DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੁੱਖ ਮੰਤਰੀ ਵੱਲੋਂ ਘੱਗਰ ਦੀ ਮਾਰ ਹੇਠ ਆਏ ਪਿੰਡਾਂ ਦਾ ਜਾਇਜ਼ਾ

ਪਾਣੀ ਦੀ ਮਾਰ ਮਗਰੋਂ ਵਿਰੋਧੀਆਂ ਨਾਲ ਨਜਿੱਠਾਂਗੇ: ਭਗਵੰਤ ਮਾਨ
  • fb
  • twitter
  • whatsapp
  • whatsapp
featured-img featured-img
ਮੂਨਕ ਵਿੱਚ ਰਾਹਤ ਕਾਰਜਾਂ ਦਾ ਜਾਇਜ਼ਾ ਲੈਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ।
Advertisement

ਗੁਰਦੀਪ ਸਿੰਘ ਲਾਲੀ/ਕਰਮਵੀਰ ਸੈਣੀ

ਸੰਗਰੂਰ/ਮੂਨਕ, 13 ਜੁਲਾਈ

Advertisement

ਮੁੱਖ ਮੰਤਰੀ ਭਗਵੰਤ ਮਾਨ ਘੱਗਰ ਦਰਿਆ ਦੀ ਮਾਰ ਝੱਲ ਰਹੇ ਇਲਾਕੇ ਦਾ ਦੌਰਾ ਕਰਨ ਅਤੇ ਇਥੇ ਚੱਲ ਰਹੇ ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਲਈ ਅੱਜ ਮੂਨਕ ਪਹੁੰਚੇ। ਉਨ੍ਹਾਂ ਕਿਹਾ ਕਿ ਫਸਲਾਂ ਦੇ ਹੋਏ ਨੁਕਸਾਨ ਲਈ ਦੁੱਗਣਾ ਮੁਆਵਜ਼ਾ ਵੀ ਦਿੱਤਾ ਜਾ ਸਕਦਾ ਹੈ ਅਤੇ ਫ਼ਸਲਾਂ ਮੁੜ ਬੀਜੀਆਂ ਵੀ ਜਾਣਗੀਆਂ, ਪਰ ਜਾਨੀ ਨੁਕਸਾਨ ਨੂੰ ਮੁੜ ਪੂਰਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਢੇ ਤਿੰਨ ਕਰੋੜ ਵਸਨੀਕ ਇਸ ਵੇਲੇ ਕੁਦਰਤੀ ਆਫ਼ਤ ਦੀ ਮਾਰ ਹੇਠ ਹਨ ਤੇ ਸਰਕਾਰ ਦੀ ਤਰਜੀਹ ਇਸ ਵੇਲੇ ਇਨ੍ਹਾਂ ਲੋੜਵੰਦਾਂ ਦੀ ਬਾਂਹ ਫੜਨਾ ਹੈ।

ਭਗਵੰਤ ਮਾਨ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇੱਕ ਵਾਰ ਫਿਰ ਪੰਜਾਬ ਵਾਸੀਆਂ ਨੇ ਜਾਤ-ਪਾਤ, ਧਰਮ ਤੇ ਸਿਆਸਤ ਤੋਂ ਉੱਪਰ ਉੱਠ ਕੇ ਪੀੜਤਾਂ ਦੀ ਮਦਦ ਕੀਤੀ ਹੈ ਤੇ ਇਹੀ ਅਸਲੀ ਪੰਜਾਬੀਅਤ ਹੈ। ਵਿਰੋਧੀ ਧਿਰਾਂ ਵੱਲੋਂ ਚੁੱਕੇ ਗਏ ਸਵਾਲਾਂ ’ਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਤਾਂ ਹਰ ਗੱਲ ’ਤੇ ਸਿਆਸਤ ਕਰਦੇ ਹਨ। ਉਨ੍ਹਾਂ ਪੁੱਛਿਆ ਕਿ ਕੀ ਹੁਣ ਹੜ੍ਹ ਵੀ ਭਗਵੰਤ ਮਾਨ ਨੇ ਲਿਆਂਦੇ ਹਨ? ਮੀਂਹ ਵੀ ਭਗਵੰਤ ਮਾਨ ਨੇ ਪਵਾਏ ਹਨ? ਉਨ੍ਹਾਂ ਕਿਹਾ ਕਿ ਇਸ ਸਮੱਸਿਆ ਨਾਲ ਨਜਿੱਠਣ ਮਗਰੋਂ ਉਹ ਵਿਰੋਧੀਆਂ ਦਾ ਜਵਾਬ ਦੇਣਗੇ। ਇਸ ਮੌਕੇ ਹਰਿਆਣਾ, ਹਿਮਾਚਲ ਤੇ ਰਾਜਸਥਾਨ ਵੱਲੋਂ ਪੰਜਾਬ ਤੋਂ ਕੀਤੀ ਜਾਂਦੀ ਪਾਣੀ ਦੀ ਮੰਗ ’ਤੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ, ‘ਹਰਿਆਣਾ ਆਖਦਾ ਰਹਿੰਦਾ ਹੈ ਕਿ ਪਾਣੀ ਦਿਓ, ਹੁਣ ਅਸੀਂ ਕਿਹਾ ਹੈ ਕਿ ਪਾਣੀ ਲੈ ਲਓ ਤਾਂ ਕਹਿੰਦੇ ਅਸੀਂ ਨਹੀਂ ਲੈਣਾ। ਹਿਮਾਚਲ ਵਾਲੇ ਇੱਕ ਪਾਸੇ ਆਖਦੇ ਹਨ ਕਿ ਪਾਣੀ ਦਿਓ, ਉਪਰੋਂ ਪਾਣੀ ਛੱਡੀ ਜਾਂਦੇ ਨੇ, ਹੁਣ ਆਪਣਾ ਪਾਣੀ ਰੱਖ ਲੈਣ।’ ਉਨ੍ਹਾਂ ਕਿਹਾ, ‘ਹਰਿਆਣਾ, ਹਿਮਾਚਲ ਤੇ ਰਾਜਸਥਾਨ ਪੰਜਾਬ ਤੋਂ ਪਾਣੀ ਦਾ ਹਿੱਸਾ ਮੰਗਣ ਤਾਂ ਆ ਜਾਂਦੇ ਹਨ, ਪਰ ਡੁੱਬਣ ਵੇਲੇ ਪੰਜਾਬ ਨੂੰ ਇਕੱਲਾ ਛੱਡ ਦਿੱਤਾ ਜਾਂਦਾ ਹੈ।’ ਮੁੱਖ ਮੰਤਰੀ ਨੇ ਕਿਹਾ ਕਿ ਇਹ ਮੁੱਦਾ ਤੇ ਸਮਾਂ ਦੋਵੇਂ ਸਿਆਸਤ ਕਰਨ ਵਾਲੇ ਨਹੀਂ ਹਨ, ਸਗੋਂ ਸਾਰੇ ਪੰਜਾਬੀਆਂ ਨੂੰ ਇਸ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਇਕਜੁੱਟ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲੇ ਮੁੱਖ ਮੰਤਰੀਆਂ ਵਾਂਗ ਹੈਲੀਕਾਪਟਰ ’ਤੇ ਗੇੜੇ ਨਹੀਂ ਲਾ ਰਹੇ, ਸਗੋਂ ਉਹ ਜ਼ਮੀਨੀ ਪੱਧਰ ’ਤੇ ਅਸਲ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਸਥਿਤੀ ਚਿੰਤਾਜਨਕ ਹੈ ਤੇ ਸੂਬਾ ਸਰਕਾਰ ਲੋਕਾਂ ਦੇ ਨੁਕਸਾਨ ਨੂੰ ਘੱਟ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਗੰਭੀਰ ਸੰਕਟ ਮੌਕੇ ਲੋਕਾਂ ਦੀ ਸਹਾਇਤਾ ਕਰਨ ਲਈ ਵਚਨਬੱਧ ਹੈ ਤੇ ਇਸ ਕੰਮ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਭਾਰੀ ਮੀਂਹ ਕਾਰਨ ਫਸਲਾਂ, ਘਰਾਂ ਅਤੇ ਹੋਰ ਨੁਕਸਾਨ ਦਾ ਪਤਾ ਲਾਉਣ ਲਈ ਡੀਸੀਜ਼ ਨੂੰ ਵਿਸ਼ੇਸ਼ ਗਿਰਦਾਵਰੀ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਖ਼ੁਦ ਵੀ ਨਿੱਜੀ ਤੌਰ ’ਤੇ ਸੂਬੇ ਦੇ ਹਰ ਕੋਨੇ ਤੋਂ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ, ਵਿਧਾਇਕ ਤੇ ਅਧਿਕਾਰੀ ਲੋੜਵੰਦਾਂ ਤੱਕ ਪਹੁੰਚ ਕਰ ਰਹੇ ਹਨ।

ਰਾਜਾ ਵੜਿੰਗ ਦਾ ਭਗਵੰਤ ਮਾਨ ਨੂੰ ਮੋੜਵਾਂ ਜਵਾਬ

ਚੰਡੀਗੜ੍ਹ (ਟਨਸ): ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰਕੇ ਕਿਹਾ, ‘ਮਾਨ ਸਾਬ੍ਹ ਰਾਜਨੀਤੀ ਦੀ ਗੱਲ ਤੁਹਾਡੇ ਨਾਲ ਤਾਂ ਕਰੀਏ ਜੇ ਕੋਈ ‘ਰਾਜ’ ਨੀਤੀ ਨਾਲ ਚੱਲ ਰਿਹਾ ਹੋਵੇ! ਤੁਸੀਂ ਤਾਂ ਸਟੇਜ ਚਲਾ ਰਹੇ ਹੋ ਤੇ ਅਸੀਂ, ਮੁਆਫ਼ ਕਰਨਾ, ਮਸਖਰੇ ਨਹੀਂ ਹਾਂ। ਅੱਜ ਪੰਜਾਬ ਦੇ ਜੋ ਹਾਲਾਤ ਹਨ, ਉਸ ਦੇ ਤੁਸੀਂ ਜ਼ਿੰਮੇਵਾਰ ਹੋ ਕਿਉਂਕਿ ਤੁਸੀਂ ਮੌਸਮ ਵਿਭਾਗ ਦੀ ਚਿਤਾਵਨੀ ਦੇ ਬਾਵਜੂਦ ਹੜ੍ਹਾਂ ਨਾਲ ਨਜਿੱਠਣ ਲਈ ਕੋਈ ਯੋਜਨਾ ਨਹੀਂ ਬਣਾਈ। ਬਾਕੀ ਗੱਲ ਰਹੀ ਬਚੀ ਖੁਚੀ ਕਾਂਗਰਸ ਵਾਲੀ, ਇੱਕ ਲੋਕ ਸਭਾ ਐੱਮਪੀ ਵਾਲੀ ਪਾਰਟੀ ਦੇ ਮੁਖੀ ਕੇਜਰੀਵਾਲ ਜੀ ਤੇ ਤੁਸੀਂ ਇਸੇ ਕਾਂਗਰਸ ਦੀ ਮਦਦ ਲਈ ਦਿੱਲੀ ਵਿੱਚ ਤਰਲੋ ਮੱਛੀ ਕਿਉਂ ਹੋ ਰਹੇ ਹੋ।’

ਭਾਖੜਾ ਡੈਮ ’ਚ ਪਾਣੀ ਦਾ ਪੱਧਰ 1632.76 ਫੁੱਟ ਹੋਇਆ

ਨੰਗਲ (ਨਿੱਜੀ ਪੱਤਰ ਪ੍ਰੇਰਕ): ਹਿਮਾਚਲ ਵਿੱਚ ਲਗਾਤਾਰ ਪੈ ਰਹੀ ਤੇਜ਼ ਬਰਸਾਤ ਦੇ ਚਲਦਿਆਂ ਭਾਖੜਾ ਡੈਮ ਦੇ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ। ਅੱਜ ਸ਼ਾਮ ਨੂੰ ਭਾਖੜਾ ਡੈਮ ਦੇ ਨਾਲ ਲੱਗਦੀ ਗੋਬਿੰਦ ਸਾਗਰ ਝੀਲ ’ਚ ਪਾਣੀ ਦੀ ਪੱਧਰ 132.76 ਫੁੱਟ ਦਰਜ ਕੀਤਾ ਗਿਆ। ਅੱਜ ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦੀ ਆਮਦ 58,883 ਰਹੀ ਜਦੋਂਕਿ 17, 333 ਕਿਊਸਿਕ ਪਾਣੀ ਭਾਖੜ ਡੈਮ ਤੋਂ ਛੱਡਿਆ ਜਾ ਰਿਹਾ ਹੈ। ਇਸੇ ਤਰ੍ਹਾਂ ਆਨੰਦਪੁਰ ਸਾਹਬਿ ਹਾਈਡਲ ਨਹਿਰ ’ਚ 5,250 ਕਿਊਸਿਕ , ਨੰਗਲ ਹਾਈਡਲ ਨਹਿਰ ’ਚ 10670 ਕਿਊਸਿਕ, ਸਤਲੁਜ ਦਰਿਆ ’ਚ 640 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਡੈਮ ਵਿੱਚ 1680 ਫੁੱਟ ਤੱਕ ਪਾਣੀ ਨੂੰ ਸਟੋਰ ਕੀਤਾ ਜਾ ਸਕਦਾ ਹੈ।

Advertisement
×