ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 29 ਅਗਸਤ
ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ’ਤੇ ਸਫ਼ਾਈ ਸੇਵਕਾਂ ਵੱਲੋਂ ਆਪਣੀਆਂ ਮੰਗਾਂ ਮੰਨਵਾਉਣ ਲਈ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਅਣਮਿਥੇ ਸਮੇਂ ਲਈ ਸ਼ੁਰੂ ਕੀਤੀ ਜ਼ਿਲ੍ਹਾ ਪੱਧਰੀ ਭੁੱਖ ਹੜਤਾਲ ਦੂਜੇ ਦਨਿ ਵੀ ਜਾਰੀ ਰਹੀ। ਭੁੱਖ ਹੜਤਾਲੀ ਕੈਂਪ ਵਿਚ ਸਫ਼ਾਈ ਸੇਵਕਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਸਫ਼ਾਈ ਸੇਵਕਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ ਕਰਨ ਦਾ ਦੋਸ਼ ਲਾਇਆ। ਭੁੱਖ ਹੜਤਾਲੀ ਸਫ਼ਾਈ ਸੇਵਕਾਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ।
ਅੱਜ ਦੂਜੇ ਦਨਿ ਪਰਮਿੰਦਰ ਸੰਗਰੂਰ, ਮੱਖਣ ਸਿੰਘ ਲਹਿਰਾਗਾਗਾ, ਸੁਨੀਲ ਲੌਂਗੋਵਾਲ, ਸੁਭਾਸ਼ ਚੰਦ ਖਨੌਰੀ, ਬਿੱਟੂ ਦਿੜਬਾ, ਪਰਮਜੀਤ ਸਿੰਘ ਧੂਰੀ, ਗੁਰਸੇਵਕ ਸਿੰਘ ਭਵਾਨੀਗੜ੍ਹ, ਧਰਮਿੰਦਰ ਸੁਨਾਮ ਅਤੇ ਜਸਵਿੰਦਰ ਮੂਨਕ ਭੁੱਖ ਹੜਤਾਲ ’ਤੇ ਬੈਠੇ। ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਸਲਾਹਕਾਰ ਕੁਲਦੀਪ ਸ਼ਰਮਾ, ਆਊਟ ਸੋਰਸ ਪ੍ਰਧਾਨ ਕੁਲਦੀਪ ਕਾਂਗੜਾ, ਰਵੀ ਕੁਮਾਰ ਸੂਬਾ ਕਮੇਟੀ ਮੈਂਬਰ, ਜ਼ਿਲ੍ਹਾ ਪ੍ਰਧਾਨ ਭਾਰਤ ਬੇਦੀ, ਸਥਾਨਕ ਪ੍ਰਧਾਨ ਅਜੇ ਕੁਮਾਰ, ਰਾਜੇ ਕੁਮਾਰ ਤੇ ਹਰਦੀਪ ਸਿੰਘ ਲੌਂਗੋਵਾਲ ਨੇ ਪੰਜਾਬ ਸਰਕਾਰ ’ਤੇ ਸਫ਼ਾਈ ਸੇਵਕਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਇਹ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਕੰਟਰੈਕਟ ਕਾਮਿਆਂ ਦੀਆਂ ਸੇਵਾਵਾਂ ਰੈਗੂਲਰ ਨਹੀਂ ਕੀਤੀਆਂ ਜਾਂਦੀਆਂ ਅਤੇ ਆਊਟਸੋਰਸ ਕਾਮਿਆਂ ਨੂੰ ਕੰਟਰੈਕਟ ’ਤੇ ਨਹੀਂ ਲਿਆ ਜਾਂਦਾ।