ਨਵੀਂ ਦਿੱਲੀ, 2 ਸਤੰਬਰ
ਨੈਸ਼ਨਲ ਰਾਈਫ਼ਲ ਐਸੋਸੀਏਸ਼ਨ ਆਫ ਇੰਡੀਆ (ਐੱਨਆਰਏਆਈ) ਨੇ ਅੱਜ ਇੱਥੇ ਆਗਾਮੀ ਏਸ਼ਿਆਈ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਲਈ ਟੀਮ ਦਾ ਐਲਾਨ ਕੀਤਾ, ਜਿਸ ਵਿੱਚ ਦੇਸ਼ ਦੇ ਨਿਸ਼ਾਨੇਬਾਜ਼ਾਂ ਨੂੰ 2024 ਪੈਰਿਸ ਓਲੰਪਿਕ ਲਈ ਆਪਣਾ ਕੋਟਾ ਸਥਾਨ ਯਕੀਨੀ ਬਣਾਉਣ ਦਾ ਇੱਕ ਮੌਕਾ ਮਿਲੇਗਾ। ਇਹ ਟੂਰਨਾਮੈਂਟ 22 ਅਕਤੂਬਰ ਤੋਂ 2 ਨਵੰਬਰ ਤੱਕ ਦੱਖਣੀ ਕੋਰੀਆ ਦੇ ਚਾਂਗਵੋਨ ਵਿੱਚ ਹੋਵੇਗਾ। ਇਸ ਦੌਰਾਨ ਪੈਰਿਸ ਲਈ 24 ਸਥਾਨ ਦਾਅ ’ਤੇ ਲੱਗਣਗੇ, ਜਿਸ ਵਿੱਚ ਓਲੰਪਿਕ ਵਿੱਚ ਸ਼ਾਮਲ 12 ਮੁਕਾਬਲਿਆਂ ਵਿੱਚੋਂ ਹਰੇਕ ’ਚ ਦੋ ਦਾ ਕੋਟਾ ਹੋਵੇਗਾ। -ਪੀਟੀਆਈ