਸ ਪ੍ਰੀਖਿਆਰਥੀਆਂ ’ਚੋਂ 9404 ਵਿਦਿਆਰਥਣਾਂ ਹਨ।’ ਕੋਟਾ ਵਾਸੀ ਰਜਿਤ ਗੁਪਤਾ ਨੇ 360 ’ਚੋਂ 332 ਅੰਕ ਹਾਸਲ ਕਰਕੇ ਕਾਮਨ ਰੈਂਕ ਲਿਸਟ (ਸੀਆਰਐੱਲ) ’ਚ ਸਿਖਰਲਾ ਸਥਾਨ ਹਾਸਲ ਕੀਤਾ ਹੈ। ਆਈਆਈਟੀ ਖੜਗਪੁਰ ਜ਼ੋਨ ਦੀ ਦੇਵਦੱਤਾ ਮਾਝੀ ਸਿਖਰਲਾ ਰੈਂਕ ਹਾਸਲ ਕਰਨ ਵਾਲੀ ਮਹਿਲਾ ਪ੍ਰੀਖਿਆਰਥੀ ਹੈ। ਉਸ ਨੇ 360 ’ਚੋਂ 312 ਅੰਕ ਤੇ ਸੀਆਰਐੱਲ ’ਚ 16ਵਾਂ ਸਥਾਨ ਹਾਸਲ ਕੀਤਾ ਹੈ। ਇਸ ਪ੍ਰੀਖਿਆ ’ਚ 116 ਵਿਦੇਸ਼ੀ ਪ੍ਰੀਖਿਆਰਥੀਆਂ ਨੇ ਵੀ ਹਿੱਸਾ ਲਿਆ ਜਿਨ੍ਹਾਂ ’ਚੋਂ 13 ਪਾਸ ਹੋਏ ਹਨ। -ਪੀਟੀਆਈ