ਜ਼ਿਮਨੀ ਚੋਣਾਂ: ਪਹਿਲੇ ਦਿਨ ਕਿਸੇ ਉਮੀਦਵਾਰ ਨੇ ਨਹੀਂ ਭਰੇ ਨਾਮਜ਼ਦਗੀ ਕਾਗਜ਼
ਗੁਰਦੀਪ ਸਿੰਘ ਲਾਲੀ
ਸੰਗਰੂਰ, 14 ਜੁਲਾਈ
ਜ਼ਿਲ੍ਹਾ ਸੰਗਰੂਰ ਵਿੱਚ 2 ਸਰਪੰਚਾਂ ਅਤੇ 24 ਪੰਚਾਂ ਦੀਆਂ ਖਾਲੀ ਅਸਾਮੀਆਂ ਲਈ ਜ਼ਿਮਨੀ ਚੋਣਾਂ 27 ਜੁਲਾਈ ਨੂੰ ਹੋਣਗੀਆਂ ਜਿਸ ਸਬੰਧ ਵਿਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਗਈ ਹੈ ਅਤੇ ਪਹਿਲੇ ਦਿਨ ਕੋਈ ਨਾਮਜ਼ਦਗੀ ਪੱਤਰ ਦਾਖਲ ਨਹੀਂ ਹੋਇਆ। ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖ਼ਰੀ ਮਿਤੀ 17 ਜੁਲਾਈ ਹੈ। ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੁਖਚੈਨ ਸਿੰਘ ਪਾਪੜਾ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੇ ਬਲਾਕ ਧੂਰੀ ਅਧੀਨ ਪੈਂਦੇ ਪਿੰਡ ਪਲਾਸੌਰ ਅਤੇ ਬਲਾਕ ਸੁਨਾਮ ਦੇ ਪਿੰਡ ਮਿਰਜ਼ਾ ਪੱਤੀ ਨਮੋਲ ਵਿੱਚ ਸਰਪੰਚ ਦੇ ਅਹੁਦੇ ਲਈ ਚੋਣ ਹੋਣੀ ਹੈ ਜਦੋਂ ਕਿ ਬਲਾਕ ਭਵਾਨੀਗੜ੍ਹ ਦੇ ਪਿੰਡ ਬਾਲਦ ਖੁਰਦ ’ਚ ਪੰਚ, ਪਿੰਡ ਬੀਂਬੜ ਵਿੱਚ ਪੰਚ, ਪਿੰਡ ਫਤਹਿਗੜ੍ਹ ਭਾਦਸੋਂ ’ਚ ਪੰਚ, ਪਿੰਡ ਮਹਿਸਮਪੁਰ ’ਚ ਪੰਚ, ਪਿੰਡ ਨਾਗਰਾ ’ਚ ਪੰਚ, ਪਿੰਡ ਤੁਰੀ ’ਚ ਪੰਚ ਦੀ ਚੋਣ ਹੋਣੀ ਹੈ। ਇਸੇ ਤਰਾਂ ਬਲਾਕ ਧੂਰੀ ਦੇ ਪਿੰਡ ਧੂਰੀ ’ਚ ਪੰਚ, ਪਿੰਡ ਸਮੁੰਦਗੜ੍ਹ ’ਚ ਪੰਚ, ਪਿੰਡ ਧੂਰਾ ’ਚ ਪੰਚ, ਪਿੰਡ ਕਾਂਝਲਾ ’ਚ ਪੰਚ, ਪਿੰਡ ਪਲਾਸੌਰ ’ਚ ਪੰਚ, ਪਿੰਡ ਕਦਰ ਨਗਰ ਦਿੜਬਾ ’ਚ ਪੰਚ, ਪਿੰਡ ਗੋਬਿੰਦਪੁਰਾ ਨਾਗਰੀ ’ਚ ਪੰਚ, ਬਲਾਕ ਲਹਿਰਾਗਾਗਾ ਦੇ ਪਿੰਡ ਰਾਮਪੁਰਾ ’ਚ ਪੰਚ, ਪਿੰਡ ਗੋਬਿੰਦਪੁਰਾ ਪਾਪੜਾ ’ਚ ਪੰਚ, ਪਿੰਡ ਖਾਈ ’ਚ ਪੰਚ, ਬਲਾਕ ਸੰਗਰੂਰ ਦੇ ਪਿੰਡ ਭਗਵਾਨਪੁਰਾ ’ਚ ਪੰਚ, ਪਿੰਡ ਖਿੱਲਰੀਆਂ ’ਚ ਪੰਚ, ਪਿੰਡ ਭਿੰਡਰਾਂ ’ਚ ਪੰਚ, ਪਿੰਡ ਮੰਡੇਰ ਖੁਰਦ ’ਚ ਪੰਚ, ਪਿੰਡ ਰੂਪਾਹੇੜੀ ’ਚ ਪੰਚ, ਬਲਾਕ ਅੰਨਦਾਨਾ ਐਟ ਮੂਨਕ ਦੇ ਪਿੰਡ ਕਰੌਦਾ ’ਚ ਪੰਚ ਅਤੇ ਬਲਾਕ ਸੁਨਾਮ ਦੇ ਪਿੰਡ ਫਤਹਿਗੜ੍ਹ ’ਚ ਪੰਚ ਦੀ ਚੋਣ ਹੋਣੀ ਹੈ। ਏਡੀਸੀ ਨੇ ਦੱਸਿਆ ਕਿ ਚੋਣ ਸਡਿਊਲ ਅਨੁਸਾਰ ਦੋ ਸਰਪੰਚਾਂ ਅਤੇ 24 ਪੰਚਾਂ ਦੀ ਚੋਣ ਲਈ ਨਾਮਜ਼ਦਗੀ ਕਾਗਜ਼ ਦਾਖਲ ਕਰਨ ਦੀ ਪ੍ਰਕਿਰਿਆ ਅੱਜ 14 ਜੁਲਾਈ ਤੋਂ ਸ਼ੁਰੂ ਹੋ ਗਈ ਹੈ ਅਤੇ ਨਾਮਜ਼ਦਗੀਆਂ ਦਾਖਲ ਕਰਾਉਣ ਦੀ ਆਖ਼ਰੀ ਮਿਤੀ 17 ਜੁਲਾਈ ਹੈ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰ ਸਵੇਰੇ 11.00 ਵਜ਼ੇ ਤੋਂ ਬਾਅਦ ਦੁਪਹਿਰ 3.00 ਵਜ਼ੇ ਤੱਕ ਦਾਖਲ ਕਰਵਾਏ ਜਾ ਸਕਦੇ ਹਨ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 18 ਜੁਲਾਈ ਨੂੰ ਹੋਵੇਗੀ ਅਤੇ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖ਼ਰੀ ਮਿਤੀ 19 ਜੁਲਾਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਅਹੁਦਿਆਂ ਲਈ ਵੋਟਾਂ 27 ਜੁਲਾਈ ਨੂੰ ਪੈਣਗੀਆਂ ਅਤੇ ਵੋਟਿੰਗ ਪੂਰੀ ਹੋਣ ਤੋਂ ਬਾਅਦ ਪੋਲਿੰਗ ਸਟੇਸ਼ਨਾਂ ’ਤੇ ਹੀ ਵੋਟਾਂ ਦੀ ਗਿਣਤੀ ਉਸੇ ਦਿਨ ਕੀਤੀ ਜਾਵੇਗੀ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਿਕਾਇਤ ਸੈੱਲ ਕਾਇਮ
ਪਟਿਆਲਾ (ਪੱਤਰ ਪ੍ਰੇਰਕ): ਰਾਜ ਚੋਣ ਕਮਿਸ਼ਨ ਵੱਲੋਂ ਪਟਿਆਲਾ ਜ਼ਿਲ੍ਹੇ ਦੇ 112 ਪਿੰਡਾਂ ਵਿੱਚ ਪੰਚਾਂ ਅਤੇ ਸਰਪੰਚਾਂ ਦੀਆਂ 27 ਜੁਲਾਈ ਨੂੰ ਹੋਣ ਵਾਲੀਆਂ ਗ੍ਰਾਮ ਪੰਚਾਇਤਾਂ ਦੀਆਂ ਜ਼ਿਮਨੀ ਚੋਣਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਿਕਾਇਤ ਸੈੱਲ ਦਾ ਗਠਨ ਕੀਤਾ ਹੈ। ਵਧੀਕ ਡਿਪਟੀ ਕਮਿਸ਼ਨਰ ਦਿਹਾਤੀ ਵਿਕਾਸ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਅਮਰਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਵੋਟਰਾਂ ਦੀਆਂ ਰਾਜ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਫ਼ੋਨ ਨੰਬਰ 0175-2360055 ਅਤੇ ਈਮੇਲ zppatiala@yahoo.com ਜਾਰੀ ਕੀਤਾ ਗਿਆ ਹੈ। ਏਡੀਸੀ ਨੇ ਦੱਸਿਆ ਕਿ ਇਸ ਸ਼ਿਕਾਇਤ ਸੈੱਲ ਦਾ ਇੰਚਾਰਜ ਸਕੱਤਰ-ਕਮ-ਡਿਪਟੀ ਸੀਈਓ ਜ਼ਿਲ੍ਹਾ ਪਰਿਸ਼ਦ ਪਟਿਆਲਾ ਅਮਨਦੀਪ ਕੌਰ ਨੂੰ ਨੋਡਲ ਅਫ਼ਸਰ ਸ਼ਿਕਾਇਤਾਂ ਲਗਾਇਆ ਗਿਆ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਚੋਣ ਜ਼ਾਬਤੇ ਸਬੰਧੀ ਸ਼ਿਕਾਇਤਾਂ ਦਰਜ ਕਰਵਾਉਣ ਲਈ ਚੋਣਾਂ ਵਾਲੇ ਪਿੰਡਾਂ ਦਾ ਕੋਈ ਵੀ ਵੋਟਰ ਜਾਂ ਉਮੀਦਵਾਰ ਉਕਤ ਨੰਬਰ ‘ਤੇ ਸੰਪਰਕ ਕਰ ਸਕਦਾ ਹੈ ਜਾਂ ਈਮੇਲ ਕਰ ਸਕਦਾ ਹੈ।