ਮਨੋਜ ਸ਼ਰਮਾ
ਬਠਿੰਡਾ, 30 ਜੂਨ
ਇਥੇ ਸ਼ਹਿਰ ਦੇ ਮਾਡਲ ਟਾਊਨ ਫੇਜ਼-3 ਵਿੱਚ ਦੋਸਤਾਂ ਵੱਲੋਂ ਕੀਤੀ ਜਾ ਰਹੀ ਪਾਰਟੀ ਦੌਰਾਨ ਹੋਈ ਤਕਰਾਰ ਨੇ ਨੌਜਵਾਨ ਦੀ ਜਾਨ ਲੈ ਲਈ। ਮ੍ਰਿਤਕ ਦੀ ਪਛਾਣ ਅਮਰੋਜ ਸਿੰਘ (22) ਪੁੱਤਰ ਬਲਜਿੰਦਰ ਸਿੰਘ ਵਜੋਂ ਹੋਈ ਹੈ, ਜੋ ਪਿੰਡ ਲਾਲਬਾਈ ਦਾ ਵਾਸੀ ਸੀ। ਮ੍ਰਿਤਕ ਮਾਪਿਆਂ ਦਾ ਇੱਕਲੌਤਾ ਪੁੱਤ ਸੀ। ਉਹ ਬਠਿੰਡਾ ਵਿਚ ਰਹਿ ਕੇ ਪੜ੍ਹਾਈ ਕਰ ਰਿਹਾ ਸੀ। ਅਮਰੋਜ ਸਿੰਘ ਆਪਣੇ ਦੋਸਤਾਂ ਸਣੇ ਮਨਾਲੀ ਘੁੰਮਣ ਗਿਆ ਸੀ, ਪਰ ਰਸਤੇ ਵਿਚ ਗੱਡੀ ਖਰਾਬ ਹੋਣ ਕਾਰਨ ਯਾਤਰਾ ਰੱਦ ਕਰਕੇ ਉਹ ਸਿੱਧਾ ਬਠਿੰਡਾ ਪਰਤ ਆਏ। ਬਾਅਦ ਵਿੱਚ ਦੋਸਤਾਂ ਨਾਲ ਮਿਲ ਕੇ ਮਾਡਲ ਟਾਊਨ ਫੇਜ਼-3 ਵਿੱਚ ਪਾਰਟੀ ਦਾ ਪ੍ਰੋਗਰਾਮ ਬਣਾਇਆ ਗਿਆ। ਪਾਰਟੀ ਦੌਰਾਨ ਸ਼ਰਾਬ ਆਦਿ ਦੇ ਨਸ਼ੇ ਹੇਠ ਦੋਸਤਾਂ ਵਿੱਚ ਬਹਿਸਬਾਜ਼ੀ ਹੋ ਗਈ ਜੋ ਬਾਅਦ ਵਿੱਚ ਝਗੜੇ ਵਿੱਚ ਬਦਲ ਗਈ। ਝਗੜੇ ਦੌਰਾਨ ਅਮਰੋਜ ’ਤੇ ਕੁਝ ਨੌਜਵਾਨਾਂ ਵੱਲੋਂ ਹਮਲਾ ਕੀਤਾ ਗਿਆ। ਉਸ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ, ਪਰ ਥੋੜ੍ਹੀ ਦੇਰ ਬਾਅਦ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਚਾਚਾ ਜਸਕਰਨ ਸਿੰਘ ਵੱਲੋਂ ਸਿਵਲ ਲਾਈਨ ਥਾਣੇ ਵਿੱਚ ਇਸ ਸਬੰਧੀ ਕੇਸ ਦਰਜ ਕਰਵਾਇਆ ਗਿਆ ਹੈ ਅਤੇ ਇਨਸਾਫ਼ ਦੀ ਮੰਗ ਕੀਤੀ ਗਈ ਹੈ।
ਕੇਸ ਦਰਜ ਕਰਨ ਮਗਰੋਂ ਮੁਲਜ਼ਮਾਂ ਦੀ ਭਾਲ ਜਾਰੀ: ਡੀਐੱਸਪੀ
ਡੀਐੱਸਪੀ ਸਿਟੀ ਸਰਬਜੀਤ ਸਿੰਘ ਬਰਾੜ ਨੇ ਕਿਹਾ ਕਿ ਉਨ੍ਹਾਂ ਨੂੰ ਰਾਤ ਨੂੰ ਸੂਚਨਾ ਮਿਲੀ ਸੀ ਕਿ ਮਾਡਲ ਟਾਊਨ ਫੇਜ਼-3 ਵਿੱਜ ਇੱਕ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਹੈ। ਪੁਲੀਸ ਨੇ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿਵਲ ਲਾਈਨ ਥਾਣੇ ਵਿੱਚ ਕਤਲ ਦੀਆਂ ਧਾਰਾਵਾਂ ਹੇਠ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।