DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੀਂਹ ਕਾਰਨ ਘੱਗਰ ਤੇ ਟਾਂਗਰੀ ਨਦੀ ’ਚ ਪਾਣੀ ਦਾ ਪੱਧਰ ਵਧਿਆ

ਨੇੜਲੇ ਪਿੰਡਾਂ ਦੇ ਲੋਕ ਫ਼ਿਕਰਮੰਦ; ਡਿਪਟੀ ਕਮਿਸ਼ਨਰ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ
  • fb
  • twitter
  • whatsapp
  • whatsapp
Advertisement

ਮੁਖਤਿਆਰ ਸਿੰਘ ਨੌਗਾਵਾਂ

ਦੇਵੀਗੜ੍ਹ, 30 ਜੂਨ

Advertisement

ਅਗੇਤੀ ਮੌਨਸੂਨ ਕਾਰਨ ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਜ਼ਿਲਾ ਪਟਿਆਲਾ ਵਿੱਚੋਂ ਲੰਘਦੇ ਘੱਗਰ ਦਰਿਆ ਅਤੇ ਟਾਂਗਰੀ ਨਦੀ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ। ਅੱਜ ਦੁਪਹਿਰ ਤੱਕ ਘੱਗਰ ਦਰਿਆ ਦਾ ਪਾਣੀ ਅੱਧ ਤੱਕ ਪਹੁੰਚ ਗਿਆ ਹੈ। ਇਸੇ ਤਰ੍ਹਾਂ ਟਾਂਗਰੀ ਨਦੀ ਦਾ ਪਾਣੀ ਵੀ ਕੰਡਿਆਂ ਤੱਕ ਵਹਿ ਰਿਹਾ ਹੈ।

ਲਗਾਤਾਰ ਮੀਂਹ ਪੈਣ ’ਤੇ ਟਾਂਗਰੀ ਨਦੀ ਦੇ ਬੰਨ੍ਹਾਂ ਵਿੱਚ ਪਾੜ ਵੀ ਪੈ ਸਕਦੇ ਹਨ, ਜਿਸ ਕਾਰਨ ਦੂਧਨ ਗੁਜਰਾਂ, ਦੂਧਨਸਾਧਾਂ, ਲੇਹਲਾਂ ਜਗੀਰ ਹਾਜੀਪੁਰ ਅਤੇ ਅਦਾਲਤੀਵਾਲਾ ਵਿੱਚ ਪਾਣੀ ਭਰ ਸਕਦਾ ਹੈ। ਇਸ ਨਾਲ ਕਿਸਾਨਾਂ ਦੀ ਝੋਨੇ ਦੀ ਫ਼ਸਲ ਦਾ ਨੁਕਸਾਨ ਵੀ ਹੋ ਸਕਦਾ ਹੈ। ਐਸਡੀਐੱਮ ਦੂਧਨਸਾਧਾਂ ਕਿਰਪਾਲਵੀਰ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਘੱਗਰ ਦਰਿਆ, ਟਾਂਗਰੀ, ਮਾਰਕੰਡਾ ਅਤੇ ਮੀਰਾਂਪੁਰ ਚੋਆ ਦੇ ਬੰਨ੍ਹਾਂ ਤੇ ਪੂਰੀ ਚੌਕਸੀ ਰੱਖੀ ਜਾ ਰਹੀ ਹੈ ਅਤੇ ਇਸ ਇਲਾਕੇ ਦੇ ਲੋਕਾਂ ਨੂੰ ਜੇਕਰ ਹੜ੍ਹ ਆ ਵੀ ਜਾਂਦੇ ਹਨ ਤਾਂ ਕਿਸੇ ਕਿਸਮ ਦੀ ਕੋਈ ਵੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।

ਘੱਗਾ/ਪਾਤੜਾਂ (ਰਵੇਲ ਸਿੰਘ ਭਿੰਡਰ/ਗੁਰਨਾਮ ਸਿੰਘ ਚੌਹਾਨ): ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਘੱਗਰ ਦਰ‌ਿਆ ਦਾ ਦੌਰਾ ਕਰਕੇ ਵਹਿ ਰਹੇ ਪਾਣੀ ਦਾ ਨਿਰੀਖਣ ਕੀਤਾ। ਉਨ੍ਹਾਂ ਸਥਾਨਕ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਤੇ ਡਰੇਨੇਜ ਵਿਭਾਗ ਵੱਲੋਂ ਪਾਣੀ ਦੇ ਵਹਾਅ ਦੀ ਸਥਿਤੀ ‘ਤੇ ਪਲ-ਪਲ ਦੀ ਨਿਗਰਾਨੀ ਰੱਖੀ ਜਾ ਰਹੀ ਹੈ, ਜਿਸ ਲਈ ਲੋਕਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਅਤੇ ਨਾ ਹੀ ਕਿਸੇ ਕਿਸਮ ਦੀਆਂ ਅਫ਼ਵਾਹਾਂ ‘ਤੇ ਯਕੀਨ ਕਰਨਾ ਚਾਹੀਦਾ ਹੈ। ਉਨ੍ਹਾਂ ਨਾਲ ਐੱਸਡੀਐੱਮ ਅਸ਼ੋਕ ਕੁਮਾਰ ਅਤੇ ਡਰੇਨੇਜ ਵਿਭਾਗ ਦੇ ਕਾਰਜਕਾਰੀ ਪ੍ਰਥਮ ਗੰਭੀਰ ਵੀ ਮੌਜੂਦ ਸਨ। ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਹੜ੍ਹਾਂ ਕਰਕੇ ਹੋਏ ਨੁਕਸਾਨ ਦੇ ਮੱਦੇਨਜ਼ਰ ਉਨ੍ਹਾਂ ਘੱਗਰ ਤੇ ਹੋਰਨਾਂ ਦਰਿਆਵਾਂ ਦੀਆਂ ਨਾਜ਼ੁਕ ਥਾਵਾਂ ਦਾ ਖ਼ੁਦ ਦੌਰਾ ਕੀਤਾ ਹੈ। ਉਨ੍ਹਾਂ ਸਥਾਨਕ ਲੋਕਾਂ ਨਾਲ ਗੱਲਬਾਤ ਕਰਕੇ ਫੀਡਬੈਕ ਲਈ ਤੇ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕੀਤੇ ਹਨ। ਐਕਸੀਐਨ ਪ੍ਰਥਮ ਗੰਭੀਰ ਨੇ ਦੱਸਿਆ ਕਿ ਡਰੇਨੇਜ਼ ਵਿਭਾਗ ਦੀ ਹਰਿਆਣਾ ਤੇ ਹਿਮਾਚਲ ਤੋਂ ਆਉਂਦੇ ਪਾਣੀ ਦੀਆਂ ਗੇਜਾਂ ’ਤੇ ਪੂਰੀ ਨਜ਼ਰ ਹੈ ਤੇ ਅਪਸਟਰੀਮ ਸਮੇਤ ਡਾਊਨ ਸਟਰੀਮ ’ਤੇ ਵੀ ਪੂਰਾ ਅਮਲਾ ਲਗਾਇਆ ਗਿਆ ਹੈ।

ਰੇਤ ਦੇ 50 ਹਜ਼ਾਰ ਗੱਟੇ ਭਰ ਕੇ ਰੱਖੇ: ਡੀਸੀ

ਮੂਨਕ (ਕਰਮਵੀਰ ਸਿੰਘ ਸੈਣੀ): ਡਿਪਟੀ ਕਮਿਸ਼ਨਰ ਸੰਗਰੂਰ ਸੰਦੀਪ ਰਿਸ਼ੀ ਅਤੇ ਜ਼ਿਲ੍ਹਾ ਪੁਲੀਸ ਮੁਖੀ ਸਰਤਾਜ ਸਿੰਘ ਚਾਹਲ ਨੇ ਅੱਜ ਮੂਨਕ ਖੇਤਰ ਵਿਖੇ ਸੰਭਾਵੀ ਹੜ੍ਹਾਂ ਦੀ ਰੋਕਥਾਮ ਹਿਤ ਘੱਗਰ ਦਰਿਆ ਦੇ ਹਾਲਾਤ ਦਾ ਜਾਇਜ਼ਾ ਲਿਆ। ਇਸ ਮੌਕੇ ਉਹਨਾਂ ਨੇ ਮਕਰੌੜ ਸਾਹਿਬ, ਟੋਹਾਣਾ ਰੋਡ ਵਿਖੇ ਘੱਗਰ ਦਰਿਆ ਦੇ ਪੁੱਲ ਸਮੇਤ ਘੱਗਰ ਦੇ ਆਲੇ ਦੁਆਲੇ ਦੀਆਂ ਵੱਖੋ ਵੱਖ ਥਾਂਵਾਂ ਦਾ ਦੌਰਾ ਕੀਤਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਕਰੌੜ ਸਾਹਿਬ ਤੋਂ ਥੱਲੇ ਨੂੰ ਦਰਿਆ ਦੀ ਚੌੜਾਈ ਘੱਟ ਜਾਂਦੀ ਹੈ ਅਤੇ ਪਾਣੀ ਦਾ ਪ੍ਰੈਸ਼ਰ ਵੱਧ ਜਾਂਦਾ ਹੈ, ਜਿਸ ਕਾਰਨ ਬੀਤੇ ਸਮਿਆਂ ਵਿੱਚ ਦਰਿਆ ਵਿੱਚ ਪਾੜ ਪੈਂਦੇ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 50 ਹਜ਼ਾਰ ਗੱਟੇ ਰੇਤੇ ਦੇ ਤਿਆਰ ਰੱਖੇ ਗਏ ਹਨ ਤੇ ਹੋਰ ਗੱਟੇ ਭਰਨ ਦਾ ਕੰਮ ਜਾਰੀ ਹੈ। ਇਸ ਦੇ ਨਾਲ ਨਾਲ ਲੋਹੇ ਦੇ ਜਾਲਾਂ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਜਿਵੇਂ ਹੀ ਹੜ੍ਹ ਸਬੰਧੀ ਕੋਈ ਅਲਰਟ ਪ੍ਰਾਪਤ ਹੁੰਦਾ ਹੈ ਤਾਂ ਫੌਰੀ ਹੀ ਪਿੰਡ ਵਾਸੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਤਬਦੀਲ ਕਰ ਦਿੱਤਾ ਜਾਵੇਗਾ।

Advertisement
×