ਝੱਖੜ ਕਾਰਨ ਡਿੱਗੇ ਦਰੱਖ਼ਤਾਂ ’ਤੇ ਅਜੇ ਤੱਕ ਨਹੀਂ ਪਈ ਜੰਗਲਾਤ ਵਿਭਾਗ ਦੀ ਨਿਗ੍ਹਾ
ਬੀਰਬਲ ਰਿਸ਼ੀ
ਧੂਰੀ/ਸ਼ੇਰਪੁਰ, 26 ਜੂਨ
ਹਾਦਸਿਆਂ ਨੂੰ ਸੱਦਾ ਦੇ ਰਹੇ ਸੜਕਾਂ ਦੇ ਐਨ ਕਿਨਾਰਿਆਂ ’ਤੇ ਤਕਰੀਬਨ ਦੋ ਮਹੀਨਿਆਂ ਤੋਂ ਝੱਖੜ ਹਨੇਰੀਆਂ ਨਾਲ ਡਿੱਗੇ ਪਏ ਦਰੱਖ਼ਤ ਵਿਭਾਗ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਨਿਗ੍ਹਾ ਨਹੀਂ ਪੈ ਰਹੇ। ਕੁੰਭਕਰਨੀ ਨੀਂਦ ਸੁੱਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਭਾਵੇਂ ਨਹਿਰੀ ਵਿਭਾਗ ਨੇ ਰਜਬਾਹਿਆਂ ਤੇ ਨਹਿਰਾਂ ਵਿੱਚ ਡਿੱਗੇ ਦਰੱਖ਼ਤ ਕੱਢਣ ਲਈ ਲਿਖੇ ਪੱਤਰਾਂ ’ਤੇ ਕੋਈ ਵੀ ਕਾਰਵਾਈ ਨਾ ਹੋਣ ਤੋਂ ਨਹਿਰੀ ਅਧਿਕਾਰੀ ਵੀ ਪ੍ਰੇਸ਼ਾਨ ਹਨ। ਯਾਦ ਰਹੇ ਕਿ ਪਿੰਡ ਜਹਾਂਗੀਰ ਤੋਂ ਸ਼ੇਰਪੁਰ ਤੱਕ ਸੜਕ ਦੇ ਕਿਨਾਰਿਆਂ ’ਤੇ ਪਏ ਦਰੱਖ਼ਤ ਚੁੱਕਣ ਲਈ ਲੰਘੀ 21 ਮਈ ਦੇ ‘ਪੰਜਾਬੀ ਟ੍ਰਿਬਿਊਨ’ ਵਿੱਚ ‘ਝੱਖੜ ਕਾਰਨ ਡਿੱਗੇ ਦਰੱਖ਼ਤਾਂ ਸੜਕਾਂ ਤੋਂ ਨਾ ਚੁੱਕਣ ਕਾਰਨ ਹਾਦਸਿਆਂ ਦਾ ਖਤਰਾ’ ਖ਼ਬਰ ਪ੍ਰਮੁੱਖਤਾ ਨਾਲ ਛਪੀ ਸੀ।
ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ, ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਅਲਾਲ ਅਤੇ ਬੀਕੇਯੂ ਰਾਜੇਵਾਲ ਦੇ ਜੀਤ ਸਿੰਘ ਜਹਾਂਗੀਰ ਨੇ ਕਿਹਾ ਕਿ ਸੜਕਾਂ ਦੇ ਕਿਨਾਰਿਆਂ ’ਤੇ ਪਏ ਦਰਖ਼ਤਾਂ ਨੂੰ ਲੰਮੇ ਸਮੇਂ ਤੋਂ ਨਾ ਚੁੱਕਣਾ ਡੂੰਘੀ ਜਾਂਚ ਦਾ ਵਿਸ਼ਾ ਹੈ ਕਿਉਂਕਿ ਇਨ੍ਹਾਂ ਦਰੱਖ਼ਤਾਂ ਕਾਰਨ ਰਾਤ ਸਮੇਂ ਸਕੂਟਰ, ਸਾਈਕਲ ਤੇ ਮੋਟਰਸਾਈਕਲ ਸਵਾਰਾਂ ਦੇ ਅਚਾਨਕ ਅੱਖਾਂ ਵਿੱਚ ਲਾਈਨ ਪੈਣ ਨਾਲ ਕਈ ਹਾਦਸੇ ਹੋ ਵੀ ਚੁੱਕੇ ਹਨ। ਇਸੇ ਦੌਰਾਨ 20 ਮਈ ਨੂੰ ਜੰਗਲਾਤ ਵਿਭਾਗ ਦੇ ਰੇਂਜ ਅਫ਼ਸਰ ਮਾਲੇਰਕੋਟਲਾ ਨੇ ਇਸ ਪ੍ਰਤੀਨਿਧ ਕੋਲ ਦਰੱਖ਼ਤ ਚੁਕਵਾਏ ਜਾਣ ਸਬੰਧੀ ਹਦਾਇਤ ਕਰਨ ਦਾ ਦਾਅਵਾ ਕੀਤਾ ਪਰ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ।
ਜੰਗਲਾਤ ਖੇਤਰ ਦੇ ਅਧਿਕਾਰ ਖੇਤਰ ਦਾ ਮਾਮਲਾ: ਐੱਸਡੀਓ
ਜਹਾਂਗੀਰ ਨਹਿਰ ਤੇ ਰਜਬਾਹੇ ’ਚ ਡਿੱਗੇ ਦਰੱਖ਼ਤਾਂ ਸਬੰਧੀ ਨਹਿਰੀ ਵਿਭਾਗ ਦੇ ਐੱਸਡੀਓ ਗੁਰਪਾਲ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਜੰਗਲਾਤ ਵਿਭਾਗ ਦੇ ਅਧਿਕਾਰ ਖੇਤਰ ਦਾ ਹੈ ਅਤੇ ਉਨ੍ਹਾਂ ਰੇਂਜ ਅਫ਼ਸਰ ਤੇ ਹੋਰ ਅਧਿਕਾਰੀਆਂ ਨੂੰ ਦੋ ਵਾਰ ਲਿਖਤੀ ਪੱਤਰ ਭੇਜ ਚੁੱਕੇ ਹਨ ਪਰ ਉਨ੍ਹਾਂ ਦਰੱਖ਼ਤਾਂ ਨੂੰ ਨਹਿਰ ਜਾਂ ਰਜਵਾਹੇ ’ਚੋਂ ਕੱਢਣ ਲਈ ਕੋਈ ਚਾਰਾਜੋਈ ਨਹੀਂ ਕੀਤੀ। ਐੱਸਡੀਓ ਨੇ ਕਿਹਾ ਕਿ ਉਨ੍ਹਾਂ ਆਪਣੇ ਪੱਧਰ ’ਤੇ ਕੁੱਝ ਥਾਈਂ ਉਪਰਾਲੇ ਜ਼ਰੂਰ ਕੀਤੇ ਸਨ। ਰੇਂਜ ਅਫ਼ਸਰ ਮਾਲੇਰਕੋਟਲਾ ਅਜੀਤ ਸਿੰਘ ਨੇ ਦੋਸ਼ਾਂ ਨੂੰ ਝੂਠ ਕਰਾਰ ਦਿੰਦਿਆਂ ਦੱਸਿਆ ਕਿ ਨਹਿਰ ਤੇ ਰਜਬਾਹਿਆਂ ਵਿੱਚ ਪਾਣੀ ਕਾਰਨ ਦਰੱਖ਼ਤ ਨਹੀਂ ਕੱਢੇ ਗਏ ਹੋਣੇ। ਉਨ੍ਹਾਂ ਕਿਹਾ ਕਿ ਰਹੀ ਗੱਲ ਸੜਕਾਂ ਦੇ ਕਿਨਾਰੇ ਪਏ ਦਰੱਖ਼ਤਾਂ ਦੀ ਤਾਂ 26 ਜੂਨ ਤੱਕ ਸੜਕਾਂ ਦੇ ਕਿਨਾਰਿਆਂ ’ਤੇ ਦਰੱਖ਼ਤ ਦਿਖਾਈ ਨਹੀਂ ਦੇਣਗੇ।