ਗਿੱਦੜਬਾਹਾ: 11 ਅਤੇ 34 ਸਾਲਾ ਲੜਕੀਆਂ ‘ਚਿੱਟੇ’ ਦੀ ਲਪੇਟ ’ਚ; ਕਪੂਰਥਲਾ ਨਸ਼ਾ ਛੁਡਾਊ ਕੇਂਦਰ ਭੇਜੀਆਂ
ਅਰਚਿਤ ਵਾਟਸ
ਮੁਕਤਸਰ, 20 ਮਈ
ਸੂਬੇ ਵਿਚ ਨੌਜਵਾਨਾਂ ਤੋਂ ਬਾਅਦ ਹੁਣ ਮੁਟਿਆਰਾਂ ਵਿਚ ਨਸ਼ੇ ਦਾ ਰੁਝਾਨ ਵਧਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧਤ ਇਕ ਮਾਮਲੇ ਵਿਚ 11 ਸਾਲਾ ਨਾਬਾਲਗ ਲੜਕੀ ਅਤੇ 34 ਸਾਲਾ ਮਹਿਲਾ, ਦੋਵੇਂ ਕਥਿਤ ਤੌਰ 'ਤੇ 'ਚਿੱਟੇ' ਦੀਆਂ ਆਦੀ ਅਤੇ ਕਥਿਤ ਤੌਰ 'ਤੇ ਅਨੈਤਿਕ ਗਤੀਵਿਧੀਆਂ ਵਿਚ ਸ਼ਾਮਲ, ਨੂੰ ਗਿੱਦੜਬਾਹਾ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਹਾਲਾਂਕਿ ਬਾਅਦ ਵਿਚ ਦੋਵਾਂ ਨੂੰ ਕਪੂਰਥਲਾ ਦੇ ਇੱਕ ਨਸ਼ਾ ਛੁਡਾਊ ਅਤੇ ਮਹਿਲਾਵਾਂ ਲਈ ਮੁੜ ਵਸੇਬਾ ਕੇਂਦਰ ਵਿਚ ਰੈਫਰ ਕਰ ਦਿੱਤਾ ਗਿਆ ਹੈ।
ਗਿੱੱਦੜਬਾਹਾ ਸਥਿਤ ਸਮਾਜਿਕ ਕਾਰਕੁਨ ਐਡਵੋਕੇਟ ਐੱਨਡੀ ਸਿੰਗਲਾ ਅਤੇ ਪਵਨ ਬਾਂਸਲ ਨੇ ਉਨ੍ਹਾਂ ਨੂੰ ਦਾਖਲ ਕਰਵਾਉਣ ਵਿਚ ਮੁੱਖ ਭੂਮਿਕਾ ਨਿਭਾਈ ਹੈ। ਇਸ ਸਬੰਧੀ ਸਿੰਗਲਾ ਨੇ ਕਿਹਾ, ‘‘ਸਾਡੀਆਂ ਟੀਮਾਂ ਨੇ ਪੁਲੀਸ ਦੇ ਨਾਲ ਮਿਲ ਕੇ ਮਹਿਲਾ ਦੀਆਂ ਗਤੀਵਿਧੀਆਂ ਦਾ ਪਤਾ ਲਗਾਇਆ ਅਤੇ ਇਹ ਯਕੀਨੀ ਬਣਾਇਆ ਕਿ ਉਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਜਾਵੇ।’’ ਉਨ੍ਹਾਂ ਦੱਸਿਆ ਕਿ ਉਸ ਮਹਿਲਾ ਨੇ ਬਠਿੰਡਾ ਜ਼ਿਲ੍ਹੇ ਦੀ ਇਕ 11 ਸਾਲਾ ਲੜਕੀ ਨੂੰ ਵੀ ਆਪਣੀਆਂ ਅਨੈਤਿਕ ਗਤੀਵਿਧੀਆਂ ਵਿਚ ਸ਼ਾਮਲ ਕੀਤਾ ਸੀ
ਉਨ੍ਹਾਂ ਖੁਲਾਸਾ ਕੀਤਾ ਕਿ 34 ਸਾਲਾ ਮਹਿਲਾ ,ਜੋ ਕਿ ਪੰਜ ਅਤੇ ਡੇਢ ਸਾਲ ਦੇ ਦੋ ਪੁੱਤਰਾਂ ਦੀ ਮਾਂ ਹੈ, ਨੂੰ ਦੋ ਮਹੀਨੇ ਪਹਿਲਾਂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਪਰ ਉਹ ਭੱਜ ਗਈ ਸੀ। ਸਿੰਗਲਾ ਨੇ ਅੱਗੇ ਦੱਸਿਆ ਕਿ, ‘‘ਉਸਦਾ ਪਤੀ ਇਸ ਸਮੇਂ ਐੱਨਡੀਪੀਐੱਸ ਐਕਟ ਦੇ ਤਹਿਤ ਜੇਲ੍ਹ ਵਿਚ ਬੰਦ ਹੈ। ਜੇਕਰ ਸਹੀ ਦੇਖਭਾਲ ਨਾ ਕੀਤੀ ਗਈ, ਤਾਂ ਉਸ ਦੇ ਦੋਵੇਂ ਬੱਚਿਆਂ ਦਾ ਨਸ਼ਿਆਂ ਦੀ ਅਲਾਮਤ ਵਿਚ ਫਸਣ ਦਾ ਖ਼ਤਰਾ ਹੈ।’’
ਕਾਰਕੁੰਨਾਂ ਦੇ ਅਨੁਸਾਰ ਮਹਿਲਾ ਨੇ ਰੋਜ਼ਾਨਾ 3,500 ਤੋਂ 4,000 ਰੁਪਏ ਦਾ 'ਚਿੱਟਾ' ਲੈਣ ਦੀ ਗੱਲ ਕਬੂਲ ਕੀਤੀ ਸੀ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਵੀ ਇਕ ਮਹਿਲਾ ਨੂੰ ਮੁਕਤਸਰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਪਰ ਉਹ ਉੱਥੋਂਭੱਜ ਗਈ ਸੀ, ਅਤੇ ਅਗਲੇ ਦਿਨ ਕੁਝ ਸਮਾਜਿਕ ਕਾਰਕੁਨਾਂ ਨੇ ਉਸ ਨੂੰ ਮੁੜ ਦਾਖਲ ਕਰਵਾਇਆ।