ਪੈਨਸ਼ਨਰਾਂ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਦਾ ਵਿਰੋਧ
ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 13 ਜੁਲਾਈ
ਦਿ ਸੁਨਾਮ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਜਥੇਬੰਦੀ ਦੇ ਸੂਬਾਈ ਆਗੂ ਪ੍ਰੇਮ ਚੰਦ ਅਗਰਵਾਲ ਅਤੇ ਪ੍ਰਧਾਨ ਗੁਰਬਖਸ਼ ਸਿੰਘ ਜਖੇਪਲ ਦੀ ਪ੍ਰਧਾਨਗੀ ਹੇਠ ਸਥਾਨਕ ਪੈਨਸ਼ਨ ਭਵਨ ਵਿੱਚ ਹੋਈ, ਜਿਸ ਵਿਚ ਸਭਤੋਂ ਪਹਿਲਾਂ ਵਿੱਛੜ ਗਏ ਸਾਥੀਆਂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਦੌਰਾਨ ਕਾਮਰੇਡ ਮੋਹਨ ਲਾਲ ਨੇ ਕੇਂਦਰ ਸਰਕਾਰ ਦੀਆਂ ਮੁਲਾਜ਼ਮ ਅਤੇ ਪੈਨਸ਼ਨਰ ਮਾਰੂ ਨੀਤੀਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਜਾਣ-ਬੁੱਝਕੇ ਅੱਖੋਂ-ਪਰੋਖੇ ਕਰ ਰਹੀ ਹੈ। ਇਸ ਮੌਕੇ ਡਾ. ਸ਼ਮਿੰਦਰ ਸਿੰਘ ਸਿੱਧੂ, ਮਦਨ ਲਾਲ ਬਾਂਸਲ, ਬਿੱਕਰ ਸਿੰਘ ਸ਼ੇਰੋਂ, ਬਲਵੰਤ ਸਿੰਘ ਸ਼ੇਰੋਂ, ਅਮਰੀਕ ਸਿੰਘ ਖੰਨਾ, ਕੁਲਦੀਪ ਪਾਠਕ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਮੰਨਣ ਤੋਂ ਵੀ ਟਾਲ-ਮਟੋਲ ਕਰ ਰਹੀ ਹੈ। ਇਸ ਸਮੇਂ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਜਨਰਲ ਸਕੱਤਰ ਚੇਤ ਰਾਮ ਢਿੱਲੋਂ ਵਲੋਂ ਨਿਭਾਈ ਗਈ ਜਦੋਂ ਕਿ ਵਿੱਤ ਸਕੱਤਰ ਗਿਰਧਾਰੀ ਲਾਲ ਜਿੰਦਲ ਨੇ ਲੇਖਾ-ਜੋਖਾ ਪੜ੍ਹ ਕੇ ਸੁਣਾਇਆ। ਅੰਤ ਵਿਚ ਪ੍ਰੇਮ ਚੰਦ ਅਗਰਵਾਲ ਵਲੋਂ ਜਥੇਬੰਦੀ ਦੇ ਆਗੂਆਂ ਦੀਆਂ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਮੀਟਿੰਗਾਂ ਜ਼ਰੀਏ ਹੋਈ ਗੱਲਬਾਤ ਤੋਂ ਜਾਣੂ ਕਰਵਾਇਆ ਗਿਆ।