ਮਹਿਲਾ ਟੀ-20 ਵਿਸ਼ਵ ਕੱਪ: ਪਾਕਿਸਤਾਨ ਖ਼ਿਲਾਫ਼ ਮੁਕਾਬਲੇ ਨਾਲ ਮੁਹਿੰਮ ਸ਼ੁਰੂ ਕਰੇਗਾ ਭਾਰਤ
ਦੁਬਈ, 18 ਜੂਨ
ਭਾਰਤੀ ਮਹਿਲਾ ਕ੍ਰਿਕਟ ਟੀਮ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ 2026 ਦੇ ਆਪਣੇ ਪਹਿਲੇ ਮੈਚ ’ਚ 14 ਜੂਨ ਨੂੰ ਐਜਬੈਸਟਨ ਵਿੱਚ ਪਾਕਿਸਤਾਨ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਅਤੇ ਮੇਜ਼ਬਾਨ ਇੰਗਲੈਂਡ ਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਨੇ ਅੱਜ ਟੂਰਨਾਮੈਂਟ ਦਾ ਪੂਰਾ ਸ਼ਡਿਊਲ ਜਾਰੀ ਕੀਤਾ ਹੈ। ਅਗਲੇ ਸਾਲ ਹੋਣ ਵਾਲਾ ਇਹ ਟੂਰਨਾਮੈਂਟ 12 ਜੂਨ ਤੋਂ ਸ਼ੁਰੂ ਹੋ ਕੇ 5 ਜੁਲਾਈ ਨੂੰ ਸਮਾਪਤ ਹੋਵੇਗਾ। ਟੂਰਨਾਮੈਂਟਾਂ ਵਿੱਚ 12 ਟੀਮਾਂ ਹਿੱਸਾ ਲੈਣਗੀਆਂ। ਟੂਰਨਾਮੈਂਟ ਦੇ 33 ਮੈਚ ਇੰਗਲੈਂਡ ਦੇ ਸੱਤ ਸਥਾਨਾਂ ’ਤੇ ਖੇਡੇ ਜਾਣਗੇ। ਪਹਿਲਾ ਮੈਚ 12 ਜੂਨ ਨੂੰ ਐਜਬੈਸਟਨ ਵਿੱਚ ਮੇਜ਼ਬਾਨ ਇੰਗਲੈਂਡ ਅਤੇ ਸ੍ਰੀਲੰਕਾ ਵਿਚਾਲੇ ਖੇਡਿਆ ਜਾਵੇਗਾ, ਜਦਕਿ ਭਾਰਤ ਤੇ ਪਾਕਿਸਤਾਨ ਆਪਣੀ ਮੁਹਿੰਮ ਦੀ ਸ਼ੁਰੂਆਤ ਵੀ ਐਜਬੈਸਟਨ ’ਚ ਹੀ ਕਰਨਗੇ। ਦੋ ਸੈਮੀਫਾਈਨਲ 30 ਜੂਨ ਅਤੇ 2 ਜੁਲਾਈ ਨੂੰ ਓਵਲ ਵਿੱਚ ਹੋਣਗੇ, ਜਦਕਿ ਫਾਈਨਲ 5 ਜੁਲਾਈ ਨੂੰ ਲਾਰਡਜ਼ ਵਿੱਚ ਖੇਡਿਆ ਜਾਵੇਗਾ। ਟੂਰਨਾਮੈਂਟ ਦੀਆਂ 12 ਟੀਮਾਂ ਨੂੰ ਛੇ-ਛੇ ਦੇ ਦੋ ਗਰੁੱਪਾਂ ਵਿੱਚ ਰੱਖਿਆ ਗਿਆ ਹੈ। ਪਹਿਲੇ ਗਰੁੱਪ ਵਿੱਚ ਆਸਟਰੇਲੀਆ, ਪਿਛਲੇ ਸਾਲ ਦੀ ਉਪ ਜੇਤੂ ਦੱਖਣੀ ਅਫਰੀਕਾ, ਭਾਰਤ, ਪਾਕਿਸਤਾਨ ਅਤੇ ਦੋ ਕੁਆਲੀਫਾਈ ਕਰਨ ਵਾਲੀਆਂ ਟੀਮਾਂ ਸ਼ਾਮਲ ਹਨ। ਇਸੇ ਤਰ੍ਹਾਂ ਦੂਜੇ ਗਰੁੱਪ ਵਿੱਚ ਮੌਜੂਦਾ ਚੈਂਪੀਅਨ ਨਿਊਜ਼ੀਲੈਂਡ, ਵੈਸਟ ਇੰਡੀਜ਼, ਸ਼੍ਰੀਲੰਕਾ, ਮੇਜ਼ਬਾਨ ਇੰਗਲੈਂਡ ਅਤੇ ਦੋ ਕੁਆਲੀਫਾਈ ਕਰਨ ਵਾਲੀਆਂ ਟੀਮਾਂ ਹਨ। ਹਰ ਗਰੁੱਪ ਦੀਆਂ ਸਿਖਰਲੀਆਂ ਦੋ ਟੀਮਾਂ ਸੈਮੀਫਾਈਨਲ ’ਚ ਪਹੁੰਚਣਗੀਆਂ। -ਪੀਟੀਆਈ