ਕੈਬਨਿਟ ਮੰਤਰੀ ਵੱਲੋਂ ਲੌਂਗੋਵਾਲ ’ਚ ਲੜਕੀਆਂ ਦੇ ਸਕੂਲ ਦੀ ਇਮਾਰਤ ਦਾ ਉਦਘਾਟਨ
ਗੁਰਦੀਪ ਸਿੰਘ ਲਾਲੀ
ਸੰਗਰੂਰ, 4 ਜੁਲਾਈ
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਸਬਾ ਲੌਂਗੋਵਾਲ ਵਿੱਚ ਸ਼ਹੀਦ ਭਗਵਾਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਲੌਂਗੋਵਾਲ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਕੀਤਾ। ਕਰੀਬ 6.10 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਸਕੂਲ ਦੀ ਇਮਾਰਤ ਨੂੰ ਦੋ ਸਾਲ ਦੇ ਸਮੇਂ ਵਿਚ ਤਿਆਰ ਕੀਤਾ ਗਿਆ ਹੈ।
ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਅਮਨ ਅਰੋੜਾ ਨੇ ਦੱਸਿਆ ਕਿ ਇਸ ਤਿੰਨ ਮੰਜਿਲਾਂ ਇਮਾਰਤ ਦਾ ਕੁੱਲ ਕਵਰਡ ਖੇਤਰ 33590 ਸੁਕੇਅਰ ਫੁੱਟ ਹੈ। ਇਸ ਸਕੂਲ ਵਿੱਚ ਨਿੱਜੀ ਸਕੂਲਾਂ ਤੋਂ ਵੀ ਵੱਧ ਆਧੁਨਿਕ ਸਹੂਲਤਾਂ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਇਮਾਰਤ ਵਿਚ ਪ੍ਰਿੰਸੀਪਲ ਦੇ ਦਫ਼ਤਰ ਸਮੇਤ 14 ਕਲਾਸ ਰੂਮ, ਰਸੋਈ, ਕਲੈਰੀਕਲ ਸਟਾਫ ਰੂਮ, ਕੰਪਿਊਟਰ ਲੈਬ, ਭੂਗੋਲ ਲੈਬ, 2 ਰੋਬੋਟਿਕ ਲੈਬ, ਆਈ ਟੀ ਲੈਬ, ਸੁੰਦਰਤਾ ਅਤੇ ਤੰਦਰੁਸਤੀ ਲੈਬ, ਅੰਗਰੇਜ਼ੀ ਸੁਣਨ ਲੈਬ, ਸਾਇੰਸ ਲੈਬ, ਮੀਟਿੰਗ ਹਾਲ, ਡਾਈਨਿੰਗ ਰੂਮ, ਸਟੋਰ, ਵਾਸ਼ਰੂਮ ਅਤੇ ਹੋਰ ਸਹੂਲਤਾਂ ਮੌਜੂਦ ਹਨ। ਸ੍ਰੀ ਅਰੋੜਾ ਨੇ ਕਿਹਾ ਕਿ ਪਹਿਲਾਂ ਇਹ ਸਕੂਲ ਕਸਬੇ ਦੇ ਤੰਗ ਬਾਜ਼ਾਰ ਵਿੱਚ ਚੱਲਦਾ ਸੀ, ਜਿਸ ਕਾਰਨ ਲੜਕੀਆਂ ਨੂੰ ਸਕੂਲ ਆਉਣ-ਜਾਣ ’ਚ ਬਹੁਤ ਮੁਸ਼ਕਲ ਪੇਸ਼ ਆਉਂਦੀ ਸੀ। ਇਸ ਸਕੂਲ ਨੂੰ ਬਣਾਉਣ ਦੀ ਮੰਗ 10 ਸਾਲ ਪਹਿਲਾਂ ਰੱਖੀ ਗਈ ਸੀ, ਜਿਸ ਨੂੰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪੂਰਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਜਿਹੜੇ ਕੰਮ ਪਿਛਲੇ 75 ਸਾਲਾਂ ਵਿੱਚ ਨਹੀਂ ਹੋਏ ਉਹ ਅੱਜ ਪਹਿਲ ਦੇ ਆਧਾਰ ’ਤੇ ਕਰਵਾਏ ਜਾ ਰਹੇ ਹਨ। ਅਰੋੜਾ ਨੇ ਕਿਹਾ ਕਿ ਲੌਂਗੋਵਾਲ ਸ਼ਹੀਦਾਂ ਦੀ ਧਰਤੀ ਹੈ ਜਿਸਨੂੰ ਕਦੇ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਬਾਬੂ ਭਗਵਾਨ ਦਾਸ ਨੇ ਇਹੀ ਸਿੱਖਿਆ ਦਿੱਤੀ ਹੈ ਕਿ ਰਾਜਨੀਤੀ ਵਿੱਚ ਚੰਮ ਨਹੀਂ, ਕੰਮ ਪਿਆਰਾ ਹੋਣਾ ਚਾਹੀਦਾ ਹੈ। ਹਲਕੇ ਵਿੱਚ ਹਰੇਕ ਜ਼ਰੂਰੀ ਕੰਮ ਨੂੰ ਤਰਜੀਹੀ ਤੌਰ ਉੱਤੇ ਪੂਰਾ ਕੀਤਾ ਜਾ ਰਿਹਾ ਹੈ। ਅਗਲੇ ਇੱਕ ਸਾਲ ਵਿੱਚ ਇਲਾਕੇ ਦਾ ਕੋਈ ਵੀ ਕੰਮ ਬਕਾਇਆ ਨਹੀਂ ਰਹੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਆਪਣੇ ਵਿਚਾਰ ਰੱਖੇ। ਸਮਾਗਮ ’ਚ ਗੁਰਵਿੰਦਰ ਕੌਰ ਬਰਾੜ ਪ੍ਰਧਾਨ ਨਗਰ ਕੌਂਸਲ, ਅਵਤਾਰ ਸਿੰਘ ਈਲਵਾਲ ਹਲਕਾ ਸੰਗਠਨ ਇੰਚਾਰਜ ਸੁਨਾਮ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਤਰਵਿੰਦਰ ਕੌਰ, ਅੰਮ੍ਰਿਤਪਾਲ ਸਿੰਘ ਸਿੱਧੂ, ਸੁਖਪਾਲ ਸਿੰਘ, ਬਲਵਿੰਦਰ ਸਿੰਘ, ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਅਤੇ ਵਿਦਿਆਰਥਣਾਂ ਹਾਜ਼ਰ ਸਨ।