ਚੈਂਪੀਅਨਜ਼ ਟਰਾਫੀ: ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਖਿਤਾਬੀ ਮੁਕਾਬਲਾ ਅੱਜ
ਦੁਬਈ, 8 ਮਾਰਚ
ਭਾਰਤੀ ਟੀਮ ਨੂੰ 12 ਸਾਲ ਬਾਅਦ ਚੈਂਪੀਅਨਜ਼ ਟਰਾਫੀ ਜਿੱਤਣ ਲਈ ਐਤਵਾਰ ਨੂੰ ਇੱਥੇ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਬਾਅਦ ਦੁਪਹਿਰ 2:30 ਵਜੇ ਤੋਂ ਹੋ ਰਹੇ ਫਾਈਨਲ ਵਿੱਚ ਨਿਊਜ਼ੀਲੈਂਡ ਵਰਗੀ ਮਜ਼ਬੂਤ ਟੀਮ ਨੂੰ ਹਰਾਉਣਾ ਪਵੇਗਾ। ਨਿਊਜ਼ੀਲੈਂਡ ਹਮੇਸ਼ਾ ਭਾਰਤ ਲਈ ਸਖ਼ਤ ਚੁਣੌਤੀ ਸਾਬਤ ਹੋਇਆ ਹੈ ਅਤੇ ਆਈਸੀਸੀ ਟੂਰਨਾਮੈਂਟਾਂ ਵਿੱਚ ਭਾਰਤ ਦਾ ਇਸ ਵਿਰੁੱਧ ਜਿੱਤ ਦਾ ਰਿਕਾਰਡ 10-6 ਹੈ। ਨਿਊਜ਼ੀਲੈਂਡ ਨੇ ਆਈਸੀਸੀ ਨਾਕਆਊਟ ਗੇੜਾਂ ਵਿੱਚ ਭਾਰਤ ਖ਼ਿਲਾਫ਼ ਚਾਰ ’ਚੋਂ ਤਿੰਨ ਮੈਚ ਜਿੱਤੇ ਹਨ।
ਐਤਕੀਂ ਭਾਰਤੀ ਟੀਮ ਦਾ ਆਤਮਵਿਸ਼ਵਾਸ ਇਸ ਲਈ ਵੀ ਵਧਿਆ ਹੈ ਕਿਉਂਕਿ ਉਸ ਦੀ ਸਪਿੰਨ ਚੌਕੜੀ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਦੀ ਫਲੈਟ ਪਿੱਚ ’ਤੇ ਬਹੁਤ ਸਫਲ ਰਹੀ ਹੈ। ਲੱਗਦਾ ਹੈ ਕਿ ਭਾਰਤੀ ਟੀਮ ਫਾਈਨਲ ਵਿੱਚ ਵੀ ਚਾਰ ਸਪਿੰਨਰਾਂ ਅਤੇ ਦੋ ਤੇਜ਼ ਗੇਂਦਬਾਜ਼ਾਂ ਨੂੰ ਹੀ ਉਤਾਰੇਗੀ। ਵਰੁਣ ਚੱਕਰਵਰਤੀ ਅਤੇ ਕੁਲਦੀਪ ਯਾਦਵ ਵਰਗੇ ਭਾਰਤੀ ਸਪਿੰਨਰਾਂ ਨੇ ਪੂਰੇ ਟੂਰਨਾਮੈਂਟ ਵਿੱਚ ਵਿਰੋਧੀ ਬੱਲੇਬਾਜ਼ਾਂ ਨੂੰ ਮੁਸ਼ਕਲ ਵਿੱਚ ਪਾਈ ਰੱਖਿਆ। ਇਸੇ ਤਰ੍ਹਾਂ ਰਵਿੰਦਰ ਜਡੇਜਾ ਅਤੇ ਅਕਸ਼ਰ ਪਟੇਲ ਨੇ ਭਾਰਤੀ ਗੇਂਦਬਾਜ਼ੀ ਦੇ ਹਮਲੇ ਨੂੰ ਮਜ਼ਬੂਤ ਕੀਤਾ ਹੈ। ਜੇ ਫਾਈਨਲ ਉਸੇ ਪਿੱਚ ’ਤੇ ਖੇਡਿਆ ਗਿਆ, ਜਿੱਥੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਲੀਗ ਗੇੜ ਦਾ ਮੈਚ ਖੇਡਿਆ ਗਿਆ ਸੀ, ਤਾਂ ਇਹ ਚਾਰ ਗੇਂਦਬਾਜ਼ ਕੀਵੀ ਟੀਮ ਨੂੰ ਫਿਰਕੀ ਦੇ ਜਾਲ ਵਿੱਚ ਬੁਰੀ ਤਰ੍ਹਾਂ ਫਸਾ ਸਕਦੇ ਹਨ। ਤੇਜ਼ ਗੇਂਦਬਾਜ਼ੀ ਵਿੱਚ ਮੁਹੰਮਦ ਸ਼ਮੀ ਅਤੇ ਹਰਫਨਮੌਲਾ ਹਾਰਦਿਕ ਪੰਡਿਆ ਨੂੰ ਹੀ ਉਤਾਰਿਆ ਜਾ ਸਕਦਾ ਹੈ।
ਨਿਊਜ਼ੀਲੈਂਡ ਨੂੰ ਸਭ ਤੋਂ ਵੱਧ ਉਮੀਦਾਂ ਕੇਨ ਵਿਲੀਅਮਸਨ ਅਤੇ ਰਚਿਨ ਰਵਿੰਦਰਾ ਤੋਂ ਹੋਣਗੀਆਂ, ਜੋ ਸਪਿੰਨ ਖੇਡਣ ਦੇ ਮਾਹਿਰ ਹਨ। ਨਿਊਜ਼ੀਲੈਂਡ ਕੋਲ ਵੀ ਕਪਤਾਨ ਮਿਸ਼ੇਲ ਸੈਂਟਨਰ, ਮਾਈਕਲ ਬ੍ਰੇਸਵੈੱਲ, ਰਵਿੰਦਰਾ ਅਤੇ ਗਲੈੱਨ ਫਿਲਿਪਸ ਦੇ ਰੂਪ ਵਿੱਚ ਸਪਿੰਨਰ ਹਨ। ਨਿਊਜ਼ੀਲੈਂਡ ਦੇ ਸਪਿੰਨਰਾਂ ਨੇ ਪਿਛਲੇ ਸਾਲ ਟੈਸਟ ਲੜੀ ਵਿੱਚ ਭਾਰਤ ਨੂੰ ਬਹੁਤ ਪਰੇਸ਼ਾਨ ਕੀਤਾ ਸੀ ਅਤੇ ਉਹ 2000 ਤੋਂ ਬਾਅਦ ਪਹਿਲੀ ਵਾਰ ਆਈਸੀਸੀ ਇੱਕ ਰੋਜ਼ਾ ਖਿਤਾਬ ਜਿੱਤਣ ਦੀ ਕੋਸ਼ਿਸ਼ ਵਿੱਚ ਉਸ ਪ੍ਰਦਰਸ਼ਨ ਨੂੰ ਦੁਹਰਾਉਣ ਦੀ ਕੋਸ਼ਿਸ਼ ਕਰਨਗੇ। ਪੱਚੀ ਸਾਲ ਪਹਿਲਾਂ ਨੈਰੋਬੀ ਵਿੱਚ ਨਿਊਜ਼ੀਲੈਂਡ ਨੇ ਫਾਈਨਲ ਵਿੱਚ ਭਾਰਤ ਨੂੰ ਹਰਾ ਕੇ ਨਾਕਆਊਟ ਟੂਰਨਾਮੈਂਟ ਜਿੱਤਿਆ ਸੀ। -ਪੀਟੀਆਈ
ਬੱਲੇਬਾਜ਼ੀ ’ਚ ਰੋਹਿਤ ਤੇ ਕੋਹਲੀ ਨੂੰ ਸੰਭਾਲਣੀ ਪਵੇਗੀ ਕਮਾਨ
ਬੱਲੇਬਾਜ਼ੀ ਵਿੱਚ ਭਾਰਤੀ ਟੀਮ ਦੀ ਕਮਾਨ ਵਿਰਾਟ ਕੋਹਲੀ ਅਤੇ ਕਪਤਾਨ ਰੋਹਿਤ ਸ਼ਰਮਾ ਨੂੰ ਸੰਭਾਲਣੀ ਪਵੇਗੀ। ਪਿਛਲੇ ਕੁੱਝ ਮੈਚਾਂ ਤੋਂ 20-30 ਦੌੜਾਂ ਬਣਾ ਕੇ ਸੰਤੁਸ਼ਟ ਨਜ਼ਰ ਆ ਰਹੇ ਰੋਹਿਤ ਨੂੰ ਆਪਣਾ ਰਵੱਈਆ ਬਦਲਣਾ ਪਵੇਗਾ। ਇਸ ਨਾਲ ਮੱਧਕ੍ਰਮ ਦੇ ਬੱਲੇਬਾਜ਼ਾਂ ’ਤੇ ਦਬਾਅ ਵੀ ਘਟੇਗਾ। ਇਨ੍ਹਾਂ ਦੋਵਾਂ ਤੋਂ ਇਲਾਵਾ ਉਪ ਕਪਤਾਨ ਸ਼ੁਭਮਨ ਗਿੱਲ, ਸ਼੍ਰੇਅਸ ਅਈਅਰ, ਕੇਐਲ ਰਾਹੁਲ ਅਤੇ ਹਾਰਦਿਕ ਪੰਡਿਆ ਤੋਂ ਵੀ ਭਾਰਤ ਨੂੰ ਵੱਡੀਆਂ ਉਮੀਦਾਂ ਹਨ।