ਹੋਣਹਾਰ ਵਿਦਿਆਰਥਣਾਂ ਨੇ ਐੱਸਐੱਸਪੀ ਨਾਲ ਬਿਤਾਇਆ ਦਿਨ
ਪੱਤਰ ਪ੍ਰੇਰਕ
ਮਾਲੇਰਕੋਟਲਾ, 29 ਮਈ
ਮਾਲੇਰਕੋਟਲਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੀਆਂ ਦਸਵੀਂ ਜਮਾਤ ਦੀ ਮੈਰਿਟ ਸੂਚੀ ਵਿਚ ਆਈਆਂ ਤਿੰਨ ਹੋਣਹਾਰ ਵਿਦਿਆਰਥਣਾਂ ਨੇ ਜ਼ਿਲ੍ਹਾ ਪੁਲੀਸ ਮੁਖੀ ਤੇ ਓਲੰਪੀਅਨ ਗਗਨ ਅਜੀਤ ਸਿੰਘ ਨਾਲ ਸਾਰਾ ਦਿਨ ਬਿਤਾ ਕੇ ਪੁਲੀਸ ਸੇਵਾ ਦੀ ਕਾਰਜਸ਼ੈਲੀ, ਅਨੁਸ਼ਾਸਨ ਅਤੇ ਸਮਾਜ ਪ੍ਰਤੀ ਪੁਲੀਸ ਦੀ ਜ਼ਿੰਮੇਵਾਰੀ ਨੂੰ ਨੇੜਿਓਂ ਤੱਕਿਆ। ਇਨ੍ਹਾਂ ਵਿਦਿਆਰਥਣਾਂ ਵਿਚ ਸਕੂਲ ਆਫ ਐਮੀਨੈਂਸ ਸੰਦੌੜ ਦੀ 96 ਫ਼ੀਸਦੀ ਨੰਬਰ ਲੈਣ ਵਾਲੀ ਜਸਮੀਤ ਕੌਰ, ਸਰਕਾਰੀ ਹਾਈ ਸਕੂਲ ਨਾਰੋਮਾਜਰਾ ਦੀ 95.07 ਫ਼ੀਸਦੀ ਨੰਬਰ ਲੈਣ ਵਾਲੀ ਅਨਮੋਲ ਪ੍ਰੀਤ ਕੌਰ ਅਤੇ ਸਕੂਲ ਆਫ਼ ਐਮੀਨੈਂਸ ਬਾਗੜੀਆਂ ਦੀ 95.07 ਫ਼ੀਸਦੀ ਨੰਬਰ ਲੈਣ ਵਾਲੀ ਸਿਮਰਪ੍ਰੀਤ ਕੌਰ ਸ਼ਾਮਿਲ ਸਨ।ਜ਼ਿਲ੍ਹੇ ਦੀਆਂ ਹੋਣਹਾਰ ਵਿਦਿਆਰਥਣਾਂ ਨੂੰ ਪੁਲੀਸ ਪ੍ਰਸ਼ਾਸਨਿਕ ਸੇਵਾਵਾਂ ਪ੍ਰਤੀ ਉਤਸ਼ਾਹਿਤ ਕਰਕੇ ਉਨ੍ਹਾਂ ਦੇ ਸੁਪਨਿਆਂ ਨੂੰ ਖੰਭ ਲਾਉਣ ਦੇ ਇਰਾਦੇ ਨਾਲ ਪੰਜਾਬ ਸਰਕਾਰ ਵੱਲੋਂ ਵਿੱਢੀ ਇਸ ਮੁਹਿੰਮ ਦੌਰਾਨ ਐਸਐਸਪੀ ਉਲਿੰਪੀਅਨ ਗਗਨਅਜੀਤ ਸਿੰਘ ਨੇ ਵਿਦਿਆਰਥਣਾਂ ਨੂੰ ਨੈਤਿਕਤਾ ਦੀ ਮਹੱਤਤਾ , ਪੁਲੀਸ ਵਰਦੀ ਦੀ ਜ਼ਿੰਮੇਵਾਰੀ, ਜਜ਼ਬਾ ਅਤੇ ਜਨਤਾ ਨਾਲ ਮਾਨਵੀ ਇਨਸਾਫ ਆਦਿ ਬਾਰੇ ਜਾਣੂ ਕਰਵਾਇਆ। ਐੱਸਐੱਸਪੀ ਗਗਨ ਅਜੀਤ ਸਿੰਘ ਨੇ ਵਿਦਿਆਰਥੀਆਂ ਦਾ ਗੁਲਦਸਤਿਆਂ ਨਾਲ ਸਵਾਗਤ ਕੀਤਾ। ਵਿਦਿਆਰਥਣਾਂ ਨੂੰ ਪੁਲੀਸ ਵਿਭਾਗ ਦੇ ਕੰਟਰੋਲ ਰੂਮ, ਸਾਈਬਰ ਸੁਰੱਖਿਆ ਸੈੱਲ, ਮਹਿਲਾ ਸੈੱਲ, ਸਟੋਰੇਜ ਰੂਮ, ਸਾਂਝਾ ਕੇਂਦਰ ਅਤੇ ਹਿਰਾਸਤ ਸੈੱਲ ਆਦਿ ਦਾ ਦੌਰਾ ਕਰਵਾਇਆ ਗਿਆ।