ਰੋਟਰੀ ਕਲੱਬ ਸਿਟੀ ਵੱਲੋਂ ਖੂਨਦਾਨ ਕੈਂਪ
ਪੱਤਰ ਪ੍ਰੇਰਕ
ਭਵਾਨੀਗੜ੍ਹ, 13 ਜੁਲਾਈ
ਇੱਥੇ ਟਰੱਕ ਯੂਨੀਅਨ ਵਿੱਚ ਰੋਟਰੀ ਕਲੱਬ ਭਵਾਨੀਗੜ੍ਹ ਸਿਟੀ ਵੱਲੋਂ ਟਰੱਕ ਯੂਨੀਅਨ ਅਤੇ ਰਾਜਿੰਦਰਾ ਹਸਪਤਾਲ ਪਟਿਆਲਾ ਦੀ ਬਲੱਡ ਬੈਂਕ ਦੇ ਸਹਿਯੋਗ ਨਾਲ ਸਵਰਗੀ ਡਾ. ਹਰਬੰਸ ਪਾਠਕ ਦੀ ਯਾਦ ਵਿੱਚ 71ਵਾਂ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਰੋਟਰੀ ਕਲੱਬ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੂਨਦਾਨ ਸਭ ਤੋਂ ਵੱਡੀ ਸਮਾਜ ਸੇਵਾ ਹੈ। ਕਲੱਬ ਦੇ ਸਾਬਕਾ ਗਵਰਨਰ ਧਰਮਵੀਰ ਗਰਗ, ਪ੍ਰਧਾਨ ਈਸ਼ਵਰ ਬਾਂਸਲ ਅਤੇ ਜਨਰਲ ਸਕੱਤਰ ਅਨਿਲ ਗੋਇਲ ਨੇ ਦੱਸਿਆ ਕਿ ਕੈਂਪ ਦੌਰਾਨ ਬਲੱਡ ਬੈਂਕ ਰਜਿੰਦਰਾ ਹਸਪਤਾਲ ਪਟਿਆਲਾ ਦੇ ਡਾਕਟਰਾਂ ਦੀ ਟੀਮ ਵੱਲੋਂ ਦਾਨੀ ਸੱਜਣਾਂ ਪਾਸੋਂ 204 ਯੁਨਿਟ ਖੂਨ ਇਕੱਤਰ ਕੀਤਾ ਗਿਆ। ਖੂਨਦਾਨ ਕਰਨ ਵਾਲਿਆਂ ਵਿੱਚ ਵਿਧਾਇਕ ਭਰਾਜ ਦੇ ਪਤੀ ਮਨਦੀਪ ਸਿੰਘ ਲੱਖੇਵਾਲ ਅਤੇ ਸਾਬਕਾ ਪ੍ਰਧਾਨ ਵਿਪਨ ਕੁਮਾਰ ਸ਼ਰਮਾ ਵੀ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਇਕੱਠਾ ਕੀਤਾ ਗਿਆ ਖੂਨ ਹਸਪਤਾਲ ਵਿੱਚ ਲੋੜਵੰਦ ਮਰੀਜ਼ਾਂ ਖਾਸ ਕਰਕੇ ਬੱਚਿਆਂ ਨੂੰ ਚੜਾਇਆ ਜਾਂਦਾ ਹੈ। ਟਰੱਕ ਯੂਨੀਅਨ ਦੇ ਪ੍ਰਧਾਨ ਜਤਿੰਦਰ ਸਿੰਘ ਬਾਜਵਾ ਨੇ ਸਭਨਾਂ ਦਾ ਧੰਨਵਾਦ ਕੀਤਾ।