ਕੌਮੀ ਖੇਡਾਂ: ਪੰਜਾਬ ਦੀ ਜੈਸਮੀਨ ਨੇ ਸ਼ਾਟਪੁੱਟ ’ਚ ਸੋਨਾ ਜਿੱਤਿਆ
ਦੇਹਰਾਦੂਨ, 12 ਫਰਵਰੀ
ਪੰਜਾਬ ਦੇ ਖਿਡਾਰੀਆਂ ਨੇ ਇੱਥੇ ਚੱਲ ਰਹੀਆਂ 38ਵੀਆਂ ਕੌਮੀ ਖੇਡਾਂ ’ਚ ਅੱਜ ਸੋਨੇ ਸਣੇ ਕੁੱਲ ਤਿੰਨ ਤਗ਼ਮੇ ਆਪਣੇ ਨਾਮ ਕੀਤੇ। ਖੇਡਾਂ ਦੌਰਾਨ ਅੱਜ ਜੈਵੇਲਿਨ ਥ੍ਰੋਅ, ਉੱਚੀ ਛਾਲ ਤੇ 5,000 ਮੀਟਰ ਦੌੜ ’ਚ ਨਵੇਂ ਰਿਕਾਰਡ ਵੀ ਬਣੇ। ਔਰਤਾਂ ਦੇ ਸ਼ਾਟਪੁੱਟ (ਗੋਲਾ ਸੁੱਟਣ) ਮੁਕਾਬਲੇ ’ਚ ਪੰਜਾਬ ਦੀ ਜੈਸਮੀਨ ਨੇ 15.97 ਮੀਟਰ ਗੋਲਾ ਸੁੱਟ ਕੇ ਸੋਨ ਤਗ਼ਮਾ ਜਿੱਤਿਆ। ਉੱਤਰ ਪ੍ਰਦੇਸ਼ ਦੀ ਵਿਧੀ ਦੂਜੇ ਤੇ ਦਿੱਲੀ ਦੀ ਸ਼੍ਰਿਸ਼ਟੀ ਵਿੱਗ ਤੀਜੇ ਸਥਾਨ ’ਤੇ ਰਹੀ। ਪੰਜਾਬ ਦੇ ਹਰਦੀਪ ਕੁਮਾਰ ਨੇ ਪੁਰਸ਼ਾਂ ਦੀ 400 ਮੀਟਰ ਅੜਿੱਕਾ ਦੌੜ ’ਚ ਚਾਂਦੀ ਦਾ ਤਗ਼ਮਾ ਜਿੱਤਿਆ। ਗੁਜਰਾਤ ਦਾ ਰੁਚਿਤ ਮੋਰੀ ਅੱਵਲ ਤੇ ਮਹਾਰਾਸ਼ਟਰ ਦਾ ਰੋਹਨ ਕਾਂਬਲੇ ਤੀਜੇ ਸਥਾਨ ’ਤੇ ਰਿਹਾ। ਇਸ ਤੋਂ ਇਲਾਵਾ ਪੰਜਾਬ ਦੀ 4x400 ਮੀਟਰ ਮਿਕਸਡ ਰਿਲੇਅ ਟੀਮ ਨੇ 3 ਮਿੰਟ 26.35 ਸਕਿੰਟ ਦੇ ਸਮੇਂ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਮੁਕਾਬਲੇ ’ਚ ਕੇਰਲਾ ਅੱਵਲ ਤੇ ਮਹਾਰਾਸ਼ਟਰ ਦੋਇਮ ਰਿਹਾ। ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦੇ ਰਾਜ ਮਿਸਤਰੀ ਦੀ ਬੇੇਟੀ ਪੂਜਾ ਸਿੰਘ ਨੇ 1.84 ਮੀਟਰ ਦੀ ਕੋਸ਼ਿਸ਼ ਨਾਲ ਉੱਚੀ ਛਾਲ ’ਚ ਸੋਨ ਤਗ਼ਮਾ ਜਿੱਤਿਆ ਤੇ ਪੱਛਮੀ ਬੰਗਾਲ ਦੀ ਸਵਪਨਾ ਬਰਮਨ ਵੱਲੋਂ 2022 ’ਚ ਬਣਾਇਆ 1.83 ਮੀਟਰ ਉੱਚੀ ਛਾਲ ਦਾ ਰਿਕਾਰਡ ਤੋੜਿਆ। ਸਾਵਨ ਬੇਰਵਾਲ ਨੇ 13 ਮਿੰਟ 45.93 ਸਕਿੰਟ ਦੇ ਸਮੇਂ ਨਾਲ ਪੁਰਸ਼ 5000 ਮੀਟਰ ਦੌੜ ’ਚ ਸੋਨ ਤਗ਼ਮਾ ਜਿੱਤਿਆ। -ਪੀਟੀਆਈ
ਨੀਰਜ ਦੀ ਗ਼ੈਰਹਾਜ਼ਰੀ ’ਚ ਯਾਦਵ ਬਣਿਆ ਚੈਂਪੀਅਨ
ਉੱਤਰ ਪ੍ਰਦੇਸ਼ ਦੇ ਜੈਵੇਲਿਨ ਥ੍ਰੋਅਰ ਸਚਿਨ ਯਾਦਵ ਨੇ ਨੀਰਜ ਚੋਪੜਾ ਤੇ ਕਿਸ਼ੋਰ ਜੇਨਾ ਦੀ ਗ਼ੈਰ-ਮੌਜੂਦਗੀ ’ਚ 84.39 ਮੀਟਰ ਥ੍ਰੋਅ ਨਾਲ ਸੋਨ ਤਗ਼ਮਾ ਜਿੱਤਿਆ। ਯਾਦਵ ਨੇ 2015 ’ਚ ਰਾਜਿੰਦਰ ਸਿਘ ਵੱਲੋਂ ਬਣਾਏ 82.23 ਮੀਟਰ ਦੇ ਕੌਮੀ ਖੇਡਾਂ ਦੇ ਰਿਕਾਰਡ ਨੂੰ ਤੋੜਿਆ। ਯਾਦਵ ਨੇ ਕਿਹਾ, ‘‘ਮੇਰਾ ਟੀਚਾ 85.50 ਮੀਟਰ ਤੱਕ ਜੈਵੇਲਿਨ ਸੁੱਟਣ ਦਾ ਸੀ ਪਰ ਮੈਂ ਇਸ ਵਿੱਚ ਖੁੰਝ ਗਿਆ।’’ ਇਸ ਮੁਕਾਬਲੇ ’ਚ ਚਾਂਦੀ ਤੇ ਕਾਂਸੀ ਦਾ ਤਗ਼ਮਾ ਵੀ ਉੱਤਰ ਪ੍ਰਦੇਸ਼ ਦੇ ਖਿਡਾਰੀਆਂ ਨੇ ਜਿੱਤਿਆ।