ਮਿਸ਼ਨ ਹਰਿਆਲੀ ਤਹਿਤ 8.5 ਲੱਖ ਪੌਦੇ ਲਾਉਣ ਦਾ ਟੀਚਾ
ਹਰਦੀਪ ਸਿੰਘ ਸੋਢੀ
ਧੂਰੀ, 6 ਜੁਲਾਈ
ਆਪਣਾ ਪੰਜਾਬ ਫਾਊਂਡੇਸ਼ਨ ਅਤੇ ਫੈੱਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ ਵੱਲੋਂ ਮਿਸ਼ਨ ਹਰਿਆਲੀ ਮੁਹਿੰਮ ਤਹਿਤ ਹਰ ਸਾਲ ਲੱਖਾਂ ਪੌਦੇ ਲਾਏ ਜਾਂਦੇ ਹਨ। ਇਸ ਸਬੰਧੀ ਡਾ. ਜਗਜੀਤ ਸਿੰਘ ਧੂਰੀ ਨੇ ਦੱਸਿਆ ਕਿ ਸਾਲ 2022 ਵਿੱਚ ਸਕੂਲੀ ਵਿਦਿਆਰਥੀਆਂ ਅਤੇ ਸਟਾਫ਼ ਨੇ 5 ਲੱਖ ਪੌਦੇ, ਸਾਲ 2023 ਵਿੱਚ 7 ਲੱਖ ਪੌਦੇ ਤੇ ਸਾਲ 2024 8 ਲੱਖ ਪੌਦੇ ਲਗਾ ਕੇ ਵਿਸ਼ਵ ਰਿਕਾਰਡ ਕਾਇਮ ਕੀਤੇ ਸਨ। ਇਸ ਸਾਲ ਮਿਸ਼ਨ ਹਰਿਆਲੀ 2025 ਤਹਿਤ 8.5 ਲੱਖ ਪੌਦੇ ਲਗਾਉਣ ਦਾ ਟੀਚਾ ਹੈ। ਇਸ ਮਿਸ਼ਨ ਦੌਰਾਨ ਹਰ ਇੱਕ ਸਕੂਲ ਆਪਣੇ ਵੱਲੋਂ ਘੱਟ ਤੋਂ ਘੱਟ 100 ਪੌਦੇ ਅਤੇ ਹਰ ਸਕੂਲ ਦਾ ਹਰ ਵਿਦਿਆਰਥੀ ਆਪਣੇ ਮਾਤਾ ਪਿਤਾ ਦੀ ਮੱਦਦ ਨਾਲ ਇੱਕ ਇੱਕ ਪੌਦਾ ਲਾਵੇਗਾ। ਉਨ੍ਹਾਂ ਕਿਹਾ ਕਿ ਇਹ ਨਵੇਕਲੀ ਗੱਲ ਇਹ ਹੈ ਕਿ ਵਿਦਿਆਰਥੀਆਂ ਨੂੰ ਇਨ੍ਹਾਂ ਪੌਦਿਆਂ ਨੂੰ ਪਾਲਣ ਦੀ ਜ਼ਿੰਮੇਵਾਰੀ ਵੀ ਦਿੱਤੀ ਜਾਂਦੀ ਹੈ। ਵਿਦਿਆਰਥੀਆਂ ਦੀ ਹੌਸਲਾਅਫਜ਼ਾਈ ਵੱਲੋਂ ਫਾਊਂਡੇਸ਼ਨ ਵੱਲੋਂ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ ਜਿਸ ਦੇ ਆਧਾਰ ’ਤੇ ਉਸ ਨੂੰ ਅੰਕ ਮਿਲਦੇ ਹਨ। ਉਨ੍ਹਾਂ ਕਿਹਾ ਕਿ ਫਾਊਂਡੇਸ਼ਨ ਵੱਲੋਂ ਪਾਣੀ ਬਚਾਉਣ ਦਾ ਹੋਕਾ ਵੀ ਦਿੱਤਾ ਜਾਂਦਾ ਹੈ। ਇਸ ਮੁਹਿੰਮ ਰਾਹੀਂ ਪੰਜਾਬ ਦੀਆਂ ਸਕੂਲੀ ਬੱਸਾਂ ਉੱਪਰ ਸਮਾਜ ਲਈ ਇੱਕ ਪੋਸਟਰ ਜ਼ਰੀਏ ਪਾਣੀ ਬਚਾਉਣ ਦਾ ਸੁਨੇਹਾ ਦਿੱਤਾ ਜਾਂਦਾ ਹੈ ਜਦਕਿ ਗੁਰੂ ਨਾਨਕ ਬਗੀਚੀਆਂ ਵੀ ਲਾਈਆਂ ਜਾਂਦੀਆਂ ਹਨ ਜਿਸ ਤਹਿਤ ਪੁਰਾਤਨ ਮੂਲ ਦਰੱਖਤ ਅਤੇ ਫ਼ਲਾਂ ਦੇ ਪੌਦੇ ਲਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਸਾਲ 50 ਗੁਰੂ ਨਾਨਕ ਬਗੀਚੀਆਂ ਲਗਾਉਣ ਦਾ ਟੀਚਾ ਵੀ ਫਾਊਂਡੇਸ਼ਨ ਵੱਲੋਂ ਪੂਰਾ ਕੀਤਾ ਜਾਵੇਗਾ। ਮਿਸ਼ਨ ਹਰਿਆਲੀ 2025 ਮਿਤੀ 7 ਤੋਂ 16 ਜੁਲਾਈ ਤੱਕ ਚੱਲੇਗੀ।