ਰਮੇਸ਼ ਭਾਰਦਵਾਜ
ਲਹਿਰਾਗਾਗਾ, 10 ਮਾਰਚ
ਸ਼ਹਿਰ ਦੇ ਪਿੰਡ ਵਾਲੇ ਪਾਸੇ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਪ੍ਰਬੰਧ ਨਾਕਸ ਹਨ ਜਿਸ ਖ਼ਿਲਾਫ਼ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਪੁੱਤਰ ਅਤੇ ਪੀਪੀਸੀਸੀ ਮੈਂਬਰ ਰਾਹੁਲਇੰਦਰ ਸਿੰਘ ਸਿੱਧੂ ਨੇ ਸਮੇਤ ਸ਼ਹਿਰ ਵਾਸੀਆਂ ਨਾਲ ਖਾਲੀ ਭਾਂਡੇ ਖੜਕਾ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਰਾਹੁਲਇੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪਿੰਡ ਵਾਲੇ ਪਾਸੇ ਰਾਮੇ ਵਾਲੀ ਖੂਈ ਕੋਲ ਕਈ ਦਿਨਾਂ ਤੋਂ ਲੋਕ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਉਨ੍ਹਾਂ ਦੱਸਿਆ ਕਿ ਵਾਟਰ ਵਰਕਸ ਦੀ ਮੋਟਰ ਜ਼ਿਆਦਾਤਰ ਖਰਾਬ ਹੀ ਰਹਿੰਦੀ ਹੈ, ਇਸ ਲਈ ਉੱਥੇ ਵੱਖਰੇ ਤੌਰ ’ਤੇ ਦੋ ਮੋਟਰਾਂ ਦਾ ਹੋਰ ਇੰਤਜ਼ਾਮ ਹੋਣਾ ਚਾਹੀਦਾ ਹੈ। ਇਸ ਮੌਕੇ ਸ੍ਰੀ ਸਿੱਧੂ ਸਮੇਤ ਹਾਜ਼ਰ ਔਰਤਾਂ ਅਤੇ ਮਰਦਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪਾਣੀ ਦੀ ਸਪਲਾਈ ਵਿੱਚ ਸੁਧਾਰ ਨਾ ਹੋਇਆ ਤਾਂ ਉਨ੍ਹਾਂ ਵੱਲੋਂ ਆਰ-ਪਾਰ ਦੀ ਲੜਾਈ ਲੜਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜਲ ਸਰੋਤ ਮੰਤਰੀ ਅਤੇ ਸਬੰਧਤ ਅਫ਼ਸਰਾਂ ਦੇ ਘਰ ਵੀ ਘੇਰੇ ਜਾਣਗੇ। ਇਸ ਸਮੇਂ ਪੰਮੀ ਗੋਇਲ, ਬੀਨਾ ਰਾਣੀ, ਤਾਰਾਵੰਤੀ, ਤਵੰਤਰੀ ਸ਼ਰਮਾ, ਪ੍ਰਾਚੀ ਸ਼ਰਮਾ, ਸਰਬਜੀਤ ਕੌਰ, ਸ਼ਾਲੂ, ਆਸਰੋ ਦੇਵੀ, ਇੰਦਰ ਦੇਵੀ, ਵਿੱਕੀ ਸ਼ਰਮਾ, ਚਰਨਜੀਤ ਸ਼ਰਮਾ, ਸ਼ਕਤੀ ਤਾਇਲ, ਸ਼ੈਂਕੀ, ਸ਼ਿਵਜੀ ਸੰਗਤਪੁਰਾ ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ, ਲਾਡੀ ਚੰਗਾਲੀਵਾਲਾ ਮੌਜੂਦ ਸਨ।
ਨਗਰ ਕੌਂਸਲ ਲਹਿਰਾਗਾਗਾ ਦੀ ਪ੍ਰਧਾਨ ਬੀਬੀ ਕਾਂਤਾ ਗੋਇਲ ਨੇ ਕਿਹਾ ਕਿ ਉਹ ਇਸ ਮੁਸ਼ਕਲ ਦਾ ਹੱਲ ਕੈਬਨਿਟ ਮੰਤਰੀ ਬਰਿੰਦਰ ਗੋਇਲ ਨਾਲ ਗੱਲਬਾਤ ਕਰ ਕੇ ਕਰਵਾ ਰਹੇ ਹਨ।