ਕਿਸਾਨ ਸੰਘਰਸ਼ ਕਾਰਨ ਸਰਕਾਰ ਬੌਖਲਾਹਟ ’ਚ ਆਈ: ਚੱਠਾ
ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 2 ਜੂਨ
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਸੰਗਰੂਰ ਦੇ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਬਲਾਕ ਜਰਨਲ ਸਕੱਤਰ ਕੇਵਲ ਸਿੰਘ ਜਵੰਧਾਂ ਦੀ ਅਗਵਾਈ ਹੇਠ ਹੋਈ ਮੀਟਿੰਗ ’ਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨੀ ਤੇ ਲੋਕ ਹਿੱਤਾਂ ਲਈ ਲੜੇ ਜਾ ਰਹੇ ਸੰਘਰਸ਼ਾਂ ਨੂੰ ਠੱਲ੍ਹਣ ਲਈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਤੇ ਅੱਤਿਆਚਾਰ ਕਰਨ, ਜੇਲ੍ਹਾਂ ’ਚ ਭੇਜਣ ਦੇ ਬਾਵਜੂਦ ਕਿਸਾਨ ਸੰਘਰਸ਼ਾਂ ਦੀ ਚੜ੍ਹਦੀ ਕਲਾ ਦੇਖ ਕੇ ਪੰਜਾਬ ਸਰਕਾਰ ਦੀ ਬੌਖਲਾਹਟ ਵਧਦੀ ਜਾ ਰਹੀ ਹੈ। ਸ੍ਰੀ ਚੱਠਾ ਨੇ ਕਿਹਾ ਕਿ ਬੀਤੇ ਦਿਨੀਂ ਜ਼ਿਲ੍ਹਾ ਬਠਿੰਡਾ ਦੇ ਪਿੰਡ ਘਸੋਖਾਨਾ ਵਿੱਚੋਂ ਦੀ ਮੌੜ ਮੰਡੀ ਦੇ ਸੀਵਰੇਜ ਦਾ ਪਾਣੀ ਲੰਘਾਉਣ ਲਈ ਪਾਈ ਜਾ ਰਹੀ ਗ਼ੈਰਕਾਨੂੰਨੀ ਪਾਈਪ ਦਾ ਵਿਰੋਧ ਕਰ ਰਹੇ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਸਣੇ ਸੈਂਕੜੇ ਕਿਸਾਨ ਆਗੂਆਂ ਤੇ ਪਿੰਡ ਵਾਸੀਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹਾਂ ਚ ਬੰਦ ਕਰ ਦਿੱਤਾ ਗਿਆ ਹੈ। ਉਥੇ ਕਾਕਾ ਸਿੰਘ ਕੋਟੜਾ ਤੇ ਬਾਕੀ ਸਾਥੀਆਂ ਨੇ ਮਰਨ ਵਰਤ ਰੱਖਿਆ ਹੋਇਆ ਹੈ। ਜੇ ਮਰਨ ਵਰਤ ਤੇ ਬੈਠੇ ਕਿਸੇ ਆਗੂ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਸਰਕਾਰ ਜ਼ਿੰਮੇਵਾਰ ਹੋਵੇਗੀ।
ਉਨ੍ਹਾਂ ਕਿਹਾ ਕਿ ਜੇਲ੍ਹਾਂ ’ਚ ਬੰਦ ਕਿਸਾਨ ਆਗੂਆਂ ਤੇ ਪਿੰਡ ਵਾਸੀਆਂ ਦੀ ਰਿਹਾਈ ਲਈ ਤੇ ਗ਼ੈਰਕਾਨੂੰਨੀ ਪਾਈ ਜਾ ਰਹੀ ਸੀਵਰੇਜ ਪਾਈਪਲਾਈਨ ਦੇ ਵਿਰੋਧ ਵਿੱਚ ਰੋਜ਼ਾਨਾ ਵੱਖ-ਵੱਖ ਜ਼ਿਲ੍ਹਿਆਂ ਤੋਂ ਕਿਸਾਨ ਆਗੂਆਂ ਵੱਲੋਂ ਪਿੰਡ ਘਸੋਖਾਨਾ ਵਿੱਚ ਪਹੁੰਚ ਕੇ ਗ੍ਰਿਫ਼ਤਾਰੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇ ਕਿਸਾਨ ਆਗੂਆਂ ਨੂੰ ਜਲਦੀ ਰਿਹਾਅ ਨਾ ਕੀਤਾ ਗਿਆ ਤੇ ਸੀਵਰੇਜ ਦਾ ਕੰਮ ਬੰਦ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।