DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਹੀਦਾ ਰਹਿਮਾਨ ਨੂੰ ਵੱਕਾਰੀ ਦਾਦਾਸਾਹਿਬ ਫਾਲਕੇ ਪੁਰਸਕਾਰ

ਅਭਿਨੇਤਰੀ ਨੇ ਪੁਰਸਕਾਰ ਮਿਲਣ ’ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਦੇਵ ਆਨੰਦ ਨੂੰ ਯਾਦ ਕੀਤਾ
  • fb
  • twitter
  • whatsapp
  • whatsapp

ਨਵੀਂ ਦਿੱਲੀ, 26 ਸਤੰਬਰ

ਲਗਭਗ 68 ਵਰ੍ਹੇ ਪਹਿਲਾਂ ਫ਼ਿਲਮ ਜਗਤ ਨਾਲ ਜੁੜੀ ਤੇ ‘ਪਿਆਸਾ’ ਅਤੇ ‘ਗਾਈਡ’ ਜਿਹੀਆਂ ਲੋਕ ਮਨਾਂ ’ਚ ਹਮੇਸ਼ਾ ਲਈ ਵਸ ਚੁੱਕੀਆਂ ਫ਼ਿਲਮਾਂ ਵਿਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਣ ਵਾਲੀ ਅਭਿਨੇਤਰੀ ਵਹੀਦਾ ਰਹਿਮਾਨ ਨੂੰ ਇਸ ਸਾਲ ‘ਦਾਦਾਸਾਹਿਬ ਫਾਲਕੇ ਪੁਰਸਕਾਰ’ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਕੇਂਦਰ ਸਰਕਾਰ ਵੱਲੋਂ ਸਿਨੇਮਾ ਦੇ ਖੇਤਰ ਵਿਚ ਦਿੱਤਾ ਜਾਣ ਵਾਲਾ ਇਹ ਸਭ ਤੋਂ ਵੱਡਾ ਸਨਮਾਨ ਹੈ। ਰਹਿਮਾਨ ਨੇ ਪੁਰਸਕਾਰ ਦਾ ਐਲਾਨ ਹੋਣ ’ਤੇ ਕਿਹਾ, ‘ਮੈਨੂੰ ਦੁੱਗਣੀ ਖ਼ੁਸ਼ੀ ਹੈ ਕਿਉਂਕਿ ਦੇਵ ਆਨੰਦ ਦਾ ਜਨਮ ਦਿਨ ਵੀ ਹੈ। ਮੈਂ ਸੋਚਦੀ ਹਾਂ ਕਿ ਤੋਹਫ਼ਾ ਉਨ੍ਹਾਂ ਨੂੰ ਮਿਲਣਾ ਸੀ, ਮੈਨੂੰ ਮਿਲ ਗਿਆ।’ ਜ਼ਿਕਰਯੋਗ ਹੈ ਕਿ ਅੱਜ ਦੇਵ ਆਨੰਦ ਦਾ 100ਵਾਂ ਜਨਮ ਦਿਨ ਹੈ। ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ‘ਐਕਸ’ ’ਤੇ ਪੋਸਟ ਕਰ ਕੇ ਇਸ ਬਾਰੇ ਐਲਾਨ ਕੀਤਾ। ਠਾਕੁਰ ਨੇ ਲਿਖਿਆ, ‘ਮੈਨੂੰ ਇਹ ਐਲਾਨਦਿਆਂ ਬੇਹੱਦ ਖ਼ੁਸ਼ੀ ਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਇਸ ਸਾਲ ਦਾ ਵੱਕਾਰੀ ਦਾਦਾਸਾਹਿਬ ਫਾਲਕੇ ਲਾਈਫਟਾਈਮ ਅਚੀਵਮੈਂਟ ਐਵਾਰਡ ਵਹੀਦਾ ਰਹਿਮਾਨ ਜੀ ਨੂੰ ਦਿੱਤਾ ਜਾ ਰਿਹਾ ਹੈ, ਭਾਰਤੀ ਸਿਨੇਮਾ ਲਈ ਉਨ੍ਹਾਂ ਬਿਹਤਰੀਨ ਯੋਗਦਾਨ ਦਿੱਤਾ ਹੈ।’ ਸਾਲ 2021 ਲਈ ਇਹ ਸਨਮਾਨ 69ਵੇਂ ਕੌਮੀ ਫਿਲਮ ਐਵਾਰਡ ਸਮਾਰੋਹ ਦੌਰਾਨ ਦਿੱਤਾ ਜਾਵੇਗਾ। ਐਵਾਰਡ ਉਤੇ ਫੈ਼ਸਲਾ ਲੈਣ ਵਾਲੀ ਪੰਜ ਮੈਂਬਰੀ ਜਿਊਰੀ ਵਿਚ ਰਹਿਮਾਨ ਦੀ ਕਰੀਬੀ ਦੋਸਤ ਤੇ ਪਿਛਲੇ ਸਾਲ ਦੀ ਜੇਤੂ ਆਸ਼ਾ ਪਾਰਿਖ, ਅਭਿਨੇਤਾ ਚਿਰੰਜੀਵੀ, ਪਰੇਸ਼ ਰਾਵਲ ਤੇ ਪ੍ਰੋਸੰਨਜੀਤ ਚੈਟਰਜੀ ਅਤੇ ਨਿਰਮਾਤਾ-ਨਿਰਦੇਸ਼ਕ ਸ਼ੇਖਰ ਕਪੂਰ ਸ਼ਾਮਲ ਸਨ। ਦੇਸ਼ ਦੇ ਬਿਹਤਰੀਨ ਕਲਾਕਾਰਾਂ ’ਚ ਸ਼ੁਮਾਰ ਰਹਿਮਾਨ, ‘ਭਾਰਤਨਾਟਿਅਮ’ ’ਚ ਵੀ ਨਿਪੁੰਨ ਹੈ। ਵਹੀਦਾ ਨੇ ਦੇਵ ਆਨੰਦ ਦੇ ਨਾਲ ਗੁਰੂ ਦੱਤ ਦੀ ਫ਼ਿਲਮ ‘ਸੀਆਈਡੀ’ ਤੋਂ ਹਿੰਦੀ ਫ਼ਿਲਮਾਂ ਦੀ ਦੁਨੀਆ ਵਿਚ ਪੈਰ ਧਰਿਆ ਸੀ। ਇਸ ਸ਼ਾਨਦਾਰ ਸ਼ੁਰੂਆਤ ਤੋਂ ਬਾਅਦ ਵਹੀਦਾ ਨੇ ਕਈ ਗੰਭੀਰ ਤੇ ਮੁੱਖ ਧਾਰਾ ਦੀਆਂ ਫ਼ਿਲਮਾਂ ਕੀਤੀਆਂ ਜਿਨ੍ਹਾਂ ਵਿਚ ‘ਕਾਗਜ਼ ਕੇ ਫੂਲ’ ਤੇ ‘ਰਾਮ ਔਰ ਸ਼ਿਆਮ’ ਜਿਹੀਆਂ ਫ਼ਿਲਮਾਂ ਸ਼ਾਮਲ ਹਨ। ਵਹੀਦਾ ਰਹਿਮਾਨ ਦਾ ਛੇ ਦਹਾਕਿਆਂ ਦਾ ਕਰੀਅਰ ਵੱਖ-ਵੱਖ ਭਾਸ਼ਾਵਾਂ ਦੀਆਂ 90 ਫ਼ਿਲਮਾਂ ਤੱਕ ਫੈਲਿਆ ਹੋਇਆ ਹੈ। ਉਨ੍ਹਾਂ ‘ਬਲੈਕ ਐਂਡ ਵਾਈਟ’ ਸਿਨੇਮਾ ਤੋਂ ਰੰਗੀਨ ਫ਼ਿਲਮਾਂ ਤੱਕ ਅਤੇ ਮੁੱਖ ਭੂਮਿਕਾਵਾਂ ਤੋਂ ਕੈਮੀਓ ਰੋਲਾਂ ਤੱਕ ਦਾ ਸਫ਼ਰ ਮਾਣਿਆ ਹੈ। ਉਨ੍ਹਾਂ ਦੀਆਂ ਕੁਝ ਸਭ ਤੋਂ ਯਾਦਗਾਰੀ ਭੂਮਿਕਾਵਾਂ ਗੁਰੂ ਦੱਤ ਦੀਆਂ ਫ਼ਿਲਮਾਂ ਵਿਚ ਰਹੀਆਂ ਜਿਨ੍ਹਾਂ ’ਚ ‘ਪਿਆਸਾ’, ‘ਕਾਗਜ਼ ਕੇ ਫੂਲ’ ਤੇ ‘ਸਾਹਿਬ ਬੀਵੀ ਔਰ ਗ਼ੁਲਾਮ’ ਸ਼ਾਮਲ ਹਨ। ਦੇਵ ਆਨੰਦ ਨਾਲ ਉਨ੍ਹਾਂ ‘ਗਾਈਡ’, ‘ਪ੍ਰੇਮ ਪੁਜਾਰੀ’ ਵਿਚ ਕੰਮ ਕੀਤਾ। -ਪੀਟੀਆਈ

ਹਿੰਦੀ ਫ਼ਿਲਮਾਂ ਦੇ ਕਈ ਬੇਹੱਦ ਹਰਮਨਪਿਆਰੇ ਗੀਤ ਵਹੀਦਾ ’ਤੇ ਫ਼ਿਲਮਾਏ ਗਏ

ਹਿੰਦੀ ਫ਼ਿਲਮਾਂ ਦੇ ਕੁਝ ਸਭ ਤੋਂ ਹਰਮਨਪਿਆਰੇ ਗੀਤ ਵੀ ਵਹੀਦਾ ਰਹਿਮਾਨ ਉਤੇ ਫਿਲਮਾਏ ਗਏ ਸਨ ਜਿਨ੍ਹਾਂ ਵਿਚ ‘ਕਹੀਂ ਪੇ ਨਿਗਾਹੇਂ, ਕਹੀਂ ਪੇ ਨਿਸ਼ਾਨਾ (ਸੀਆਈਡੀ), ‘ਆਜ ਫਿਰ ਜੀਨੇ ਕੀ ਤਮੰਨਾ ਹੈ’, ‘ਪੀਆ ਤੋਸੇ ਨੈਨਾ ਲਾਗੇ ਰੇ’, (ਗਾਈਡ), ‘ਲੁਕਾ ਛੁਪੀ’ (ਰੰਗ ਦੇ ਬਸੰਤੀ) ਤੇ ‘ਗੇਂਦਾ ਫੂਲ’ (ਦਿੱਲੀ-6) ਸ਼ਾਮਲ ਹਨ। -ਪੀਟੀਆਈ