ਗੁਰਦੀਪ ਸਿੰਘ ਲਾਲੀ
ਸੰਗਰੂਰ, 24 ਜੂਨ
ਪੰਜਾਬ ਰੋਡਵੇਜ਼/ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ ਤਹਿਤ ਵਰਕਰਾਂ ਵੱਲੋਂ ਸਥਾਨਕ ਪੀਆਰਟੀਸੀ ਡਿੱਪੂ ਅੱਗੇ ਗੇਟ ਰੈਲੀ ਕੀਤੀ ਗਈ। ਇਸ ਮੌਕੇ ਯੂਨੀਅਨ ਦੇ ਸੂਬਾ ਆਗੂ ਜਤਿੰਦਰ ਸਿੰਘ ਗਿੱਲ ਦੀਦਾਰਗੜ੍ਹ ਨੇ ਕਿਹਾ ਕਿ ਪੰਜਾਬ ਸਰਕਾਰ ਟਰਾਂਸਪੋਰਟ ਦੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਤਿੰਨ ਸਾਲਾਂ ਤੋਂ ਨਜ਼ਰ- ਅੰਦਾਜ਼ ਕਰਦੀ ਆ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਫਰਵਰੀ 2024 ਵਿੱਚ ਟਰਾਂਸਪੋਰਟ ਮੰਤਰੀ ਵੱਲੋਂ ਮੰਗਾਂ ਦੇ ਹੱਲ ਲਈ ਕਮੇਟੀ ਬਣਾਈ ਗਈ ਸੀ ਅਤੇ 2 ਮਹੀਨੇ ਅੰਦਰ ਮੰਗਾਂ ਦੇ ਹੱਲ ਦਾ ਲਿਖਤੀ ਭਰੋਸਾ ਦਿੱਤਾ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਟਰਾਂਸਪੋਰਟ ਮੰਤਰੀ ਵੱਲੋਂ ਐਡਵੋਕੇਟ ਜਨਰਲ ਨਾਲ ਮੀਟਿੰਗ ਕਰਵਾਈ ਗਈ ਅਤੇ 9 ਅਪਰੈਲ 2025 ਨੂੰ ਵਿੱਤ ਮੰਤਰੀ ਨਾਲ ਮੀਟਿੰਗ ਹੋਈ ਜਿਨ੍ਹਾਂ ਨੇ ਮੈਨੇਜਮੈਂਟ ਨੂੰ ਹਦਾਇਤ ਕੀਤੀ ਕਿ ਆਊਟਸੋਰਸ ਪ੍ਰਥਾ ਨੂੰ ਬੰਦ ਕਰ ਕੇ 15 ਦਿਨਾਂ ਵਿੱਚ ਮੁਲਾਜ਼ਮਾਂ ਨੂੰ ਸਿੱਧਾ ਠੇਕੇ ’ਤੇ ਲਿਆ ਜਾਵੇ ਪਰ ਕੁਝ ਨਹੀਂ ਹੋਇਆ। ਇਸ ਮੌਕੇ ਵਾਈਸ ਸੂਬਾ ਆਗੂ ਕਰਮਜੀਤ ਸਿੰਘ ਕਰਮਾ, ਡਿੱਪੂ ਪ੍ਰਧਾਨ ਹਰਪ੍ਰੀਤ ਸਿੰਘ ਗਰੇਵਾਲ, ਵਾਈਸ ਪ੍ਰਧਾਨ ਰਮਨਦੀਪ ਸਿੰਘ ਧਾਲੀਵਾਲ ਨੇ ਚਿਤਾਵਨੀ ਦਿੰਦਿਆਂ ਐਲਾਨ ਕੀਤਾ ਕਿ ਜੇ ਮੰਗਾਂ ਦਾ ਹੱਲ ਨਾ ਕੀਤਾ ਤਾਂ 30 ਜੂਨ ਨੂੰ ਡਾਇਰੈਕਟਰ ਸਟੇਟ ਟਰਾਂਸਪੋਰਟ ਪੰਜਾਬ ਦੇ ਮੁੱਖ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ ਅਤੇ 9, 10 ਤੇ 11 ਜੁਲਾਈ ਨੂੰ ਚੱਕਾ ਜਾਮ ਕੀਤਾ ਜਾਵੇਗਾ ਅਤੇ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਪੱਕਾ ਧਰਨਾ ਦਿੱਤਾ ਜਾਵੇਗਾ।