ਗੁਰਦੀਪ ਸਿੰਘ ਲਾਲੀ
ਸੰਗਰੂਰ, 17 ਜੂਨ
ਹਾੜ ਮਹੀਨੇ ਦੀ ਸ਼ੁਰੂਆਤ ਵਿੱਚ ਪਏ ਮੀਂਹ ਨਾਲ ਲੋਕਾਂ ਨੂੰ ਕਹਿਰ ਦੀ ਗਰਮੀ ਤੋਂ ਰਾਹਤ ਮਿਲੀ ਹੈ। ਝੋਨੇ ਦੀ ਲਵਾਈ ਪੂਰੇ ਜ਼ੋਰਾਂ ’ਤੇ ਹੈ ਅਤੇ ਮੀਂਹ ਨਾਲ ਝੋਨੇ ਦੀ ਲਵਾਈ ’ਚ ਜੁਟੇ ਕਿਸਾਨ ਬਾਗੋਬਾਗ ਹੋ ਗਏ ਹਨ। ਜਾਣਕਾਰੀ ਅਨੁਸਾਰ ਅੱਜ ਮੀਂਹ ਨੇ ਸ਼ਹਿਰ ਜਲ-ਥਲ ਕਰ ਦਿੱਤਾ ਹੈ ਅਤੇ ਨਿਕਾਸੀ ਪ੍ਰਬੰਧਾਂ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਜਦੋਂ ਕਿ ਸਾਉਣ ਮਹੀਨੇ ਦੀਆਂ ਬਰਸਾਤਾਂ ਅਜੇ ਸਿਰ ’ਤੇ ਖੜ੍ਹੀਆਂ ਹਨ। ਅੱਜ ਅੰਮ੍ਰਿਤ ਵੇਲੇ ਹੀ ਤੇਜ਼ ਮੀਂਹ ਸ਼ੁਰੂ ਹੋਇਆ ਜਿਸ ਨਾਲ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉਥੇ ਸ਼ਹਿਰ ਦੀਆਂ ਜਨਤਕ ਥਾਵਾਂ ’ਤੇ ਭਰੇ ਪਾਣੀ ਨਾਲ ਆਮ ਜਨਜੀਵਨ ਵੀ ਪ੍ਰਭਾਵਿਤ ਹੋਇਆ ਹੈ। ਸ਼ਹਿਰ ਦੇ ਬੱਸ ਸਟੈਂਡ ਨਜ਼ਦੀਕ ਧੂਰੀ ਗੇਟ ਬਾਜ਼ਾਰ ਨੂੰ ਜਾਂਦੀ ਸੜਕ ਜਲਥਲ ਹੋ ਗਈ ਜਿਸ ਉਪਰ ਗੋਡੇ-ਗੋਡੇ ਪਾਣੀ ਭਰ ਗਿਆ ਹੈ। ਸ਼ਹਿਰ ਦੇ ਰੇਲਵੇ ਚੌਕ-ਰੈਸਟ ਹਾਊਸ ਰੋਡ, ਸਿਵਲ ਹਸਪਤਾਲ ਕੰਪਲੈਕਸ, ਐੱਸਡੀਐੱਮ ਕੰਪਲੈਕਸ ਦੇ ਅੱਗੇ ਵਾਲੀ ਅੰਦਰੂਨੀ ਸੜਕ ’ਤੇ ਪਾਣੀ ਭਰ ਗਿਆ। ਸ਼ਹਿਰ ਦੀਆਂ ਕਈ ਕਲੋਨੀਆਂ ਦੀਆਂ ਗਲੀਆਂ ਜਲਥਲ ਨਜ਼ਰ ਆਈਆਂ। ਦੋ ਪਹੀਆ ਵਾਹਨ ਚਾਲਕਾਂ ਅਤੇ ਪੈਦਲ ਚੱਲ ਕੇ ਬਾਜ਼ਾਰ ਜਾਣ ਵਾਲਿਆਂ ਨੂੰ ਗੋਡੇ-ਗੋਡੇ ਪਾਣੀ ’ਚੋਂ ਗੁਜ਼ਰਨਾ ਪਿਆ। ਝੋਨੇ ਦੀ ਲਵਾਈ ਜ਼ੋਰਾਂ ’ਤੇ ਹੋਣ ਅਤੇ ਕਹਿਰ ਦੀ ਪੈ ਰਹੀ ਗਰਮੀ ਦੇ ਮੱਦੇਨਜ਼ਰ ਵੱਧ ਰਹੇ ਤਾਪਮਾਨ ਕਾਰਨ ਭਾਵੇਂ ਕਿ ਬਿਜਲੀ ਦੀ ਮੰਗ ਪੂਰੇ ਸਿਖ਼ਰ ’ਤੇ ਪੁੱਜ ਗਈ ਸੀ ਪਰ ਮੌਸਮ ਦੀ ਕਰਵਟ ਨਾਲ ਪਾਵਰਕੌਮ ਨੂੰ ਵੀ ਵੱਡੀ ਰਾਹਤ ਮਿਲੀ ਹੈ। ਇਸ ਦੌਰਾਨ ਝੋਨੇ ਦੀ ਲਵਾਈ ਵਿੱਚ ਜੁਟੇ ਕਿਸਾਨਾਂ ਨੂੰ ਸੁੱਖ ਦਾ ਸਾਹ ਆਇਆ ਹੈ। ਪਾਣੀ ਤੋਂ ਪਿਆਸੇ ਖੇਤਾਂ ਦਾ ਸੀਨਾ ਠਾਰਨ ਲਈ ਕਿਸਾਨ ਜੱਦੋਜਹਿਦ ਕਰ ਰਹੇ ਸਨ ਪਰ ਅੱਜ ਦੀ ਤੇਜ਼ ਮੀਂਹ ਨਾਲ ਖੇਤ ਜਲਥਲ ਹੋ ਗਏ। ਮੀਂਹ ਨਾਲ ਝੋਨੇ ਦੀ ਲਵਾਈ ’ਚ ਹੋਰ ਤੇਜ਼ੀ ਆਉਣ ਦੀ ਸੰਭਾਵਨਾ ਹੈ।
ਪਟਿਆਲਾ ਤੇ ਨੇੜਲੇ ਖੇਤਰਾਂ ਵਿੱਚ ਮੀਂਹ
ਪਟਿਆਲਾ (ਗੁਰਨਾਮ ਸਿੰਘ ਅਕੀਦਾ): ਖੇਤਰ ਵਿੱਚ ਜਿੱਥੇ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਇਸ ਝੋਨਾ ਲਾ ਰਹੇ ਕਿਸਾਨਾਂ ਨੂੰ ਕਾਫ਼ੀ ਲਾਭ ਮਿਲਿਆ। ਬਿਜਲੀ ਦੀ ਮੰਗ 16500 ਮੈਗਾਵਾਟ ਤੋਂ ਘਟ ਕੇ 14400 ਮੈਗਾਵਾਟ ਰਹਿ ਗਈ। ਅੱਜ ਪਟਿਆਲਾ ਵਿਚ ਤਾਪਮਾਨ 31 ਡਿਗਰੀ ਰਿਹਾ। ਦੂਜੇ ਪਾਸੇ ਪਟਿਆਲਾ ਵਿਚ ਹੜ੍ਹ ਤੋਂ ਬਚਾਅ ਲਈ ਪੰਜਾਬ ਸਰਕਾਰ ਨੇ ਪਟਿਆਲਾ ਲਈ ਕੋਈ ਪੁਖ਼ਤਾ ਪ੍ਰਬੰਧ ਨਹੀਂ ਕੀਤੇ। ਲੋਕਾਂ ਦਾ ਦੋਸ਼ ਹੈ ਕਿ ਪਟਿਆਲਾ ਨਦੀ ਤੋਂ ਬਚਾਅ ਕਰਨ ਲਈ ਸਰਕਾਰ ਪੁਖ਼ਤਾ ਤੌਰ ’ਤੇ ਪ੍ਰਭਾਵੀ ਕੰਮ ਨਹੀਂ ਕਰ ਰਹੀ। ਦੂਜੇ ਪਾਸੇ ਪਟਿਆਲਾ ਕੋਲ ਬਣੇ ਨਿਕਾਸੀ ਨਾਲੇ ਦੀ ਸਫ਼ਾਈ ਦਾ ਪ੍ਰਬੰਧ ਵੀ ਨਹੀਂ ਕੀਤਾ ਗਿਆ। ਜਿਸ ਕਰਕੇ ਲੋਕਾਂ ਅੰਦਰ ਡਰ ਵੀ ਬਣਿਆ ਹੋਇਆ ਹੈ। ਹਲਕੀ ਬਾਰਸ਼ ਕਾਰਨ ਝੋਨਾ ਲਾ ਰਹੇ ਕਿਸਾਨਾਂ ਨੂੰ ਕਾਫ਼ੀ ਰਾਹਤ ਮਿਲੀ ਹੈ।