DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੌਣ ਲਾਊ ਬੁੱਤ: ਇਹ ਤਾਂ ਹਕੂਮਤ ਹੀ ਬੁੱਤ ਹੋ ਗਈ..!

ਕਾਰਗਿਲ ਦੇ ਪਹਿਲੇ ਸ਼ਹੀਦ ਅਜੈ ਆਹੂਜਾ ਦਾ ਢਾਈ ਦਹਾਕੇ ਮਗਰੋਂ ਵੀ ਨਾ ਲੱਗ ਸਕਿਆ ਬੁੱਤ
  • fb
  • twitter
  • whatsapp
  • whatsapp
Advertisement

ਚਰਨਜੀਤ ਭੁੱਲਰ

ਚੰਡੀਗੜ੍ਹ, 18 ਜੂਨ

Advertisement

ਪੰਜਾਬ ਸਰਕਾਰ ਕਰੀਬ ਢਾਈ ਦਹਾਕੇ ਮਗਰੋਂ ਵੀ ਕਾਰਗਿਲ ਦੇ ਪਹਿਲੇ ਸ਼ਹੀਦ ਪਾਇਲਟ ਅਜੈ ਆਹੂਜਾ ਦਾ ਬੁੱਤ ਨਹੀਂ ਲਾ ਸਕੀ। ਭਾਰਤੀ ਫ਼ੌਜ ਹੁਣ 26ਵੇਂ ਕਾਰਗਿਲ ਵਿਜੈ ਦਿਵਸ ਦੇ ਮੱਦੇਨਜ਼ਰ ‘ਘਰ ਘਰ ਸ਼ੌਰਿਆ ਸਨਮਾਨ’ ਮੁਹਿੰਮ ਤਹਿਤ ਕਾਰਗਿਲ ਦੇ ਹਰ ਸ਼ਹੀਦ ਦੇ ਘਰ ਸਨਮਾਨ ਪੱਤਰ ਅਤੇ ਯਾਦਗਾਰੀ ਚਿੰਨ੍ਹ ਪਹੁੰਚਾ ਰਹੀ ਹੈ। ਦੂਜੇ ਪਾਸੇ ਕਾਰਗਿਲ ਦੇ ਪਹਿਲੇ ਸ਼ਹੀਦ ਅਜੈ ਆਹੂਜਾ ਦਾ ਬਠਿੰਡਾ ’ਚ ਬੁੱਤ ਲਾਏ ਜਾਣ ਦਾ ਐਲਾਨ ਹਾਲੇ ਤੱਕ ਹਕੀਕਤ ਨਹੀਂ ਬਣ ਸਕਿਆ। ਕਿਸੇ ਵੀ ਸਰਕਾਰ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ।

ਕਾਰਗਿਲ ਦੇ ‘ਅਪਰੇਸ਼ਨ ਵਿਜੈ’ ਦੇ ਪਹਿਲੇ ਸ਼ਹੀਦ ਸਕੁਐਡਰਨ ਲੀਡਰ ਅਜੈ ਆਹੂਜਾ 27 ਮਈ 1999 ਨੂੰ ਕਸ਼ਮੀਰ ਵਿਚ ਲਾਈਨ ਆਫ ਕੰਟਰੋਲ ’ਤੇ ਪਾਕਿਸਤਾਨੀ ਮਿਜ਼ਾਈਲ ਦੇ ਹਮਲੇ ਵਿੱਚ ਸ਼ਹੀਦ ਹੋ ਗਏ ਸਨ। ਪਾਕਿਸਤਾਨੀ ਫ਼ੌਜ ਨੇ ਅਜੈ ਦੀ ਮ੍ਰਿਤਕ ਦੇਹ ਭਾਰਤੀ ਅਥਾਰਿਟੀ ਨੂੰ ਸੌਂਪ ਦਿੱਤੀ ਸੀ। ਉਨ੍ਹਾਂ ਦਾ ਸਸਕਾਰ ਵੀ ਸਰਕਾਰੀ ਸਨਮਾਨਾਂ ਨਾਲ ਬਠਿੰਡਾ ਵਿੱਚ ਹੀ ਹੋਇਆ ਸੀ। ਬਾਅਦ ’ਚ ਇਸ ਸ਼ਹੀਦ ਲਈ ਵੀਰ ਚੱਕਰ ਸਨਮਾਨ ਐਲਾਨਿਆ ਗਿਆ।

ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਸ ਵੇਲੇ ਬਠਿੰਡਾ ਵਿੱਚ ਸ਼ਹੀਦ ਦਾ ਬੁੱਤ ਲਾਉਣ ਦਾ ਐਲਾਨ ਕੀਤਾ ਸੀ। ਉਸ ਵੇਲੇ ਹੀ ਮੁੱਖ ਮੰਤਰੀ ਨੇ ਰੈੱਡ ਕਰਾਸ ਨੂੰ ਬੁੱਤ ਵਾਸਤੇ ਲੋਨ ਦੇ ਰੂਪ ਵਿਚ ਰਾਸ਼ੀ ਦੇਣ ਦੇ ਜ਼ੁਬਾਨੀ ਹੁਕਮ ਕਰ ਦਿੱਤੇ ਸਨ। ਵੇਰਵਿਆਂ ਅਨੁਸਾਰ ਸੂਬਾ ਸਰਕਾਰ ਸ਼ਹੀਦ ਦੇ ਬੁੱਤ ਲਈ ਤਿੰਨ ਲੱਖ ਰੁਪਏ ਦੀ ਰਾਸ਼ੀ ਜੁਟਾ ਨਹੀਂ ਪਾਈ, ਜਿਸ ਕਰਕੇ ਇਹ ਬੁੱਤ ਨਹੀਂ ਲੱਗ ਸਕਿਆ। ਰੈੱਡ ਕਰਾਸ ਬਠਿੰਡਾ ਨੇ ਦਿੱਲੀ ਦੀ ਮੈਸਰਜ਼ ਗੁਰੂ ਹੈਂਡੀਕਰਾਫਟ ਫ਼ਰਮ ਨੂੰ ਸ਼ਹੀਦ ਦਾ ਬੁੱਤ ਤਿਆਰ ਕਰਨ ਵਾਸਤੇ 50 ਹਜ਼ਾਰ ਦੀ ਰਾਸ਼ੀ ਵੀ ਦੇ ਦਿੱਤੀ ਸੀ।

ਦਿੱਲੀ ਦੀ ਫ਼ਰਮ ਨੇ ਬੁੱਤ ਦਾ ਪੈਟਰਨ ਤਿਆਰ ਕਰ ਲਿਆ ਸੀ ਅਤੇ ਬੁੱਤ ਦਾ ਪੈਟਰਨ ਫ਼ਰਮ ਨੇ ਅਜੈ ਆਹੂਜਾ ਦੇ ਪਰਿਵਾਰ ਨੂੰ ਦਿਖਾ ਵੀ ਦਿੱਤਾ ਸੀ। ਬਾਅਦ ’ਚ ਜਦੋਂ ਫ਼ਰਮ ਨੂੰ ਪੂਰੀ ਰਾਸ਼ੀ ਨਾ ਮਿਲੀ ਤਾਂ ਫ਼ਰਮ ਨੇ ਬੁੱਤ ਤਿਆਰ ਕਰਨ ਤੋਂ ਇਨਕਾਰ ਕਰ ਦਿੱਤਾ। ਪੰਜਾਬ ਸਰਕਾਰ ਨੇ ਰੈੱਡ ਕਰਾਸ ਨੂੰ ਤਿੰਨ ਲੱਖ ਰੁਪਏ ਦੇਣ ਦੀ ਥਾਂ ਰੈੱਡ ਕਰਾਸ ਤੋਂ ਲਏ 50 ਹਜ਼ਾਰ ਰੁਪਏ ਵੀ ਵਾਪਸ ਕਰ ਦਿੱਤੇ ਸਨ। ਬਠਿੰਡਾ ਦੇ ਰੈੱਡ ਕਰਾਸ ਨੇ 14 ਜੂਨ 1999 ਨੂੰ ‘ਗੂੰਗੇ-ਬੋਲੇ’ ਬੱਚਿਆਂ ਦੇ ਫ਼ੰਡਾਂ ’ਚੋਂ ਇਸ ਬੁੱਤ ਲਈ 50 ਹਜ਼ਾਰ ਰੁਪਏ ਦਾ ਡਰਾਫ਼ਟ ਮੈਸਰਜ਼ ਗੁਰੂ ਹੈਂਡੀਕਰਾਫਟ ਦਿੱਲੀ ਨੂੰ ਦਿੱਤਾ ਸੀ।

ਜਦੋਂ ਦਿੱਲੀ ਦੀ ਫ਼ਰਮ ਨੇ ਪੂਰੀ ਰਾਸ਼ੀ ਨਾ ਮਿਲਣ ਕਰਕੇ ਬੁੱਤ ਤਿਆਰ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਰੈੱਡ ਕਰਾਸ ਨੂੰ ਪੰਜਾਬ ਸਰਕਾਰ ਨੂੰ ਲੋਨ ਦੇ ਰੂਪ ਵਿੱਚ ਦਿੱਤੇ 50 ਹਜ਼ਾਰ ਰੁਪਏ ਦੀ ਰਾਸ਼ੀ ਵਾਪਸ ਲੈਣ ਲਈ ਵੀ ਲੰਮੀ ਜੱਦੋਜਹਿਦ ਕਰਨੀ ਪਈ। ਆਖ਼ਰ ਮਾਰਚ 2013 ਵਿੱਚ ਪੰਜਾਬ ਸਰਕਾਰ ਨੇ ਰੈੱਡ ਕਰਾਸ ਨੂੰ ਲੋਨ ਵਿੱਚ ਲਏ 50 ਹਜ਼ਾਰ ਦੀ ਰਾਸ਼ੀ ਵਾਪਸ ਕਰ ਦਿੱਤੀ। ਮੁੜ ਕੇ ਕਿਸੇ ਵੀ ਸਰਕਾਰ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ। ਹੁਣ ਜਦੋਂ ਭਾਰਤੀ ਫ਼ੌਜ 26ਵਾਂ ਕਾਰਗਿਲ ਦਿਵਸ ਮਨਾ ਰਹੀ ਹੈ ਤਾਂ ਅਜੈ ਆਹੂਜਾ ਦੇ ਬੁੱਤ ਦਾ ਮਾਮਲਾ ਮੁੜ ਸੁਰਖ਼ੀਆਂ ਵਿੱਚ ਆ ਗਿਆ ਹੈ।

ਸਿਰਫ ਪਰਮਵੀਰ ਚੱਕਰ ਜੇਤੂ ਦੇ ਬੁੱਤ ਲਈ ਖ਼ਜ਼ਾਨੇ ’ਚੋਂ ਜਾਰੀ ਹੋ ਸਕਦੀ ਹੈ ਰਾਸ਼ੀ

'

ਸੈਨਿਕ ਭਲਾਈ ਵਿਭਾਗ ਦੇ ਨਿਯਮਾਂ ਅਨੁਸਾਰ ਸਿਰਫ਼ ਪਰਮਵੀਰ ਚੱਕਰ ਜੇਤੂ ਦੇ ਬੁੱਤ ਲਈ ਹੀ ਖ਼ਜ਼ਾਨੇ ’ਚੋਂ ਰਾਸ਼ੀ ਜਾਰੀ ਹੋ ਸਕਦੀ ਹੈ। ਕੇਂਦਰ ਸਰਕਾਰ ਨੇ ਸ਼ਹੀਦ ਸਕੁਐਡਰਨ ਲੀਡਰ ਅਜੈ ਆਹੂਜਾ ਦੀ ਪਤਨੀ ਅਲਕਾ ਆਹੂਜਾ ਨੂੰ ਪੈਟਰੋਲ ਪੰਪ ਜਾਰੀ ਕਰ ਦਿੱਤਾ ਸੀ ਅਤੇ ਦਿੱਲੀ ਵਿਚ ਇੱਕ ਪਾਰਕ ਦਾ ਨਾਮ ਵੀ ਅਜੈ ਆਹੂਜਾ ਦੇ ਨਾਮ ’ਤੇ ਰੱਖਿਆ ਸੀ। ਪੰਜਾਬ ਸਰਕਾਰ ਨੇ ਇਸ ਸ਼ਹੀਦ ਦਾ ਬੁੱਤ ਲਾਉਣ ਲਈ ਮੁੜ ਕਦੇ ਦਿਲਚਸਪੀ ਨਹੀਂ ਦਿਖਾਈ। ਏਨਾ ਜ਼ਰੂਰ ਹੈ ਕਿ ਤਤਕਾਲੀ ਸੂਬਾ ਸਰਕਾਰ ਨੇ ਉਸ ਵੇਲੇ ਪਿੰਡ ਕਿੱਲੀ ਨਿਹਾਲ ਸਿੰਘ ਦੇ ਸਰਕਾਰੀ ਸਕੂਲ ਦਾ ਨਾਮ ਸ਼ਹੀਦ ਅਜੈ ਦੇ ਨਾਮ ’ਤੇ ਕਰ ਦਿੱਤਾ ਸੀ।

Advertisement
×