ਪਰਮਜੀਤ ਸਿੰਘ ਕੁਠਾਲਾ
ਮਾਲੇਰਕੋਟਲਾ, 18 ਜੂਨ
ਪੁਲੀਸ ਨੇ ਫਰਜ਼ੀ ਮਾਲਕ ਖੜ੍ਹੀ ਕਰਕੇ ਜ਼ਮੀਨ ਦਾ ਸੌਦਾ ਕਰਨ ਦੇ ਨਾਂ ਹੇਠ 50 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਪੰਜ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ। ਇਸ ਮਾਮਲੇ ਸਬੰਧੀ ਮਹਿਲਾ ਸਮੇਤ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਥਾਣਾ ਸਿਟੀ-1 ਦੇ ਮੁੱਖ ਅਫਸਰ ਇੰਸਪੈਕਟਰ ਬਲਜੀਤ ਸਿੰਘ ਮੁਤਾਬਕ ਗ੍ਰਿਫ਼ਤਾਰ ਮੁਲਜ਼ਮਾਂ ਵਿਚ ਜ਼ਮੀਨ ਦੀ ਕਥਿਤ ਫਰਜ਼ੀ ਮਾਲਕ ਬਣੀ ਮਨਪ੍ਰੀਤ ਕੌਰ ਪਤਨੀ ਹਰਦੀਪ ਸਿੰਘ ਵਾਸੀ ਬਾਲੇਵਾਲ ਅਤੇ ਧੀਰਜ ਕਟਾਰੀਆ ਵਾਸੀ ਲੁਧਿਆਣਾ ਸ਼ਾਮਲ ਹਨ। ਠੱਗੀ ਦਾ ਸ਼ਿਕਾਰ ਹੋਏ ਗੁਰਿੰਦਰਜੀਤ ਸਿੰਘ ਪੁੱਤਰ ਲਾਲ ਸਿੰਘ ਵਾਸੀ ਪਿੰਡ ਬੂਲਾਪੁਰ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੇ ਆਪਣੇ ਇੱਕ ਦੋਸਤ ਨਾਲ ਮਿਲ ਕੇ ਮਾਲੇਰਕੋਟਲਾ-ਪਟਿਆਲਾ ਮੁੱਖ ਸੜਕ ’ਤੇ ਪਿੰਡ ਬੀੜ ਅਹਿਮਦਬਾਦ ’ਚ ਦੋ ਵਿੱਘੇ ਤਿੰਨ ਵਿਸਬੇ 13 ਵਿਸਵਾਸੀਆਂ ਜ਼ਮੀਨ ਦਾ ਸੌਦਾ ਪ੍ਰਾਪਰਟੀ ਡੀਲਰ ਮਾਨਵ ਬਾਂਸਲ ਵਾਸੀ ਸਾਜਦਾ ਕਲੋਨੀ ਮਾਲੇਰਕੋਟਲਾ ਅਤੇ ਕਰਮਜੀਤ ਸਿੰਘ ਉਰਫ ਕੰਮੀ ਵਾਸੀ ਭੈਣੀ ਕਲਾਂ ਦੇ ਕਹਿਣ ’ਤੇ ਦੋ ਕਰੋੜ 5 ਲੱਖ 93 ਹਜ਼ਾਰ 800 ਰੁਪਏ ਵਿਚ ਤੈਅ ਕਰ ਲਿਆ। ਉਨ੍ਹਾਂ ਮਾਲੇਰਕੋਟਲਾ ਤਹਿਸੀਲ ਵਿਚ 5 ਲੱਖ ਰੁਪਏ ਸਾਈ ਵਜੋਂ ਲਏ, ਜਦੋਂਕਿ ਬਿਆਨੇ ਦੀ ਰਕਮ ਵਜੋਂ 35 ਲੱਖ ਰੁਪਏ ਨਕਦ ਅਤੇ 5-5 ਲੱਖ ਰੁਪਏ ਦੇ ਦੋ ਚੈੱਕ ਲਏ। ਬਾਅਦ ਵਿੱਚ ਇਹ ਸਾਰਾ ਮਾਮਲਾ ਫਰਜ਼ੀ ਨਿਕਲਿਆ। ਪੁਲੀਸ ਨੇ ਮਾਨਵ ਬਾਂਸਲ, ਕਰਮਜੀਤ ਸਿੰਘ ਉਰਫ ਕੰਮੀ, ਕਰਮਜੀਤ ਸਿੰਘ ਵਾਸੀ ਲੁਧਿਆਣਾ ਅਤੇ ਧੀਰਜ ਕਟਾਰੀਆ ਵਾਸੀ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਅਤੇ ਗੁਰਪ੍ਰੀਤ ਕੌਰ ਵਾਸੀ ਲਖਮੀਰਪੁਰ ਤਹਿਸੀਲ ਸੁਨਾਮ (ਸੰਗਰੂਰ) ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।