ਬੀਰਬਲ ਰਿਸ਼ੀ
ਧੂਰੀ/ਸ਼ੇਰਪੁਰ, 1 ਜੁਲਾਈ
ਸ਼ੇਰਪੁਰ-ਧੂਰੀ ਸੜਕ ਉਸ ਸਮੇਂ ਇੱਕ ਵਾਰ ਫਿਰ ਵਿਵਾਦਾਂ ਵਿੱਚ ਆ ਗਈ ਜਦੋਂ ਤਕਰੀਬਨ ਅੱਠ ਕੁ ਮਹੀਨੇ ਪਹਿਲਾਂ ਨਵੀਂ ਬਣੀ ਧੂਰੀ ਤੋਂ ਜਹਾਂਗੀਰ ਸੜਕ ’ਤੇ ਤਿੰਨ ਥਾਵਾਂ ਉੱਤੇ ਤਰੇੜਾਂ ਆ ਗਈਆਂ। ਇਸੇ ਤਰ੍ਹਾਂ ਵਿਵਾਦਤ ਘਨੌਰੀ ਕਲਾਂ-ਘਨੌਰ ਕਲਾਂ ਸੜਕ ਦੇ ਠੇਕੇਦਾਰ ਨੂੰ ਆਖਿਰ ਵਿਭਾਗ ਨੇ ਬਲੈਕਲਿਸਟ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਧੂਰੀ ਤੋਂ ਪਿੰਡ ਜਹਾਂਗੀਰ ਤੱਕ ਲੋਕ ਨਿਰਮਾਣ ਵਿਭਾਗ ਵੱਲੋਂ ਵੱਖ-ਵੱਖ ਥਾਈਂ ਟੁੱਟੀ ਸੜਕ ’ਤੇ ਹੁਣ ਤੱਕ ਤਿੰਨ ਵਾਰ ਟਾਕੀਆਂ ਲਗਾਈਆਂ ਜਾ ਚੁੱਕੀਆਂ ਹਨ ਪਰ ਹੈਰਾਨੀਜਨਕ ਗੱਲ ਇਹ ਹੈ ਕਿ ਹੁਣ ਧੂਰੀ ਤੋਂ ਸ਼ੇਰਪੁਰ ਨੂੰ ਪੁਲ ਉੱਤਰਦਿਆਂ ਹੀ ਤਕਰੀਬਨ ਤਿੰਨ ਥਾਵਾਂ ਤੋਂ ਸੜਕ ਟੁੱਟਦੀ ਨਜ਼ਰ ਆ ਰਹੀ ਹੈ ਪਰ ਪਿਛਲੇ ਹਫ਼ਤੇ ਤੋਂ ਇਸ ਸੜਕ ਨੂੰ ਠੀਕ ਕਰਵਾਏ ਜਾਣ ਲਈ ਵਿਭਾਗ ਦੀ ਕੋਈ ਸਰਗਰਮੀ ਨਜ਼ਰ ਨਹੀਂ ਆਈ। ਜਿਸ ਜਗ੍ਹਾ ਤੋਂ ਸੜਕ ਟੁੱਟੀ ਹੈ ਉਹ ’ਤੇ ਪਹਿਲਾਂ ਵੀ ਪੈੱਚ ਵਰਕ ਹੋਇਆ ਸਾਫ਼ ਦਿਖਾਈ ਦੇ ਰਿਹਾ ਹੈ। ਵਿਭਾਗ ਦੇ ਐੱਸਡੀਓ ਮੁਨੀਸ਼ ਕੁਮਾਰ ਨੇ ਕਿਹਾ ਕਿ ਇਹ ਸੜਕ ’ਤੇ ਉਨ੍ਹਾਂ ਥਾਵਾਂ ‘ਤੇ ਸਮੱਸਿਆ ਆਈ ਹੈ ਜਿੱਥੇ ਸੀਵਰੇਜ ਦੇ ਢੱਕਣ ਸੜਕ ਦਰਮਿਆਨ ਆਏ ਹਨ।
ਵਿਭਾਗ ਨੇ ਨਵੀਂ ਸੜਕ ਬਣਾਉਣ ਸਬੰਧੀ ਮੁੱਖ ਮੰਤਰੀ ਦੇ ਹੁਕਮ ਹਵਾ ’ਚ ਉਡਾਏ
ਮੁੱਖ ਮੰਤਰੀ ਭਗਵੰਤ ਮਾਨ ਦੇ ਘਨੌਰ ਕਲਾਂ-ਘਨੌਰੀ ਕਲਾਂ ਸੜਕ ਨਵੀਂ ਬਣਾਏ ਜਾਣ ਦੇ ਲੰਘੀ 21 ਮਈ ਨੂੰ ਜਨਤਕ ਸਮਾਗਮ ਦੌਰਾਨ ਕੀਤੇ ਹੁਕਮਾਂ ਨੂੰ ਵਿਭਾਗ ਨੇ ਟਿੱਚ ਹੀ ਜਾਣਦਿਆਂ ਇਨ੍ਹਾਂ ਨੂੰ ਅਮਲੀਜਾਮਾ ਪਹਿਨਾਉਣ ਲਈ ਸਵਾ ਮਹੀਨਾ ਬੀਤਣ ’ਤੇ ਵੀ ਕੋਈ ਠੋਸ ਉਜ਼ਰ ਨਹੀਂ ਕੀਤਾ। ਨਵੀਂ ਬਣੀ ਸੜਕ ’ਤੇ ਘਾਹ ਉੱਗ ਆਉਣ ਦੀ ਸ਼ਿਕਾਇਤ ’ਤੇ ਮੁੱਖ ਮੰਤਰੀ ਨੇ ਇਸ ਸੜਕ ਦਾ ਦੁਬਾਰਾ ਟੈਂਡਰ ਲਗਾਕੇ ਨਵੀਂ ਬਣਾਏ ਜਾਣ ਦੇ ਹੁਕਮ ਕੀਤੇ ਸਨ। ਐਕਸੀਅਨ ਅਜੇ ਕੁਮਾਰ ਨੇ ਦੱਸਿਆ ਕਿ ਉਕਤ ਸੜਕ ਸਬੰਧੀ ਠੇਕੇਦਾਰ ਨੂੰ ਬਲੈਕਲਿਸਟ ਕਰ ਦਿੱਤਾ ਗਿਆ ਹੈ ਅਤੇ ਵਿਭਾਗ ਦੇ ਨਿਯਮਾਂ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।