ਮਹਿਲਾ ਇੱਕ ਰੋਜ਼ਾ ਵਿਸ਼ਵ ਕੱਪ: ਭਾਰਤ-ਪਾਕਿ ਵਿਚਾਲੇ ਟੱਕਰ 5 ਅਕਤੂਬਰ ਨੂੰ
ਦੁਬਈ, 16 ਜੂਨ
ਮਹਿਲਾ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤ ਦਾ ਪਾਕਿਸਤਾਨ ਖ਼ਿਲਾਫ਼ ਮੈਚ 5 ਅਕਤੂਬਰ ਨੂੰ ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਵਿਸ਼ਵ ਕੱਪ 30 ਸਤੰਬਰ ਤੋਂ ਸ਼ੁਰੂ ਹੋਵੇਗਾ ਅਤੇ ਪਹਿਲਾ ਮੈਚ ਭਾਰਤ ਤੇ ਸ੍ਰੀਲੰਕਾ ਵਿਚਾਲੇ ਬੰਗਲੂਰੂ ’ਚ ਖੇਡਿਆ ਜਾਵੇਗਾ। ਫਾਈਨਲ 2 ਨਵੰਬਰ ਨੂੰ ਖੇਡਿਆ ਜਾਵੇਗਾ। ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਅੱਜ ਇਸ ਵਿਸ਼ਵ ਕੱਪ ਦੇ ਸ਼ਡਿਊਲ ਦਾ ਐਲਾਨ ਕੀਤਾ ਹੈ। ਇਸ ਸਾਲ ਦੇ ਸ਼ੁਰੂ ਵਿੱਚ ਚੈਂਪੀਅਨਜ਼ ਟਰਾਫੀ ਅਤੇ ਉਸ ਤੋਂ ਬਾਅਦ ਦੇ ਮੈਚਾਂ ਲਈ ਸਵੀਕਾਰ ਕੀਤੇ ਗਏ ‘ਹਾਈਬ੍ਰਿਡ ਮਾਡਲ’ ਤਹਿਤ ਕੋਲੰਬੋ ਨੂੰ ਨਿਰਪੱਖ ਸਥਾਨ ਵਜੋਂ ਜੋੜਿਆ ਗਿਆ ਹੈ। ਭਾਰਤ ਨੇ ਉਦੋਂ ਆਈਸੀਸੀ ਚੈਂਪੀਅਨਜ਼ ਟਰਾਫੀ (ਪੁਰਸ਼) ਲਈ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਪਹਿਲਗਾਮ ਦਹਿਸ਼ਤੀ ਹਮਲੇ ਤੋਂ ਬਾਅਦ ਕਿਆਸ ਲਾਏ ਜਾ ਰਹੇ ਸਨ ਕਿ ਕੀ ਆਈਸੀਸੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਰਾਊਂਡ-ਰੌਬਿਨ ਮੈਚ ਕਰਵਾਏ ਜਾਂ ਨਹੀਂ। ਪਰ ਆਈਸੀਸੀ ਨੇ ਅੱਜ ਸ਼ਡਿਊਲ ਜਾਰੀ ਕਰਕੇ ਸਾਰਾ ਕੁੱਝ ਸਪੱਸ਼ਟ ਕਰ ਦਿੱਤਾ ਹੈ। ਭਾਰਤ ਆਪਣੀ ਮੁਹਿੰਮ ਦੀ ਸ਼ੁਰੂਆਤ 30 ਸਤੰਬਰ ਨੂੰ ਬੰਗਲੂਰੂ ਵਿੱਚ ਸ੍ਰੀਲੰਕਾ ਖ਼ਿਲਾਫ਼ ਕਰੇਗਾ। ਇਹ ਇਸ ਵਿਸ਼ਵ ਕੱਪ ਦਾ ਉਦਘਾਟਨੀ ਮੈਚ ਹੋਵੇਗਾ। ਭਾਰਤ 9 ਅਕਤੂਬਰ ਨੂੰ ਦੱਖਣੀ ਅਫਰੀਕਾ, 12 ਨੂੰ ਵਿਸ਼ਾਖਾਪਟਨਮ ਵਿੱਚ ਆਸਟਰੇਲਿਆ ਖ਼ਿਲਾਫ਼, 19 ਅਕਤੂਬਰ ਨੂੰ ਇੰਦੌਰ ਵਿੱਚ ਇੰਗਲੈਂਡ, 23 ਨੂੰ ਗੁਹਾਟੀ ਵਿੱਚ ਨਿਊਜ਼ੀਲੈਂਡ ਅਤੇ 26 ਅਕਤੂਬਰ ਨੂੰ ਆਪਣੇ ਆਖਰੀ ਮੈਚ ਵਿੱਚ ਬੰਗਲਾਦੇਸ਼ ਦਾ ਸਾਹਮਣਾ ਕਰੇਗੀ। -ਪੀਟੀਆਈ
ਰਾਊਂਡ-ਰੌਬਿਨ ਫਾਰਮੈਟ ਦੇ ਆਧਾਰ ’ਤੇ ਖੇਡਿਆ ਜਾਵੇਗਾ ਟੂਰਨਾਮੈਂਟ
ਸਾਰੀਆਂ ਅੱਠ ਟੀਮਾਂ ਰਾਊਂਡ-ਰੌਬਿਨ ਫਾਰਮੈਟ ਤਹਿਤ ਇੱਕ-ਦੂਜੇ ਵਿਰੁੱਧ ਖੇਡਣਗੀਆਂ ਅਤੇ ਸਿਖਰਲੀਆਂ ਚਾਰ ਟੀਮਾਂ ਸੈਮੀਫਾਈਨਲ ’ਚ ਜਗ੍ਹਾ ਬਣਾਉਣਗੀਆਂ। ਪਹਿਲਾ ਸੈਮੀਫਾਈਨਲ 29 ਅਕਤੂਬਰ ਨੂੰ ਗੁਹਾਟੀ ਜਾਂ ਕੋਲੰਬੋ, ਜਦਕਿ ਦੂਜਾ ਸੈਮੀਫਾਈਨਲ 30 ਅਕਤੂਬਰ ਨੂੰ ਬੰਗਲੂਰੂ ਵਿੱਚ ਖੇਡਿਆ ਜਾਵੇਗਾ। ਫਾਈਨਲ 2 ਨਵੰਬਰ ਨੂੰ ਬੰਗਲੂਰੂ ਜਾਂ ਕੋਲੰਬੋ ਵਿੱਚ ਹੋਵੇਗਾ। ਭਾਰਤ 2013 ਤੋਂ ਬਾਅਦ ਪਹਿਲੀ ਵਾਰ ਇਸ ਆਲਮੀ ਈਵੈਂਟ ਦੀ ਮੇਜ਼ਬਾਨੀ ਕਰ ਰਿਹਾ ਹੈ। ਆਈਸੀਸੀ ਦੇ ਪ੍ਰਧਾਨ ਜੈ ਸ਼ਾਹ ਨੇ ਕਿਹਾ, ‘ਮਹਿਲਾ ਕ੍ਰਿਕਟ ਦੀਆਂ ਅੱਠ ਸਰਵੋਤਮ ਟੀਮਾਂ ਭਾਰਤ ਵਿੱਚ ਇੱਕ-ਦੂਜੇ ਦਾ ਸਾਹਮਣਾ ਕਰਨਗੀਆਂ।’ ਹਾਲਾਂਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਅਜੇ ਤੱਕ ਸਥਾਨਕ ਪ੍ਰਬੰਧਕੀ ਕਮੇਟੀ (ਐੱਲਓਸੀ) ਦਾ ਗਠਨ ਨਹੀਂ ਕੀਤਾ, ਜੋ ਟੂਰਨਾਮੈਂਟ ਕਰਵਾਉਣ ਦੀ ਜ਼ਿੰਮੇਵਾਰੀ ਸੰਭਾਲੇਗੀ।