ਆਈਜੀ ਵੱਲੋਂ ਸਬ-ਜੇਲ੍ਹ ਮਾਲੇਰਕੋਟਲਾ ਦੀ ਜਾਂਚ
ਪਰਮਜੀਤ ਸਿੰਘ ਕੁਠਾਲਾ
ਮਾਲੇਰਕੋਟਲਾ, 12 ਜੂਨ
ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਅੱਜ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਇੰਸਪੈਕਟਰ ਜਨਰਲ ਪੁਲੀਸ ਜੀ.ਆਰ.ਪੀ ਪਟਿਆਲਾ ਬਲਜੋਤ ਸਿੰਘ ਰਾਠੌਰ ਦੀ ਨਿਗਰਾਨੀ ਹੇਠ ਸੀਨੀਅਰ ਕਪਤਾਨ ਪੁਲੀਸ ਮਾਲੇਰਕੋਟਲਾ ਗਗਨ ਅਜੀਤ ਸਿੰਘ ਵੱਲੋਂ ਐਸਪੀ ਸਤਪਾਲ ਸ਼ਰਮਾ, ਡੀਐਸਪੀ ਸਤੀਸ਼ ਕੁਮਾਰ ਅਤੇ ਡੀਐਸਪੀ ਰਣਜੀਤ ਸਿੰਘ ਸਮੇਤ ਵੱਡੀ ਗਿਣਤੀ ਪੁਲੀਸ ਅਧਿਕਾਰੀਆਂ ਵੱਲੋਂ ਸਬ-ਜੇਲ੍ਹ ਮਾਲੇਰਕੋਟਲਾ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਚੈਕਿੰਗ ਮੁਹਿੰਮ ਵਿੱਚ 70 ਦੇ ਕਰੀਬ ਪੁਲੀਸ ਮੁਲਾਜ਼ਮ ਸ਼ਾਮਲ ਸਨ। ਇਸ ਮੌਕੇ ਇੰਸਪੈਕਟਰ ਜਨਰਲ ਪੁਲੀਸ ਜੀ.ਆਰ.ਪੀ ਪਟਿਆਲਾ ਨੇ ਸਬ-ਜੇਲ੍ਹ ਮਾਲੇਰਕੋਟਲਾ ਦੀ ਬਿਲਡਿੰਗ ਦੇ ਸੁਰੱਖਿਆ ਪ੍ਰਬੰਧਾਂ ਬਾਰੇ ਸਮੀਖਿਆ ਕੀਤੀ। ਸਵੇਰੇ ਸਵੱਖਤੇ ਹੀ ਜੇਲ੍ਹ ਪਹੁੰਚੇ ਵੱਡੀ ਗਿਣਤੀ ਪੁਲੀਸ ਅਧਿਕਾਰੀਆਂ ਵੱਲੋਂ ਕੀਤੀ ਚੈਕਿੰਗ ਸਬੰਧੀ ਐਸਐਸਪੀ ਗਗਨ ਅਜੀਤ ਸਿੰਘ ਨੇ ਦੱਸਿਆ ਕਿ ਕਿਸੇ ਵੀ ਕੈਦੀ ਕੋਲੋਂ ਜਾਂ ਜੇਲ੍ਹ ਅੰਦਰੋਂ ਕੋਈ ਵੀ ਨਸ਼ਾ ਜਾਂ ਹੋਰ ਗੈਰ ਕਾਨੂੰਨੀ ਸਾਮਾਨ ਨਹੀਂ ਮਿਲਿਆ। ਪੁਲੀਸ ਫੋਰਸ ਵਲੋਂ ਜੇਲ੍ਹ ਵਿਚ ਬੰਦ 307 ਹਵਾਲਾਤੀਆਂ ਤੇ ਕੈਦੀਆਂ ਦੀ ਤਲਾਸ਼ੀ ਲਈ ਗਈ ਗਈ। ਹਵਾਲਾਤੀਆਂ ਦੀਆਂ ਬੈਰਕਾਂ ਦੀ ਵੀ ਤਲਾਸ਼ੀ ਲਈ ਗਈ। ਆਈਜੀ ਪੁਲੀਸ ਜੀਆਰਪੀ ਪਟਿਆਲਾ ਬਲਜੋਤ ਸਿੰਘ ਰਾਠੌਰ ਨੇ ਦੱਸਿਆ ਕਿ ਸਬ-ਜੇਲ੍ਹ ਮਾਲੇਰਕੋਟਲਾ ਦੀਆਂ ਬੈਰਕਾਂ ਤੋਂ ਇਲਾਵਾ ਬਿਲਡਿੰਗ ਵਿੱਚ ਬਣੀ ਮੈੱਸ ਅਤੇ ਸਟੋਰ ਆਦਿ ਦੀ ਵੀ ਚੈਕਿੰਗ ਕੀਤੀ ਗਈ ਹੈ। ਉਨ੍ਹਾਂ ਆਮ ਪਬਲਿਕ ਨੂੰ ਨਸ਼ਿਆਂ ਖਿਲਾਫ ਪੰਜਾਬ ਪੁਲੀਸ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਭਰੋਸਾ ਦਿੱਤਾ ਕਿ ਨਸਾ ਤਸਕਰਾਂ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਹੋਵੇਗੀ। ਉਨ੍ਹਾਂ ਸਬ-ਜੇਲ੍ਹ ਮਾਲੇਰਕੋਟਲਾ ਦੇ ਜੇਲ੍ਹ ਸੁਪਰਡੈਂਟ ਨੂੰ ਜੇਲ੍ਹ ਦੀ ਸੁਰੱਖਿਆ, ਹਵਾਲਾਤੀਆਂ ਤੇ ਕੈਦੀਆਂ ਨੂੰ ਚੰਗਾ ਮਾਹੌਲ ਪ੍ਰਦਾਨ ਕਰਨ ਲਈ ਹਦਾਇਤਾਂ ਵੀ ਦਿੱਤੀਆਂ।