ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ ਦੀਆਂ ਚੋਣਾਂ ’ਚ ਦੇਰੀ ਦੀ ਜਾਂਚ ਲਈ ਕਮੇਟੀ ਗਠਿਤ
ਨਵੀਂ ਦਿੱਲੀ, 13 ਜੁਲਾਈ
ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਦੀ ਪ੍ਰਧਾਨ ਪੀਟੀ ਊਸ਼ਾ ਨੇ ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ (ਬੀਐੱਫਆਈ) ਦੀਆਂ ਚੋਣਾਂ ਵਿੱਚ ਹੋ ਰਹੀ ਦੇਰੀ ਦੇ ਕਾਰਨਾਂ ਦਾ ਪਤਾ ਲਾਉਣ ਅਤੇ ਨਿਰਪੱਖ ਤੇ ਸਮੇਂ ਸਿਰ ਚੋਣਾਂ ਯਕੀਨੀ ਬਣਾਉਣ ਲਈ ਬਲਿਊਪ੍ਰਿੰਟ ਦੀ ਸਿਫ਼ਾਰਸ਼ ਕਰਨ ਸਬੰਧੀ ਤਿੰਨ ਮੈਂਬਰੀ ‘ਤੱਥ-ਖੋਜ ਕਮੇਟੀ’ ਗਠਿਤ ਕੀਤੀ ਹੈ। ਸ਼ੁੱਕਰਵਾਰ ਨੂੰ ਗਠਿਤ ਇਸ ਕਮੇਟੀ ਦੀ ਅਗਵਾਈ ਆਈਓਏ ਦੇ ਖਜ਼ਾਨਚੀ ਸਹਿਦੇਵ ਯਾਦਵ ਕਰਨਗੇ ਜਦਕਿ ਆਈਓਏ ਕਾਰਜਕਾਰੀ ਕੌਂਸਲ ਦੇ ਮੈਂਬਰ ਭੁਪੇਂਦਰ ਸਿੰਘ ਬਾਜਵਾ ਅਤੇ ਵਕੀਲ ਪਾਇਲ ਕਾਕੜਾ ਇਸ ਦੇ ਮੈਂਬਰ ਹਨ। ਆਈਓਏ ਦੇ 11 ਜੁਲਾਈ ਦੇ ਦਫ਼ਤਰੀ ਆਦੇਸ਼ ਵਿੱਚ ਊਸ਼ਾ ਨੇ ਕਿਹਾ, ‘‘ਬੀਐੱਫਆਈ ਦੀ ਮੌਜੂਦਾ ਕਾਰਜਕਾਰਨੀ ਕਮੇਟੀ ਦਾ ਕਾਰਜਕਾਲ 2 ਫਰਵਰੀ ਨੂੰ ਖ਼ਤਮ ਹੋ ਗਿਆ ਸੀ ਅਤੇ ਉਦੋਂ ਤੋਂ ਕੋਈ ਨਵੀਂ ਚੋਣ ਨਹੀਂ ਹੋਈ ਹੈ।’’ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਇਹ ਕਮੇਟੀ ਬੀਐੱਫਆਈ ਦੀ ਮੌਜੂਦਾ ਕਾਨੂੰਨੀ ਅਤੇ ਪ੍ਰਸ਼ਾਸਕੀ ਸਥਿਤੀ ਦੀ ਜਾਂਚ ਕਰੇਗੀ ਅਤੇ ਭਾਰਤ ਵਿੱਚ ਮੁੱਕੇਬਾਜ਼ੀ ਦੇ ਸੰਚਾਲਨ ਅਤੇ ਕੰਮਕਾਜ ’ਤੇ ਦੇਰੀ ਦੇ ਪ੍ਰਭਾਵਾਂ ਦਾ ਮੁਲਾਂਕਣ ਕਰੇਗੀ। ਇਹ ਕਮੇਟੀ ਵਿਸ਼ਵ ਮੁੱਕੇਬਾਜ਼ੀ ਨਾਲ ਗੱਲਬਾਤ ਸਮੇਤ ਜ਼ਰੂਰੀ ਕਾਰਵਾਈ ਦੀ ਸਿਫ਼ਾਰਸ਼ ਕਰੇਗੀ ਅਤੇ ਨਿਰਪੱਖ ਅਤੇ ਸਮੇਂ ਸਿਰ ਚੋਣਾਂ ਕਰਵਾਉਣ ਲਈ ਇੱਕ ਸਪੱਸ਼ਟ ਬਲਿਊਪ੍ਰਿੰਟ ਸੁਝਾਏਗੀ।’’ -ਪੀਟੀਆਈ