ਦੇਸ਼-ਵਿਆਪੀ ਹੜਤਾਲ ਲਈ ਜਥੇਬੰਦੀਆਂ ਦੀ ਮੀਟਿੰਗ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 4 ਜੁਲਾਈ
ਸੀਟੂ, ਏਟਕ, ਏਐੱਫਟੂ, ਸੀਟੀਯੂ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਕਾਮਰੇਡ ਜੋਗਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਕ ਸੁਤੰਤਰ ਭਵਨ ਵਿਖੇ ਹੋਈ ਜਿਸ ਆਂਗਣਵਾੜੀ ਮੁਲਾਜ਼ਮ ਯੂਨੀਅਨ, ਪੀਆਰਟੀਸੀ ਵਰਕਰਜ਼ ਯੂਨੀਅਨ, ਨਰੇਗਾ ਮਜ਼ਦੂਰ, ਭੱਠਾ ਮਜ਼ਦੂਰ, ਪੈਪਸਿਕੋ ਅਤੇ ਬਿਜਲੀ ਬੋਰਡ ਦੀਆਂ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਟੂ ਦੇ ਜਨਰਲ ਸਕੱਤਰ ਇੰਦਰਪਾਲ ਪੁੰਨਾਂਵਾਲ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਵਪਾਰਕ ਅਦਾਰਿਆਂ ਵਿਚ ਕੰਮ ਕਰਨ ਦਾ ਸਮਾਂ 8 ਘੰਟੇ ਤੋਂ ਵਧਾ ਕੇ 12 ਮਹੀਨੇ ਅਤੇ ਤਿੰਨ ਮਹੀਨਿਆਂ ਦੌਰਾਨ 50 ਤੋਂ ਵਧਾ ਕੇ 144 ਘੰਟੇ ਕਰਨ ਦੀ ਖੁੱਲ੍ਹ ਦਿੱਤੀ ਹੈ। ਫੈਕਟਰੀ ਅਤੇ ਹੋਰ ਕਾਰੋਬਾਰੀ ਸਰਮਾਏਦਾਰਾਂ ਨੂੰ ਨਵੀਆਂ ਉਸਾਰੀਆਂ ਵਿੱਚ ਫਾਇਰ ਕੰਟਰੋਲ ਅਧਿਕਾਰੀਆਂ ਦੀ ਪਹਿਲਾਂ ਮਨਜ਼ੂਰੀ ਤੋਂ ਬਿਨਾਂ ਨਿਰਮਾਣ ਕਰਨ ਦੀ ਖੁੱਲ੍ਹ ਦੇ ਦਿੱਤੀ ਹੈ। ਅਜਿਹੇ ਮਾਰੂ ਫੈਸਲਿਆਂ ਖ਼ਿਲਾਫ਼ ਟਰੇਡ ਯੂਨੀਅਨਾਂ ਵਲੋਂ 9 ਜੁਲਾਈ ਨੂੰ ਦੇਸ਼-ਵਿਆਪੀ ਮੁਕੰਮਲ ਹੜਤਾਲ ਕਰਨ ਦਾ ਫ਼ੈਸਲਾ ਲਿਆ ਹੈ ਅਤੇ ਇਸ ਹੜਤਾਲ ’ਚ ਜਥੇਬੰਦੀਆਂ ਉਤਸ਼ਾਹ ਨਾਲ ਸ਼ਾਮਲ ਹੋਣਗੀਆਂ। ਇਸ ਮੌਕੇ ਸ਼ਾਮਲ ਸੁਖਦੇਵ ਸ਼ਰਮਾ, ਮੇਲਾ ਸਿੰਘ, ਨਵਦੀਪ ਸਿੰਘ ਏਟਕ ਯੂਨੀਅਨ, ਰਾਮ ਸਿੰਘ ਸੋਹੀਆਂ, ਸਤਬੀਰ ਸਿੰਘ ਤੁੰਗਾਂ, ਸਿੰਗਾਰਾ ਸਿੰਘ ਬਲਿਆਲ, ਤ੍ਰਿਸ਼ਨਜੀਤ ਕੌਰ, ਮਨਦੀਪ ਕੁਮਾਰੀ, ਜਸਵਿੰਦਰ ਕੌਰ ਨੀਲੋਵਾਲ, ਸ਼ਕੁੰਤਲਾ ਧੂਰੀ, ਛਤਰਪਾਲ ਕੌਰ ਭਵਾਨੀਗੜ੍ਹ ਅਤੇ ਗੋਬਿੰਦ ਛਾਜਲੀ ਹਾਜ਼ਰ ਸਨ।