ਔਰਤਾਂ ਦੀ ਲਈ ਵਰਦਾਨ ਸਾਬਤ ਹੋ ਰਹੀ ਹੈ ਪਹਿਲ ਮੰਡੀ
ਨਿੱਜੀ ਪੱਤਰ ਪ੍ਰੇਰਕ
ਸੰੰਗਰੂਰ, 14 ਜੁਲਾਈ
ਜ਼ਿਲ੍ਹਾ ਪ੍ਰਸ਼ਾਸਨ ਦੇ ਪਹਿਲ ਪ੍ਰਾਜੇਕਟ ਤਹਿਤ ਸੈਲਫ ਹੈਲਪ ਗਰੁੱਪ ਮੈਂਬਰ ਅਤੇ ਆਰਗੈਨਿਕ ਕਿਸਾਨਾਂ ਨੂੰ ਮਾਰਕੀਟਿੰਗ ਪਲੇਟਫਾਰਮ ਮੁਹੱਈਆ ਕਰਵਾਉਣ ਲਈ ਸ਼ਰੁੂ ਕੀਤੀ ਹਫਤਾਵਰੀ ‘ਪਹਿਲ ਮੰਡੀ’ ਕਿਸਾਨਾਂ ਅਤੇ ਪੇਂਡੂ ਔਰਤਾਂ ਦੀ ਆਰਥਿਕ ਮਜ਼ਬੂਤੀ ਲਈ ਵਰਦਾਨ ਸਾਬਤ ਹੋ ਰਹੀ ਹੈ। ਸਥਾਨਕ ਬੀਐੱਸਐੱਨਐੱਲ ਪਾਰਕ ਨਜ਼ਦੀਕ ਲੱਗੀ ‘ਪਹਿਲ ਮੰਡੀ’ ਦੌਰਾਨ ਮੰਡੀ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਮਰਜੀਤ ਸਿੰਘ ਮਾਨ ਨੇ ਦੱਸਿਆ ਕਿ ‘ਪਹਿਲ ਮੰਡੀ’ ਵਿੱਚ ਆਰਗੈਨਿਕ ਆਟਾ, ਆਰਗੈਨਿਕ ਮਸਾਲੇ, ਆਰਗੈਨਿਕ ਦਾਲਾਂ, ਸਬਜ਼ੀਆਂ, ਆਚਾਰ, ਮੁਰੱਬੇ, ਖੋਏ ਦੀ ਤਾਜ਼ਾ ਬਰਫ਼ੀ, ਚਾਟੀ ਦੀ ਲੱਸੀ, ਗੋਲ ਗੱਪੇ, ਪੀਨਟ ਬੱਟਰ, ਚੂਰਨ, ਆਲੂ-ਟਿੱਕੀ, ਗੁੜ-ਸ਼ੱਕਰ, ਲੱਕੜ ਘਾਣੀ ਰਾਹੀਂ ਕੱਢੇ ਵੱਖ -ਵੱਖ ਕਿਸਮ ਦੇ ਤੇਲ, ਸ਼ਹਿਦ ਵਰਗੇ ਸ਼ੁੱਧ ਚੀਜ਼ਾਂ ਤੋਂ ਇਲਾਵਾ ਰਸੋਈ ਦਾ ਸਾਰਾ ਸਾਮਾਨ ਅਤੇ ਸਰਫ, ਦੇਸੀ ਤਰੀਕੇ ਨਾਲ ਬਣਾਈਆਂ ਸਾਬਣਾਂ ਆਦਿ ਉਪਲਬਧ ਕਰਵਾਏ ਜਾ ਰਹੇ ਹਨ। ਇਹ ਸਾਰੇ ਉਤਪਾਦ ਸੈਲਫ਼ ਹੈਲਪ ਗਰੁੱਪਾਂ ਜਾਂ ਕਿਸਾਨਾਂ ਵੱਲੋਂ ਆਪ ਤਿਆਰ ਕੀਤੇ ਜਾਂਦੇ ਹਨ ਜਿਸ ਕਾਰਨ ਇਨ੍ਹਾਂ ਉਤਪਾਦਾਂ ਦੀ ਉਚ ਗੁਣਵੱਤਾ ’ਤੇ ਭਰੋਸਾ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪਹਿਲ ਮੰਡੀ ਰਾਹੀਂ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਹੋਏ ਹਨ। ਉਨ੍ਹਾਂ ਦੱਸਿਆ ਕਿ ਪਹਿਲ ਮੰਡੀ ਵਿਚ ਸਟਾਲਾਂ ਲਗਾਉਣ ਵਾਲੇ ਸੈਲਫ ਹੈਲਪ ਗਰੁੱਪ ਅਤੇ ਕਿਸਾਨ ਸਾਮਾਨ ਪ੍ਰੋਸੈਸ ਕਰਕੇ ਆਪਣਾ ਬਰਾਂਡ ਬਣਾ ਕੇ ਵੇਚਦੇ ਹਨ। ਉਨ੍ਹਾਂ ਦੱਸਿਆ ਕਿ ਇੱਕ ਲੜਕੀ ਨੂੰ ਪਹਿਲ ਮੰਡੀ ਦੀਆਂ ਗਤੀਵਿਧੀਆਂ ਵਿਚ ਭਾਗ ਲੈਣ ਕਾਰਨ ਖੇਤੀਬਾੜੀ ਯੂਨੀਵਰਸਿਟੀ ਤੋਂ ਸਟੇਟ ਐਵਾਰਡ ਮਿਲ ਚੁੱਕਿਆ ਹੈ। ਇਸ ਮੌਕੇ ਰਾਜਿੰਦਰ ਕੁਮਾਰ ਉਤਪਾਦ ਵਿਕਾਸ ਅਤੇ ਪ੍ਰਬੰਧਨ ਅਫ਼ਸਰ, ਰਾਜ ਕੁਮਾਰ ਅਰੋੜਾ, ਜਗਦੇਵ ਸਿੰਘ ਸਤੌਜ, ਸੁਖਚੈਨ ਸਿੰਘ, ਜਸਪ੍ਰੀਤ ਕੌਰ ਨੰਦਗੜ੍ਹ, ਸੰਦੀਪ ਕੌਰ ਬਾਲੀਆਂ, ਹਰਪ੍ਰੀਤ ਕੌਰ ਮਾਨ, ਕਰਮਜੀਤ ਸਿੰਘ ਬੱਬਨਪੁਰ, ਦਰਸ਼ਨ ਸਿੰਘ ਪੇਧਨੀ ਕਲਾਂ, ਗੁਰਪ੍ਰੀਤ ਸਿੰਘ ਨਾਭਾ ਅਤੇ ਹਰਵਿੰਦਰ ਸਿੰਘ ਆਦਿ ਹਾਜ਼ਰ ਸਨ।