ਤਨਖ਼ਾਹਾਂ ਨਾ ਮਿਲਣ ਕਾਰਨ ਪੀਆਰਟੀਸੀ ਕਾਮਿਆਂ ਵੱਲੋਂ ਬੱਸ ਅੱਡਾ ਬੰਦ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 17 ਜੂਨ
ਪੰਜਾਬ ਰੋਡਵੇਜ਼, ਪਨਬੱਸ ਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੀ ਅਗਵਾਈ ਹੇਠ ਕੱਚੇ ਮੁਲਾਜ਼ਮਾਂ ਵਲੋਂ ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਅੱਜ ਕਰੀਬ ਅੱਧੇ ਘੰਟੇ ਲਈ ਬੱਸ ਸਟੈਂਡ ਦੇ ਮੁੱਖ ਗੇਟ ਬੰਦ ਕਰਕੇ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਪ੍ਰਤੀ ਰੋਸ ਵਿਖਾਵਾ ਕੀਤਾ ਗਿਆ। ਪ੍ਰਦਰਸ਼ਨਕਾਰੀ ਪੀਆਰਟੀਸੀ ਕਾਮਿਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਤੇ ਮੈਨੇਜਮੈਂਟ ਨੇ ਭਲਕੇ 18 ਜੂਨ ਤੱਕ ਖਾਤਿਆਂ ਵਿਚ ਤਨਖਾਹਾਂ ਨਾ ਪਾਈਆਂ ਤਾਂ 19 ਜੂਨ ਨੂੰ ਪਹਿਲੇ ਟਾਈਮ ਤੋਂ ਪੀਆਰਟੀਸੀ ਦੇ ਡਿੱਪੂ ਮੁਕੰਮਲ ਬੰਦ ਕੀਤੇ ਜਾਣਗੇ ਅਤੇ ਜੇਕਰ ਫ਼ਿਰ ਵੀ ਤਨਖਾਹ ਜਾਰੀ ਨਾ ਕੀਤੀ ਗਈ ਤਾਂ ਪੰਜਾਬ ਦੇ ਪੂਰੇ 27 ਡਿੱਪੂਆਂ ਨੂੰ ਬੰਦ ਕੀਤਾ ਜਾਵੇਗਾ।
ਕਰੀਬ ਅੱਧੇ ਘੰਟੇ ਬੱਸ ਸਟੈਂਡ ਦੇ ਮੁੱਖ ਗੇਟ ਬੰਦ ਰਹਿਣ ਕਾਰਨ ਕੋਈ ਵੀ ਬੱਸ ਅੰਦਰ ਦਾਖਲ ਨਾ ਹੋ ਸਕੀ ਅਤੇ ਨਾ ਹੀ ਅੰਦਰੋਂ ਕੋਈ ਬੱਸ ਬਾਹਰ ਆ ਸਕੀ ਜਿਸ ਕਾਰਨ ਮੁਸਾਫ਼ਰਾਂ ਨੂੰ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਯੂਨੀਅਨ ਆਗੂਆਂ ਡਿੱਪੂ ਪ੍ਰਧਾਨ ਹਰਪ੍ਰੀਤ ਸਿੰਘ ਗਰੇਵਾਲ, ਸਕੱਤਰ ਸੁਖਜਿੰਦਰ ਸਿੰਘ, ਸੂਬਾ ਆਗੂ ਕਰਮਜੀਤ ਸਿੰਘ ਕਰਮਾ, ਖਜ਼ਾਨਚੀ ਸਤਵਿੰਦਰ ਸਿੰਘ, ਸੁਖਵਿੰਦਰ ਸਿੰਘ ਸੁੱਖੀ ਅਤੇ ਜਤਿੰਦਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਲਗਭਗ ਚਾਰ ਸਾਲ ਬੀਤਣ ਵਾਲੇ ਹਨ ਜਿਸ ਦੌਰਾਨ ਸਰਕਾਰ ਅਤੇ ਮੈਨੇਜਮੈਂਟ ਨਾਲ ਅਨੇਕਾਂ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਇੱਕ ਵੀ ਮੰਗ ਨਹੀਂ ਮੰਨੀ ਗਈ ਸਗੋਂ ਉਲਟਾ ਮੁਲਾਜ਼ਮਾਂ ਨੂੰ ਤਨਖਾਹਾਂ ਵੀ ਸਮੇਂ ਸਿਰ ਨਹੀਂ ਦਿੱਤੀਆਂ ਜਾ ਰਹੀਆਂ। ਉਨ੍ਹਾਂ ਦੱਸਿਆ ਕਿ ਜੂਨ ਮਹੀਨੇ ਦੇ 17 ਦਿਨ ਬੀਤ ਚੁੱਕੇ ਹਨ ਪਰ ਹਾਲੇ ਤੱਕ ਮਈ ਮਹੀਨੇ ਦੀ ਤਨਖਾਹ ਵੀ ਨਹੀਂ ਦਿੱਤੀ ਗਈ ਜਿਸ ਕਾਰਨ ਮੁਲਾਜ਼ਮਾਂ ਨੂੰ ਭਾਰੀ ਆਰਥਿਕ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਪੀਆਰਟੀਸੀ ਨੂੰ ਮੁਨਾਫ਼ੇ ਵਿਚ ਦੱਸ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਭਾਵੇਂ ਕਿ ਬੱਸ ਸਟੈਂਡ ਦੋ ਘੰਟੇ ਤੱਕ ਬੰਦ ਰੱਖਣਾ ਸੀ ਪਰ ਪੀਆਰਟੀਸੀ ਦੇ ਡੀ.ਐਮ ਵਲੋਂ ਮੀਟਿੰਗ ਕਰਕੇ ਭਰੋਸਾ ਦਿੱਤੇ ਜਾਣ ਮਗਰੋਂ ਅੱਧੇ ਘੰਟੇ ਬਾਅਦ ਹੀ ਬੱਸ ਸਟੈਂਡ ਦੇ ਗੇਟ ਖੋਲ੍ਹ ਦਿੱਤੇ ਗਏ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਭਲਕੇ 18 ਜੂਨ ਨੂੰ ਤਨਖਾਹ ਜਾਰੀ ਨਾ ਹੋਈ ਤਾਂ 19 ਜੂਨ ਨੂੰ ਪੀਆਰਟੀਸੀ ਦੇ ਡਿੱਪੂ ਮੁਕੰਮਲ ਬੰਦ ਕੀਤੇ ਜਾਣਗੇ।