ਕੈਬਨਿਟ ਮੰਤਰੀ ਨੇ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਚੈੱਕ ਵੰਡੇ
ਬੀਰ ਇੰਦਰ ਸਿੰਘ ਬਨਭੌਰੀ/ਸਤਨਾਮ ਸਿੰਘ ਸੱਤੀ
ਸੁਨਾਮ ਊਧਮ ਸਿੰਘ ਵਾਲਾ/ਮਸਤੂਆਣਾ ਸਾਹਿਬ, 21 ਜੂਨ
ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਪਿੰਡ ਨਮੋਲ ਅਤੇ ਉਭਾਵਾਲ ਵਿੱਚ ਵਿਕਾਸ ਕਾਰਜਾਂ ਲਈ ਪੰਚਾਇਆਂ ਨੂੰ ਚੈੱਕ ਸੌਂਪਣ ਮੌਕੇ ਕਿਹਾ ਕਿ ਹਲਕਾ ਸੁਨਾਮ ਵਿੱਚ ਵਿਕਾਸ ਕਾਰਜ ਜੰਗੀ ਪੱਧਰ ਉੱਤੇ ਜਾਰੀ ਹਨ ਤੇ ਇਸ ਹਲਕੇ ਨੂੰ ਵਿਕਾਸ ਪੱਖੋਂ ਨਮੂਨੇ ਦਾ ਹਲਕਾ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਇਨ੍ਹਾਂ ਪਿੰਡਾਂ ਵਿੱਚ ਰੱਖੇ ਸਾਦੇ ਸਮਾਗਮਾਂ ਮੌਕੇ ਸ੍ਰੀ ਅਰੋੜਾ ਨੇ ਕਿਹਾ ਕਿ ਲੋਕਾਂ ਨੇ ਪਿਛਲੇ 70-75 ਸਾਲ ਦੇ ਰਿਕਾਰਡ ਤੋੜ ਕੇ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਤੇ ਹੁਣ ਸਰਕਾਰ ਵੀ ਜਿਸ ਪੱਧਰ ਉੱਤੇ ਵਿਕਾਸ ਕਾਰਜ ਕਰਵਾ ਰਹੀ ਹੈ, ਉਸ ਨਾਲ ਵੀ ਪਿਛਲੇ 70-75 ਸਾਲ ਦੇ ਰਿਕਾਰਡ ਟੁੱਟ ਰਹੇ ਹਨ।
ਹਲਕੇ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਹੀ ਪਿੰਡ ਨਮੋਲ ਤੇ ਉਭਾਵਾਲ ਵਿੱਚ ਕਰੀਬ 5 ਕਰੋੜ ਰੁਪਏ ਨਾਲ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਨਮੋਲ ਵਿੱਚ ਕਰੀਬ 3 ਕਰੋੜ 80 ਲੱਖ ਰੁਪਏ ਅਤੇ ਪਿੰਡ ਉਭਾਵਾਲ ਵਿੱਚ ਕਰੀਬ 1 ਕਰੋੜ 54 ਲੱਖ ਰੁਪਏ ਖਰਚੇ ਜਾ ਰਹੇ ਹਨ। ਪਿੰਡ ਨਮੋਲ ’ਚ ਡਿਸਪੈਂਸਰੀ ਲਈ 10 ਲੱਖ ਰੁਪਏ ਮਨਜ਼ੂਰ ਹੋਏ ਹਨ, ਜਿਸ ਸਬੰਧੀ 5 ਲੱਖ ਰੁਪਏ ਦਾ ਚੈੱਕ ਕੈਬਨਿਟ ਮੰਤਰੀ ਵੱਲੋਂ ਪਿੰਡ ਦੀ ਪੰਚਾਇਤ ਨੂੰ ਸੌਂਪਿਆ ਗਿਆ।
ਇਸੇ ਤਰ੍ਹਾਂ ਪਿੰਡ ਉਭਾਵਾਲ ਵਿੱਚ ਲੰਮੇ ਸਮੇਂ ਤੋਂ ਲਟਕ ਰਹੇ ਪਾਣੀ ਦੀ ਨਿਕਾਸੀ ਦੇ ਕੰਮ ਨੂੰ ਪੂਰਾ ਕਰਨ ਹਿੱਤ ਕਰੀਬ 1 ਕਰੋੜ 54 ਲੱਖ ਰੁਪਏ ਨਾਲ ਕਰੀਬ 3.5 ਕਿਲੋਮੀਟਰ ਲੰਬੀ ਪਾਈਪਲਾਈਨ ਪਾਈ ਜਾਣੀ ਹੈ, ਜਿਸ ਸਬੰਧੀ ਕੈਬਨਿਟ ਮੰਤਰੀ ਵੱਲੋਂ 77 ਲੱਖ ਰੁਪਏ ਦਾ ਚੈੱਕ ਪੰਚਾਇਤ ਨੂੰ ਸੌਂਪਿਆ ਗਿਆ। ਇਹ ਕਾਰਜ ਪੰਜ ਮਹੀਨਿਆਂ ਵਿੱਚ ਪੂਰਾ ਕੀਤਾ ਜਾਵੇਗਾ। ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਅਰੋੜਾ ਨੇ ਇਹ ਵੀ ਦੱਸਿਆ ਕਿ ਪਿੰਡ ਨਮੋਲ ਵਾਸੀਆਂ ਦੀ ਚਿਰਕੋਣੀ ਮੰਗ ਸੀ ਕਿ ਉਨ੍ਹਾਂ ਨੂੰ ਚੀਮਾ ਤਹਿਸੀਲ ਨਾਲੋਂ ਤੋੜ ਕੇ ਸੁਨਾਮ ਤਹਿਸੀਲ ਨਾਲ ਜੋੜਿਆ ਜਾਵੇ ਤੇ ਉਨ੍ਹਾਂ ਕੈਬਨਿਟ ਵਿੱਚੋਂ ਮਨਜ਼ੂਰ ਕਰਵਾ ਕੇ ਇਹ ਕੰਮ ਕਰਵਾਇਆ। ਇਸ ਮੌਕੇ ਸਰਪੰਚ ਯੂਨੀਅਨ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਮਨਿੰਦਰ ਸਿੰਘ ਲਖਮੀਰਵਾਲਾ, ਮੀਡੀਆ ਇੰਚਾਰਜ ਜਤਿੰਦਰ ਜੈਨ, ਬੀਡੀਪੀਓ ਸੰਜੀਵ ਕੁਮਾਰ, ਬੀਡੀਪੀਓ ਗੁਰਦਰਸ਼ਨ ਸਿੰਘ, ਤਹਿਸੀਲਦਾਰ ਹਰਪ੍ਰੀਤ ਸਿੰਘ, ਡੀ.ਐੱਸ.ਪੀ. ਸੁਨਾਮ ਹਰਵਿੰਦਰ ਸਿੰਘ ਖਹਿਰਾ, ਸਰਪੰਚ ਸਿਮਰਨਜੀਤ ਕੌਰ ਉੱਭਾਵਾਲ, ਮੋਤਾ ਸਿੰਘ, ਸਰਪੰਚ ਬਾਬੂ ਸਿੰਘ ਨਮੋਲ, ਸਰਪੰਚ ਸੁੱਖੀ ਪੂਨੀਆ ਮਿਰਜ਼ਾ ਪੱਤੀ ਨਮੋਲ ਸਮੇਤ ਅਧਿਕਾਰੀ, ਅਹੁਦੇਦਾਰ, ਅਤੇ ਪਿੰਡਾਂ ਦੇ ਲੋਕ ਹਾਜ਼ਰ ਸਨ।