ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 4 ਜੁਲਾਈ
ਮੀਂਹ ਕਾਰਨ ਸਬਜ਼ੀਆਂ ਦੀ ਘੱਟ ਆਮਦ ਕਾਰਨ ਸਬਜ਼ੀਆਂ ਦੇ ਭਾਅ ਅਸਮਾਨੀਂ ਜਾ ਚੜ੍ਹੇ ਹਨ। ਸਬਜ਼ੀ ਵਿਕਰੇਤਾ ਮੁਹੰਮਦ ਸ਼ਮਸ਼ਾਦ ਸ਼ਾਦੂ ਨੇ ਦੱਸਿਆ ਕਿ ਇਸ ਸਮੇਂ ਟਿੰਡੋ 100 ਰੁਪਏ ਕਿਲੋ, ਲੋਭੀਆ 100 ਰੁਪਏ ਪ੍ਰਤੀ ਕਿਲੋ, ਤੋਰੀ 60 ਰੁਪਏ ਕਿੱਲੋ, ਕਰੇਲਾ ਅਤੇ ਫੁੱਲ ਗੋਭੀ 60 ਰੁਪਏ ਕਿੱਲੋ, ਹਰੀ ਮਿਰਚ ਅਤੇ ਕੱਦੂ 40 ਰੁਪਏ ਕਿੱਲੋ, ਅਦਰਕ 150 ਰੁਪਏ ਕਿੱਲੋ, ਲਸਣ 100 ਰੁਪਏ ਕਿੱਲੋ, ਭਿੰਡੀ 50-60 ਰੁਪਏ ਕਿੱਲੋ, ਅਰਬੀ, ਬਤਾਊਂ, ਪੀਲੀ ਗਾਜਰ 30-35 ਰੁਪਏ ਕਿੱਲੋ, ਪੇਠਾ 20 ਰੁਪਏ ਕਿੱਲੋ, ਖੀਰਾ ਅਤੇ ਮੂਲੀ 80 ਰੁਪਏ ਕਿੱਲੋ, ਟਮਾਟਰ 40 ਰੁਪਏ ਕਿੱਲੋ, ਆਲੂ 20 ਰੁਪਏ ਪ੍ਰਤੀ ਕਿੱਲੋ ਵਿਕ ਰਹੇ ਹਨ।
ਸਬਜ਼ੀ ਖ਼ਰੀਦ ਰਹੇ ਸਰਬਜੀਤ ਮਹਿਤਾ ਨੇ ਕਿਹਾ ਕਿ ਮਹਿੰਗੇ ਅਦਰਕ, ਲਸਣ ਅਤੇ ਟਮਾਟਰ ਨੇ ਤੜਕੇ ਦਾ ਸੁਆਦ ਭੁਲਾ ਦਿੱਤਾ ਹੈ। ਰੋਹਿਤ ਸ਼ਰਮਾ ਨੇ ਕਿਹਾ ਕਿ ਸਬਜ਼ੀਆਂ ਦੀਆਂ ਵਧੀਆਂ ਕੀਮਤਾਂ ਨੇ ਰਸੋਈ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ। ਹਿਮਾਨੀ ਸ਼ਰਮਾ ਨੇ ਕਿਹਾ ਕਿ ਸਬਜ਼ੀਆਂ ਦੇ ਭਾਅ ਵਧਣ ਕਾਰਨ ਰਸੋਈ ਵਿੱਚ ਦਾਲਾਂ, ਕੜ੍ਹੀ ਅਤੇ ਚਟਣੀ ਦੀ ਪੁੱਛ ਪ੍ਰਤੀਤ ਵਧਣ ਲੱਗੀ ਹੈ। ਆੜ੍ਹਤੀਆ ਮੁਹੰਮਦ ਯਾਮੀਨ ਨੇ ਕਿਹਾ ਕਿ ਬਰਸਾਤ ਦੇ ਮੌਸਮ ਨੇ ਸਬਜ਼ੀ ਪੈਦਾਵਾਰ ਨੂੰ ਪ੍ਰਭਾਵਿਤ ਕੀਤਾ ਹੈ। ਸਬਜ਼ੀ ਕਾਸ਼ਤਕਾਰ ਮੁਹੰਮਦ ਤਾਰਿਕ ਨੇ ਦੱਸਿਆ ਕਿ ਮੀਂਹ ਅਤੇ ਗਰਮੀ ਕਾਰਨ ਪੈਦਾਵਾਰ ਪ੍ਰਭਾਵਿਤ ਹੋਈ ਹੈ। ਸਬਜ਼ੀ ਕਾਸ਼ਤਕਾਰ ਕੰਵਰ ਖ਼ਾਨਪੁਰ ਨੇ ਦੱਸਿਆ ਕਿ ਪਿਛਲੇ ਦਿਨੀਂ ਸਬਜ਼ੀ ਦੇ ਵਾਜਬ ਭਾਅ ਨਾ ਮਿਲਣ ਕਾਰਨ ਬਹੁਤੇ ਸਬਜ਼ੀ ਕਾਸ਼ਤਕਾਰਾਂ ਨੇ ਸਬਜ਼ੀ ਖੇਤਾਂ ਵਿੱਚ ਵਾਹ ਕੇ ਝੋਨਾ ਲਾ ਦਿੱਤਾ ਹੈ, ਜਿਸ ਨਾਲ ਮੰਡੀ ’ਚ ਸਬਜ਼ੀ ਦੀ ਆਮਦ ਘਟ ਗਈ ਹੈ।