DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੱਚਿਆਂ ਨੂੰ ਬਣਾਓ ਸਹਿਣਸ਼ੀਲ

ਬਲਜਿੰਦਰ ਮਾਨ ਬੱਚਾ ਕੁਦਰਤ ਦੀ ਸਭ ਤੋਂ ਵੱਡੀ ਨਿਆਮਤ ਹੈ। ਇਸ ਨਿਆਮਤ ਵਿੱਚ ਹੀ ਸਾਰੇ ਸੰਸਾਰ ਦਾ ਭਵਿੱਖ ਛੁਪਿਆ ਹੋਇਆ ਹੈ। ਇਸ ਲਈ ਸਭ ਤੋਂ ਮਹੱਤਵਪੂਰਨ ਬੱਚਾ ਹੈ ਜਿਸ ਪ੍ਰਤੀ ਸਾਨੂੰ ਬਹੁਤ ਚੇਤੰਨ ਹੋਣ ਦੀ ਲੋੜ ਹੈ। ਮਨੋਵਿਗਿਆਨੀ ਲਿਖਦੇ ਹਨ...
  • fb
  • twitter
  • whatsapp
  • whatsapp
Advertisement

ਬਲਜਿੰਦਰ ਮਾਨ

ਬੱਚਾ ਕੁਦਰਤ ਦੀ ਸਭ ਤੋਂ ਵੱਡੀ ਨਿਆਮਤ ਹੈ। ਇਸ ਨਿਆਮਤ ਵਿੱਚ ਹੀ ਸਾਰੇ ਸੰਸਾਰ ਦਾ ਭਵਿੱਖ ਛੁਪਿਆ ਹੋਇਆ ਹੈ। ਇਸ ਲਈ ਸਭ ਤੋਂ ਮਹੱਤਵਪੂਰਨ ਬੱਚਾ ਹੈ ਜਿਸ ਪ੍ਰਤੀ ਸਾਨੂੰ ਬਹੁਤ ਚੇਤੰਨ ਹੋਣ ਦੀ ਲੋੜ ਹੈ। ਮਨੋਵਿਗਿਆਨੀ ਲਿਖਦੇ ਹਨ ਕਿ ਬੱਚੇ ਦੀ ਸ਼ਖ਼ਸੀਅਤ ਦੇ ਨਿਰਮਾਣ ਵਿੱਚ ਜ਼ੱਦ ਅਤੇ ਵਾਤਾਵਰਨ ਹਿੱਸਾ ਪਾਉਂਦੇ ਹਨ। ਮਾੜੀ ਜ਼ੱਦ ਦੇ ਪ੍ਰਭਾਵ ਨੂੰ ਚੰਗੇ ਵਾਤਾਵਰਨ ਨਾਲ ਬਦਲਿਆ ਜਾ ਸਕਦਾ ਹੈ। ਇਸ ਲਈ ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਅਸੀਂ ਬੱਚਿਆਂ ਵੱਲ ਜ਼ਿਆਦਾ ਧਿਆਨ ਨਹੀਂ ਦੇ ਰਹੇ। ਕੰਮਕਾਜ਼ੀ ਮਾਪੇ ਰੋਟੀ ਰੋਜ਼ੀ ਦੇ ਚੱਕਰ ਵਿੱਚ ਬੱਚਿਆਂ ਨੂੰ ਇਕੱਲੇ ਛੱਡ ਕੇ ਨੈੱਟ ਜਾਂ ਟੀਵੀ ਦੇ ਹਵਾਲੇ ਕਰੀ ਜਾ ਰਹੇ ਹਨ। ਜਦਕਿ ਇਨ੍ਹਾਂ ਸਾਧਨਾਂ ਦੀ ਵਰਤੋਂ ਬੜੇ ਸੁਚੱਜੇ ਢੰਗ ਨਾਲ ਕਰਨ ਦੀ ਲੋੜ ਹੈ। ਬੱਚਾ ਤਾਂ ਮਾਸੂਮ ਹੈ। ਉਸ ਦੀ ਮਾਸੂਮੀਅਤ ਦਾ ਲਾਭ ਉਠਾ ਕੇ ਵਪਾਰੀ ਲੋਕ ਉਸ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੇ ਹਨ। ਉਹ ਉਸ ਪਾਸੇ ਲਈ ਜਾ ਰਹੇ ਹਨ ਜਿਸ ਪਾਸੇ ਨਹੀਂ ਜਾਣਾ ਚਾਹੀਦਾ। ਇੰਟਰਨੈੱਟ ਦੇ ਨਕਾਰਾਤਮਕ ਪ੍ਰਭਾਵ ਇੰਨੇ ਗਹਿਰੇ ਹੋ ਗਏ ਹਨ ਕਿ ਕਈ ਕਲੀਆਂ ਅਤੇ ਫੁੱਲ ਖਿੜਨ ਤੋਂ ਪਹਿਲਾਂ ਹੀ ਮੁਰਝਾਉਣ ਲੱਗ ਪਏ ਹਨ।

ਸਿੰਗਲ ਫੈਮਿਲੀ ਸਿਸਟਮ ਵਿੱਚ ਬੱਚੇ ਨੂੰ ਦਾਦੀ ਨਾਨੀ ਦਾ ਲਾਡ ਨਹੀਂ ਮਿਲ ਰਿਹਾ। ਨਾ ਹੀ ਉਹ ਕਥਾ ਕਹਾਣੀਆਂ ਸੁਣਨ ਨੂੰ ਮਿਲਦੀਆਂ ਹਨ ਜਿਨ੍ਹਾਂ ਨਾਲ ਉਸ ਦੇ ਜੀਵਨ ਵਿੱਚ ਨਿਖਾਰ ਆਉਣਾ ਹੁੰਦਾ ਹੈ। ਸਿਰਫ਼ ਨੌਕਰਾਂ ਤੇ ਨੌਕਰਾਣੀਆਂ ਦੇ ਹੱਥਾਂ ਵਿੱਚ ਉਨ੍ਹਾਂ ਦਾ ਪਾਲਣ ਪੋਸ਼ਣ ਹੋ ਰਿਹਾ ਹੈ। ਹਾਈ-ਫਾਈ ਸੁਸਾਇਟੀ ਵਿੱਚ ਤਾਂ ਬੱਚਿਆਂ ਦੀ ਕਈ ਕਈ ਦਿਨ ਮਾਪਿਆਂ ਨਾਲ ਮੁਲਾਕਾਤ ਹੀ ਨਹੀਂ ਹੁੰਦੀ। ਉਹ ਨੌਕਰੀ ਅਤੇ ਬਿਜ਼ਨਸ ਦੇ ਚੱਕਰ ਵਿੱਚ ਆਪਣਾ ਨਿੱਜੀ ਸੰਸਾਰ ਹੀ ਭੁੱਲੀ ਫਿਰਦੇ ਹਨ। ਆਧੁਨਿਕ ਜ਼ਮਾਨੇ ਦੀ ਖੁੱਲ੍ਹ ਡੁੱਲ੍ਹ ਨੇ ਵੀ ਬਾਲ ਮਾਨਸਿਕਤਾ ਨੂੰ ਪ੍ਰਭਾਵਿਤ ਕੀਤਾ ਹੈ। ਅੱਜਕੱਲ੍ਹ ਸਾਡਾ ਬੱਚਿਆਂ ਨਾਲੋਂ ਨਾਤਾ ਟੁੱਟ ਗਿਆ ਹੈ। ਆਪਸੀ ਸੰਵਾਦ ਦੀ ਕਮੀ ਕਾਰਨ ਹੀ ਬੱਚੇ ਕੁਰਾਹੇ ਪੈ ਕੇ ਸਭ ਕੁਝ ਬਰਬਾਦ ਕਰਨ ਲੱਗ ਪਏ ਹਨ। ਪਿੰਡਾਂ ਵਿੱਚ ਵੀ ਹੁਣ ਬੱਚਿਆਂ ਨੂੰ ਬੋਹੜਾਂ ਹੇਠ ਜਾਂ ਹੋਰ ਸਾਂਝੀਆਂ ਥਾਵਾਂ ’ਤੇ ਵੱਡਿਆਂ ਦੀ ਸੰਗਤ ਨਸੀਬ ਨਹੀਂ ਹੋ ਰਹੀ। ਇਸੇ ਕਰਕੇ ਉਹ ਵੱਡਿਆਂ ਦਾ ਆਦਰ ਭੁੱਲੀ ਜਾ ਰਹੇ ਹਨ। ਦੂਜੇ ਬੰਨੇ ਮੀਡੀਆ ’ਤੇ ਜੋ ਪਰੋਸਿਆ ਜਾ ਰਿਹਾ ਹੈ, ਉਹ ਵੀ ਕਿਸੇ ਤੋਂ ਗੁੱਝਾ ਨਹੀਂ ਹੈ। ਮਾਪੇ ਬੱਚਿਆਂ ਹੱਥ ਚੰਗੀਆਂ ਕਿਤਾਬਾਂ ਦੇਣ ਦੀ ਬਜਾਏ ਬੰਦੂਕਾਂ ਤੇ ਪਿਸਤੋਲਾਂ ਵਰਗੇ ਖਿਡੌਣੇ ਫੜਾ ਰਹੇ ਹਨ। ਅਸਲ ਵਿੱਚ ਉਹ ਇਸ ਗੱਲ ਵਿੱਚ ਆਪਣਾ ਮਾਣ ਮਹਿਸੂਸ ਕਰਦੇ ਹਨ ਅਤੇ ਪੁਸਤਕਾਂ ਨੂੰ ਵਾਧੂ ਸਮਝਦੇ ਹਨ। ਜਦਕਿ ਜੀਵਨ ਨੂੰ ਸ਼ਿੰਗਾਰਨ ਵਿੱਚ ਪੁਸਤਕ ਦੀ ਭੂਮਿਕਾ ਬੜੀ ਅਹਿਮ ਹੈ। ਸੋ ਲੋੜ ਹੈ ਉਨ੍ਹਾਂ ਦੇ ਹੱਥ ਰੋਚਕ ਅਤੇ ਉਮਰ ਗੁੱਟ ਅਨੁਸਾਰ ਬਾਲ ਪੁਸਤਕਾਂ ਫੜਾਉਣ ਦੀ ਜਿਨ੍ਹਾਂ ਨਾਲ ਉਨ੍ਹਾਂ ਅੰਦਰ ਨੈਤਿਕ ਕਦਰਾਂ ਕੀਮਤਾਂ ਦਾ ਵਿਕਾਸ ਹੋ ਸਕੇ।

Advertisement

ਉੱਚੀਆਂ ਮੰਜ਼ਿਲਾਂ ਦੇ ਰਾਹ ਬਚਪਨ ਵਿੱਚ ਹੀ ਮਿੱਥੇ ਜਾਂਦੇ ਹਨ ਜਿਨ੍ਹਾਂ ’ਤੇ ਨੌਜਵਾਨਾਂ ਨੇ ਤੁਰਨਾ ਹੁੰਦਾ ਹੈ। ਸਿਰਫ਼ ਤੁਰਨਾ ਹੀ ਨਹੀਂ ਹੁੰਦਾ ਸਗੋਂ ਸੰਘਰਸ਼ ਨਾਲ ਮੰਜ਼ਿਲਾਂ ਨੂੰ ਪ੍ਰਾਪਤ ਕਰਨਾ ਹੁੰਦਾ ਹੈ। ਇਸ ਕਰਕੇ ਮੰਜ਼ਿਲਾਂ ਦੇ ਪਾਂਧੀ ਬਣਾਉਣ ਤੋਂ ਪਹਿਲਾਂ ਉਨ੍ਹਾਂ ਦੇ ਬਚਪਨ ਨੂੰ ਸ਼ਿੰਗਾਰਨ ਅਤੇ ਸੰਵਾਰਨ ਦੀ ਵਿਸ਼ੇਸ਼ ਲੋੜ ਹੁੰਦੀ ਹੈ। ਜਿਨ੍ਹਾਂ ਵਿਦਿਆਰਥੀਆਂ ਨੂੰ ਬਚਪਨ ਵਿੱਚ ਕਾਬਲ ਅਧਿਆਪਕ ਅਤੇ ਵਧੀਆ ਸੰਗਤ ਮਿਲ ਗਈ ਉਨ੍ਹਾਂ ਲਈ ਔਖੀਆਂ ਮੰਜ਼ਿਲਾਂ ਦੇ ਰਾਹ ਵੀ ਪੱਧਰੇ ਹੋ ਜਾਂਦੇ ਹਨ। ਇਸ ਲਈ ਜਿਹੜੇ ਬੱਚੇ ਬਚਪਨ ਵਿੱਚ ਮਿਹਨਤੀ ਤੇ ਸਿਰੜੀ ਬਣ ਜਾਂਦੇ ਹਨ, ਉਹ ਵੱਡੇ ਹੋ ਕੇ ਕਈ ਅਣਕਿਆਸੇ ਦਿਸਹੱਦਿਆਂ ਨੂੰ ਪਾਰ ਕਰ ਜਾਂਦੇ ਹਨ।

ਬੱਚਿਆਂ ਦੀ ਸੰਗਤ ਵੱਲ ਹਰ ਮਾਪੇ ਨੂੰ ਖ਼ਾਸ ਧਿਆਨ ਦੇਣ ਦੀ ਲੋੜ ਹੈ। ਬੱਚਿਆਂ ਪ੍ਰਤੀ ਸਰਕਾਰਾਂ ਨੇ ਕਦੀ ਸੁਹਿਰਦਤਾ ਨਾਲ ਕਾਰਜ ਨਹੀਂ ਕੀਤਾ ਕਿਉਂਕਿ ਉਹ ਵੋਟਰ ਨਹੀਂ ਹਨ। ਅੱਜ ਦੇ ਬੱਚਿਆਂ ਕੋਲ ਕਿਸੇ ਦੀ ਗੱਲ ਸੁਣਨ ਦੀ ਹਿੰਮਤ ਨਹੀਂ ਰਹੀ। ਸ਼ਾਇਦ ਸਾਡੇ ਘਰਾਂ ਵਿੱਚ ਹੁਣ ਅਜਿਹਾ ਮਾਹੌਲ ਹੀ ਨਹੀਂ ਰਿਹਾ। ਸਭ ਆਪੋ ਆਪਣੀ ਕਹਿਣ ਅਤੇ ਮਰਜ਼ੀ ਕਰਨ ਵਿੱਚ ਹੀ ਮਾਣ ਮਹਿਸੂਸ ਕਰਦੇ ਹਨ। ਜੇਕਰ ਅਸੀਂ ਖ਼ੁਦ ਵੱਡਿਆਂ ਦੀ ਗੱਲ ਗੌਰ ਨਾਲ ਸੁਣੀਏ ਤਾਂ ਬੱਚਿਆਂ ਵਿੱਚ ਵੀ ਅਜਿਹੇ ਗੁਣ ਪੈਦਾ ਹੋ ਸਕਦੇ ਹਨ। ਕਾਰਨ ਸਪੱਸ਼ਟ ਹੈ ਕਿ ਮਾਪੇ ਉਨ੍ਹਾਂ ਦੀ ਹਰ ਖਾਹਿਸ਼ ਬਿਨਾਂ ਲੋੜ ਦੇ ਵੀ ਪੂਰੀ ਕਰੀ ਜਾ ਰਹੇ ਹਨ। ਜਦੋਂ ਉਨ੍ਹਾਂ ਦੀ ਹਰ ਗੱਲ ਘਰ ਵਿੱਚ ਮੰਨੀ ਜਾਂਦੀ ਹੈ ਤਾਂ ਉਹ ਮਨਮਰਜ਼ੀ ਦੇ ਆਦੀ ਹੋ ਜਾਂਦੇ ਹਨ। ਜਿਸ ਕਰਕੇ ਕਿਸੇ ਦੀ ਕਹੀ ਗੱਲ ਉਨ੍ਹਾਂ ਨੂੰ ਝੱਟ ਚੁੱਭ ਜਾਂਦੀ ਹੈ ਤੇ ਉਹ ਗੁੱਸੇ ਵਿੱਚ ਆ ਕੇ ਮਾੜਾ ਚੰਗਾ ਕਰ ਬੈਠਦੇ ਹਨ। ਅਜਿਹੀਆਂ ਮਾੜੀਆਂ ਸਥਿਤੀਆਂ ਤੋਂ ਬਚਣ ਲਈ ਮਾਪਿਆਂ ਨੂੰ ਇਹ ਗੱਲ ਹਰ ਹਾਲ ਘਰ ਦੇ ਮਾਹੌਲ ਵਿੱਚ ਪੈਦਾ ਕਰਨੀ ਪਵੇਗੀ ਕਿ ਉਹ ਵੱਡਿਆਂ ਦੀ ਗੱਲ ਨੂੰ ਸੁਣਨ ਦਾ ਆਦੀ ਬਣਨ। ਸੋ ਅੱਜ ਮਾਪਿਆਂ ਅੱਗੇ ਸਭ ਤੋਂ ਵੱਡੀ ਸਮੱਸਿਆ ਹੈ ਬੱਚੇ ਨੂੰ ਸਹਿਣਸ਼ੀਲ ਬਣਾਉਣ ਦੀ। ਇਹ ਤਦ ਹੀ ਸੰਭਵ ਹੋ ਸਕਦਾ ਹੈ ਜੇਕਰ ਮਾਪਿਆਂ ਨੇ ਉਸ ਨੂੰ ਸੁਣਨ ਦੀ ਆਦਤ ਸਿਖਾਈ ਹੋਵੇਗੀ। ਜੇਕਰ ਘਰ ਵਿੱਚ ਬੱਚੇ ਦੀ ਮਰਜ਼ੀ ਚੱਲਦੀ ਹੈ ਫਿਰ ਤਾਂ ਕੋਈ ਗੱਲ ਕਹਿਣ ਤੋਂ ਪਹਿਲਾਂ ਸੌ ਵਾਰ ਵਿਚਾਰਨਾ ਹੋਵੇਗਾ। ਕਿਸੇ ਨੇ ਸੱਚ ਹੀ ਕਿਹਾ ਹੈ ਕਿ ਬੱਚਾ ਤੇ ਰੰਭਾ ਚੰਡੇ ਹੋਏ ਹੀ ਠੀਕ ਰਹਿੰਦੇ ਹਨ। ਇਹ ਤੱਥ ਸਦੀਆਂ ਪੁਰਾਣਾ ਹੋ ਕੇ ਅੱਜ ਵੀ ਸੱਚਾ ਹੈ।

ਅਜੋਕੀ ਪੀੜ੍ਹੀ ਦੇ ਬੱਚਿਆਂ ਨੂੰ ਨੈੱਟ ਦੇ ਮਾਇਆ ਜਾਲ ਤੋਂ ਬਚਾਉਣ ਲਈ ਮਾਪਿਆਂ ਤੇ ਅਧਿਆਪਕਾਂ ਨੂੰ ਸੁਚੇਤ ਹੋ ਕੇ ਕਾਰਜ ਕਰਨ ਦੀ ਲੋੜ ਹੈ। ਸਾਡੇ ਮਾਪਿਆਂ ਤੇ ਅਧਿਆਪਕਾਂ ਲਈ ਇਹ ਪ੍ਰੀਖਿਆ ਦੀ ਘੜੀ ਹੈ ਕਿ ਉਹ ਬੱਚਿਆਂ ਨੂੰ ਨੈੱਟ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਵਿੱਚ ਕਿਵੇਂ ਸਫਲ ਹੁੰਦੇ ਹਨ। ਇਸ ਵਾਸਤੇ ਸਭ ਤੋਂ ਪਹਿਲਾ ਕਦਮ ਉਨ੍ਹਾਂ ਦੇ ਮਨ ਵਿੱਚ ਬਾਲ ਉਮਰੇ ਰਚਨਾਤਮਕ ਕਾਰਜਾਂ ਪ੍ਰਤੀ ਰੁਚੀ ਪੈਦਾ ਕਰਨ ਲਈ ਨਰੋਈਆਂ ਬਾਲ ਪੁਸਤਕਾਂ ਦੇਣੀਆਂ ਹੋਣਗੀਆਂ। ਨੈਤਿਕਤਾ ਦੇ ਪ੍ਰਚਾਰ ਅਤੇ ਪਰਸਾਰ ਲਈ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੂਲਾਂ ਵਿੱਚ ਪੁਸਤਕ ਲੰਗਰ ਸ਼ੁਰੂ ਕਰਕੇ ਸ਼ਲਾਘਾਯੋਗ ਕਦਮ ਚੁੱਕਿਆ ਗਿਆ ਹੈ। ਆਓ, ਆਪਾਂ ਸਾਰੇ ਨਰੋਈਆਂ ਤੇ ਰੋਚਕ ਪੁਸਤਕਾਂ ਨੂੰ ਸਾਥੀ ਬਣਾ ਕੇ ਬਾਲ ਮਨਾਂ ਅੰਦਰ ਉੱਚੇ ਵਿਚਾਰ ਅਤੇ ਸਹਿਣਸ਼ੀਲਤਾ ਵਰਗੇ ਗੁਣ ਭਰੀਏ। ਸਾਡੇ ਘਰਾਂ ਵਿੱਚ ਵੱਡਿਆਂ ਦਾ ਆਦਰ ਹੋਣਾ ਬਹੁਤ ਜ਼ਰੂਰੀ ਹੈ ਜਿੱਥੋਂ ਬੱਚਿਆਂ ਨੇ ਸੰਸਕਾਰੀ ਬਣਨਾ ਹੈ।

ਸੰਪਰਕ: 98150-18947

Advertisement
×