ਕਿਰਤੀ ਕਿਸਾਨ ਯੂਨੀਅਨ ਵੱਲੋਂ ਜਬਰ ਵਿਰੋਧੀ ਰੈਲੀ ਦੀ ਤਿਆਰੀ
ਸੁਭਾਸ਼ ਚੰਦਰ
ਸਮਾਣਾ, 14 ਜੁਲਾਈ
ਕਿਰਤੀ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਪੂਨੀਆ ਦੀ ਅਗਵਾਈ ਹੇਠ ਜਥੇਬੰਦੀ ਦੇ ਸਮਾਣਾ ਸਥਿਤ ਦਫ਼ਤਰ ਵਿੱਚ ਹੋਈ। ਮੀਟਿੰਗ ਵਿੱਚ 25 ਜੁਲਾਈ ਨੂੰ ਸੰਗਰੂਰ ’ਚ ਹੋਣ ਵਾਲੀ ‘ਜਬਰ ਵਿਰੋਧੀ ਰੈਲੀ’ ਵਿੱਚ ਵੱਧ ਤੋਂ ਵੱਧ ਕਿਸਾਨਾਂ ਨੂੰ ਸ਼ਾਮਲ ਕਰਵਾਉਣ ਦਾ ਫੈਸਲਾ ਲਿਆ ਗਿਆ। ਮੀਟਿੰਗ ਵਿੱਚ ਸ਼ਾਮਲ ਜਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਰਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਪੰਜਾਬ ਵਿੱਚ ਪੁਲੀਸ ਨੂੰ ਵਧੇਰੇ ਅਧਿਕਾਰ ਦੇ ਕੇ ਜਮਹੂਰੀ ਹੱਕਾਂ ਨੂੰ ਦਬਾਇਆ ਜਾ ਰਿਹਾ ਹੈ ਅਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਨੂੰ ਝੂਠੇ ਕੇਸਾਂ ਵਿੱਚ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ। ਉਹ ਇਸ ਨੂੰ ਅਣ-ਐਲਾਨੀ ਐਮਰਜੈਂਸੀ ਮੰਨਦੇ ਹੋਏ ਇਸ ਜਬਰ ਦਾ ਡਟ ਕੇ ਵਿਰੋਧ ਕਰਦੇ ਹਨ। ਇਸ ਮੌਕੇ ਜ਼ਿਲ੍ਹਾ ਸਕੱਤਰ ਦਲਜਿੰਦਰ ਸਿੰਘ ਹਰਿਆਊ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਸਿੰਘ ਗਿੱਲ, ਜ਼ਿਲ੍ਹਾ ਵਿੱਤ ਸਕੱਤਰ ਕੁਲਬੀਰ ਸਿੰਘ ਟੋਡਰਪੁਰ ਤੇ ਪ੍ਰੈੱਸ ਸਕੱਤਰ ਗੁਰਵਿੰਦਰ ਸਿੰਘ ਦੇਧਨਾ ਨੇ ਵੀ ਸੰਬੋਧਨ ਕੀਤਾ।
ਜਹਾਂਗੀਰ ਵਿੱਚ ਲਾਮਬੰਦੀ ਮੀਟਿੰਗ
ਧੂਰੀ (ਬੀਰਬਲ ਰਿਸ਼ੀ): ਕਿਰਤੀ ਕਿਸਾਨ ਯੂਨੀਅਨ ਵੱਲੋਂ ਜਥੇਬੰਦੀ ਦੇ ਜ਼ਿਲ੍ਹਾ ਆਗੂ ਨਿਰਭੈ ਸਿੰਘ ਖਾਈ ਦੀਆਂ ਲੱਤਾਂ ਬਾਹਾਂ ਤੋੜਨ ਅਤੇ ਮੁਲਜ਼ਮਾਂ ’ਤੇ ਢਾਈ ਮਹੀਨੇ ਬੀਤ ਜਾਣ ਦੇ ਬਾਅਦ ਵੀ ਕਾਰਵਾਈ ਨਾ ਕਰਨ ਵਿਰੁੱਧ ਸੰਗਰੂਰ ’ਚ ਕੀਤੀ ਜਾ ਰਹੀ ਜਬਰ ਵਿਰੋਧੀ ਰੈਲੀ ਦੀਆਂ ਤਿਆਰੀਆਂ ਵਜੋਂ ਅੱਜ ਜਹਾਂਗੀਰ ਦੇ ਗੁਰਦੁਆਰਾ ਸਾਹਿਬ ਵਿੱਚ ਭਰਵੀਂ ਮੀਟਿੰਗ ਕਰਕੇ ਬਲਾਕ ਦੇ ਪਿੰਡਾਂ ’ਚ ਕਿਸਾਨਾਂ ਦੀ ਲਾਮਬੰਦੀ ਦਾ ਫੈਸਲਾ ਕੀਤਾ ਗਿਆ। ਜਥੇਬੰਦੀ ਦੇ ਜ਼ਿਲ੍ਹਾ ਸਕੱਤਰ ਦਰਸ਼ਨ ਸਿੰਘ ਕੁੰਨਰ ਅਤੇ ਭਜਨ ਸਿੰਘ ਢੱਡਰੀਆਂ ਨੇ ਰੈਲੀ ਵਿੱਚ ਵੱਡੀ ਗਿਣਤੀ ਕਿਸਾਨਾਂ ਦੀ ਸ਼ਮੂਲੀਅਤ ਕਰਵਾਉਣ ਲਈ ਪਿੰਡਾਂ ਵਿੱਚ ਜਾ ਕੇ ਤਕੜੀ ਕਿਸਾਨ ਲਾਮਬੰਦੀ ਦੀ ਲੋੜ ’ਤੇ ਜ਼ੋਰ ਦਿੱਤਾ।