ਬੈਡਮਿੰਟਨ ਚੈਂਪੀਅਨਸ਼ਿਪ: ਭਾਰਤ ਕੁਆਰਟਰ ਫਾਈਨਲ ’ਚ ਪਹੁੰਚਿਆ
ਕਿੰਗਦਾਓ: ਭਾਰਤ ਨੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕਰਦਿਆਂ ਬੈਡਮਿੰਟਨ ਏਸ਼ੀਆ ਮਿਕਸਡ ਟੀਮ ਚੈਂਪੀਅਨਸ਼ਿਪ ’ਚ ਗਰੁੱਪ-ਡੀ ਦੇ ਪਲੇਠੇ ਮੁਕਾਬਲੇ ’ਚ ਅੱਜ ਮਕਾਊ ਨੂੰ 5-0 ਨਾਲ ਹਰਾ ਦਿੱਤਾ। ਭਾਰਤੀ ਟੀਮ ਇਸ ਜਿੱਤ ਨਾਲ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ’ਚ ਪਹੁੰਚ ਗਈ ਹੈ। ਭਾਰਤ ਦਾ ਆਖਰੀ ਗਰੁੱਪ ਮੈਚ ਵੀਰਵਾਰ ਨੂੰ ਕੋਰੀਆ ਨਾਲ ਹੋਵੇਗਾ। ਅੱਜ ਮਕਾਊ ਖ਼ਿਲਾਫ਼ ਮਿਸਕਡ ਡਬਲਜ਼ ਟੀਮ ਮੁਕਾਬਲੇ ’ਚ ਸਤੀਸ਼ ਕੁਮਾਰ ਕਰੁਣਾਕਰਨ ਤੇ ਕੌਮੀ ਖੇਡਾਂ ’ਚ ਸੋਨ ਤਗ਼ਮਾ ਜੇਤੂ ਆਦਿਆ ਵਰੀਯਾਥ ਨੇ ਐੱਲ.ਸੀ. ਲਿਓਂਗ ਤੇ ਵੈਂਗ ਸੀ.ਐੱਨ. ਖ਼ਿਲਾਫ਼ ਪਹਿਲਾ ਮੈਚ 21-10, 21-9 ਨਾਲ ਜਿੱਤਿਆ। ਪੁਰਸ਼ ਸਿੰਗਲਜ਼ ’ਚ ਲਕਸ਼ੈ ਸੇਨ ਨੇ ਪਾਂਗ ਪੂਈ ਨੂੰ 21-16, 21-12 ਨਾਲ ਹਰਾ ਕੇ ਟੀਮ ਨੂੰ 2-0 ਨਾਲ ਅੱਗੇ ਕਰ ਦਿੱਤਾ। ਮਾਲਵਿਕਾ ਬੰਸੋੜ ਨੇ ਮਹਿਲਾ ਸਿੰਗਲਜ਼ ’ਚ ਹਾਓ ਵਾਈ ਵਾਨ ਨੂੰ ਖ਼ਿਲਾਫ਼ 21-15, 21-9 ਨਾਲ ਜਿੱਤ ਦਰਜ ਕੀਤੀ। ਪੁਰਸ਼ ਡਬਲਜ਼ ’ਚ ਚਿਰਾਗ ਸ਼ੈੱਟੀ ਤੇ ਐੱਮ.ਆਰ. ਅਰਜੁਨ ਨੇ ਚਿਨ ਪੋਨ ਪੂਈ ਤੇ ਕੋਕ ਵੈਨ ਵੋਂਗ ਨੂੰ 21-15, 21-19 ਨਾਲ ਜਦਕਿ ਮਹਿਲਾ ਡਬਲਜ਼ ’ਚ ਟੈਰੀਸਾ ਜੌਲੀ ਤੇ ਗਾਇਤਰੀ ਗੋਪੀਚੰਦ ਨੇ ਐੱਨ. ਵੈਂਗ ਚੀ ਤੇ ਪੂਈ ਚੀ ਵਾ ਦੀ ਜੋੜੀ ਨੂੰ 21-10, 21-5 ਨਾਲ ਹਰਾਇਆ। -ਪੀਟੀਆਈ