ਵਕਫ਼ ਬੋਰਡ ਦੇ ਚੇਅਰਮੈਨ ਨੂੰ ਮੰਗ ਪੱਤਰ ਸੌਂਪਿਆ
ਪਰਮਜੀਤ ਸਿੰਘ ਕੁਠਾਲਾ
ਮਾਲੇਰਕੋਟਲਾ, 26 ਜੂਨ
ਮਾਲੇਰਕੋਟਲਾ ਦੇ ਨਵਾਬੀ ਸ਼ੀਸ਼ ਮਹਿਲ ਅਤੇ ਮਸਜਿਦ ’ਤੇ ਕੁੱਝ ਲੋਕਾਂ ਵੱਲੋਂ ਕੀਤੇ ਕਥਿਤ ਨਾਜਾਇਜ਼ ਕਬਜੇ ਨੂੰ ਹਟਾਉਣ ਲਈ ਅੱਜ ਸਮਾਜ ਸੇਵੀ ਸੰਸਥਾ ਡਾ. ਅਬੁਲ ਕਲਾਮ ਵੈਲਫੇਅਰ ਫਰੰਟ ਆਫ ਪੰਜਾਬ ਦੇ ਆਗੂਆਂ ਨੇ ਪੰਜਾਬ ਵਕਫ ਬੋਰਡ ਦੇ ਚੇਅਰਮੈਨ ਹਾਜੀ ਮੁਹੰਮਦ ਓਵੇਸ ਨੂੰ ਮਿਲ ਕੇ ਇਕ ਮੰਗ ਪੱਤਰ ਸੌਂਪਿਆ। ਇਸ ਮੌਕੇ ਚੇਅਰਮੈਨ ਓਵੈਸ ਦੇ ਨਾਲ ਪੀਸੀਐਸ ਅਧਿਕਾਰੀ ਮੁਹੰਮਦ ਲਤੀਫ ਥਿੰਦ ਵੀ ਮੌਜੂਦ ਸਨ। ਫਰੰਟ ਦੇ ਪ੍ਰਧਾਨ ਜਨਾਬ ਸ਼ਮਸ਼ਾਦ ਝੋਕ ਦੀ ਅਗਵਾਈ ਹੇਠ ਵਫਦ ਮੈਂਬਰਾਂ ਨੇ ਚੇਅਰਮੈਨ ਨੂੰ ਦੱਸਿਆ ਕਿ ਇਹ ਇਮਾਰਤ ਵਕਫ਼ ਬੋਰਡ ਦੀ ਮਲਕੀਅਤ ਹੈ ਜਿਸ ਉਪਰ ਕੁੱਝ ਲੋਕਾਂ ਵੱਲੋਂ ਕਥਿਤ ਨਜਾਇਜ਼ ਤੌਰ ‘ਤੇ ਕਬਜ਼ਾ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ ਇਕ ਜਾਇਦਾਦ ਦਾ ਮਾਮਲਾ ਨਹੀਂ ਹੈ, ਸਗੋਂ ਇੱਕ ਧਾਰਮਿਕ ਤੇ ਇਤਿਹਾਸਕ ਥਾਂ ਦੀ ਬੇਅਦਬੀ ਵੀ ਹੈ ਜਿਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਵਕਫ਼ ਬੋਰਡ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਸਰਕਾਰੀ ਚਾਰਾਜੋਈ ਅਤੇ ਕਾਨੂੰਨੀ ਕਾਰਵਾਈ ਕਰਕੇ ਸਦੀਆਂ ਤੋਂ ਮਾਲੇਰਕੋਟਲਾ ਦੀ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਦਾ ਹਿੱਸਾ ਰਹੇ ਸ਼ੀਸ਼ ਮਹਲ ਅਤੇ ਮਸਜਿਦ ਨੂੰ ਆਜ਼ਾਦ ਕਰਵਾਇਆ ਜਾਵੇ। ਫਰੰਟ ਨੇ ਚਿਤਾਵਨੀ ਦਿੱਤੀ ਕਿ ਜੇਕਰ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਇਲਾਕੇ ਦੀ ਅਮਨ-ਸ਼ਾਂਤੀ ਵਿਗੜ ਸਕਦੀ ਹੈ, ਜਿਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ।