ਝੰਜੇੜੀ ਦੀ 191 ਏਕੜ ਸ਼ਾਮਲਾਤ ਜ਼ਮੀਨ ’ਤੇ ਕਬਜ਼ੇ ਲਈ ਪਿੰਡ ਵਾਸੀ ਤੇ ਪ੍ਰਸ਼ਾਸਨ ਆਹਮੋ-ਸਾਹਮਣੇ
ਦਰਸ਼ਨ ਸਿੰਘ ਸੋਢੀ/ਸ਼ਸ਼ੀਪਾਲ ਜੈਨ
ਐੱਸਏਐੱਸ ਨਗਰ (ਮੁਹਾਲੀ)/ਖਰੜ, 3 ਜੂਨ
ਪੰਜਾਬ ਸਰਕਾਰ ਵੱਲੋਂ ਸ਼ਾਮਲਾਤ (ਪੰਚਾਇਤ) ਜ਼ਮੀਨ ਨੂੰ ਗ਼ੈਰ-ਕਾਨੂੰਨੀ ਕਬਜ਼ਿਆਂ ਤੋਂ ਮੁਕਤ ਕਰਨ ਲਈ ਵਿੱਢੀ ਮੁਹਿੰਮ ਤਹਿਤ ਅੱਜ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਲਾਂਡਰਾਂ-ਸਰਹਿੰਦ ਸੜਕ ’ਤੇ ਸਥਿਤ ਪਿੰਡ ਝੰਜੇੜੀ ਵਿੱਚ 191 ਏਕੜ ਬਹੁ-ਕਰੋੜੀ ਸ਼ਾਮਲਾਤ ਜ਼ਮੀਨ ਦਾ ਕਬਜ਼ਾ ਲੈ ਲਿਆ ਅਤੇ ਸਾਰੀ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਜ਼ਮੀਨ ਗਰਾਮ ਪੰਚਾਇਤ ਝੰਜੇੜੀ ਨੂੰ ਸੌਂਪੀ ਗਈ। ਜ਼ਮੀਨ ਦੀ ਬਾਜ਼ਾਰੀ ਕੀਮਤ ਲਗਪਗ 2,000 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ।
ਮੁਹਾਲੀ ਦੀ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਇੱਥੇ ਦੱਸਿਆ ਕਿ ਕਬਜ਼ੇ ਦੀ ਕਾਰਵਾਈ ਅੱਜ ਸਵੇਰੇ ਦੋ ਡਿਊਟੀ ਮੈਜਿਸਟਰੇਟਾਂ ਦੀ ਮੌਜੂਦਗੀ ਵਿੱਚ ਕੀਤੀ ਗਈ। ਇਸ ਨੂੰ ਨੇਪਰੇ ਚਾੜ੍ਹਨ ਲਈ ਐੱਸਪੀ (ਐੱਚ) ਰਮਨਦੀਪ ਸਿੰਘ ਅਤੇ ਐੱਸਪੀ (ਦਿਹਾਤੀ) ਮਨਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਭਾਰੀ ਪੁਲੀਸ ਬਲ ਤਾਇਨਾਤ ਸੀ।
ਉਧਰ, ਭਾਜਪਾ ਆਗੂ ਨਰਿੰਦਰ ਸਿੰਘ ਰਾਣਾ ਅਤੇ ਪਿੰਡ ਵਾਸੀਆਂ ਰਾਮ ਸਿੰਘ, ਹਰਪਾਲ ਸਿੰਘ, ਰਾਜੇਸ਼ ਕੁਮਾਰ, ਜਗਦੀਸ਼, ਜੈਪਾਲ ਅਤੇ ਰਾਜ ਰਾਣਾ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਦਾਅਵੇ ਨੂੰ ਨਕਾਰਦਿਆਂ ਕਿਹਾ ਕਿ ਅੱਜ ਤੜਕੇ ਸਾਢੇ 5 ਵਜੇ ਹੀ ਅਧਿਕਾਰੀ ਪੁਲੀਸ ਫੋਰਸ ਲੈ ਕੇ ਕਬਜ਼ਾ ਲੈਣ ਪਹੁੰਚ ਗਏ, ਉਸ ਸਮੇਂ ਪਿੰਡ ਵਾਸੀ ਸੁੱਤੇ ਪਏ ਸਨ। ਜਾਣਕਾਰੀ ਮਿਲਣ ਮਗਰੋਂ ਇਕੱਠੇ ਹੋਏ ਪਿੰਡ ਵਾਸੀਆਂ ਨੇ ਇਸ ਕਾਰਵਾਈ ਦਾ ਵਿਰੋਧ ਕੀਤਾ ਜਿਸ ਕਾਰਨ ਉਹ ਪਰਤ ਗਏ।
ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਬਲਜਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਪੰਚਾਇਤੀ ਜ਼ਮੀਨ ਦੇ ਕੁਲੈਕਟਰ ਅਮਰਿੰਦਰ ਸਿੰਘ ਚੌਹਾਨ ਵੱਲੋਂ 25 ਅਪਰੈਲ ਨੂੰ ਹਾਈ ਕੋਰਟ ਦੇ 4 ਫਰਵਰੀ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਕਬਜ਼ਾ ਵਾਰੰਟ ਜਾਰੀ ਕੀਤਾ ਗਿਆ ਸੀ। ਇਸ ਜ਼ਮੀਨ ’ਤੇ ਲਗਪਗ 105 ਧਿਰਾਂ ਵੱਲੋਂ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ। ਜ਼ਮੀਨ ਖਾਲੀ ਹੋਣ ਤੋਂ ਬਾਅਦ ਗਰਾਮ ਪੰਚਾਇਤ ਝੰਜੇੜੀ ਦੇ ਪ੍ਰਸ਼ਾਸਕ ਅਮਿਤ ਕੁਮਾਰ ਨੂੰ ਅਧਿਕਾਰਤ ਕਬਜ਼ਾ ਸੌਂਪਿਆ ਗਿਆ।
ਅਧਿਕਾਰੀਆਂ ’ਤੇ ਹਾਈ ਕੋਰਟ ਨੂੰ ਗੁੰਮਰਾਹ ਕਰਨ ਦਾ ਦੋਸ਼
ਭਾਜਪਾ ਆਗੂ ਨਰਿੰਦਰ ਸਿੰਘ ਰਾਣਾ ਤੇ ਹੋਰਨਾਂ ਪਿੰਡ ਵਾਸੀਆਂ ਨੇ ਕਿਹਾ ਕਿ ਅਧਿਕਾਰੀ ਅਦਾਲਤ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਇਹ ਕਾਰਵਾਈ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਕੇ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹਾਈ ਕੋਰਟ ਨੇ 85 ਏਕੜ ਜ਼ਮੀਨ ਦਾ ਕਬਜ਼ਾ ਲੈਣ ਦੇ ਵਾਰੰਟ ਜਾਰੀ ਕੀਤੇ ਸਨ ਜਦਕਿ ਅਧਿਕਾਰੀਆਂ 191 ਏਕੜ ਦਾ ਕਬਜ਼ਾ ਲੈਣ ਦਾ ਦਾਅਵਾ ਕਰ ਰਹੇ ਹਨ, ਜਦੋਂਕਿ ਜ਼ਮੀਨਾਂ ਦੇ ਖ਼ਸਰਾ ਨੰਬਰ ਵੀ ਵੱਖੋ-ਵੱਖਰੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਧੱਕੇਸ਼ਾਹੀ ਖ਼ਿਲਾਫ਼ ਪਿੰਡ ਵਾਸੀ ਕਾਨੂੰਨੀ ਰਾਇ ਲੈਣ ਮਗਰੋਂ ਜਲਦੀ ਹੀ ਹਾਈ ਕੋਰਟ ਵਿੱਚ ਪ੍ਰੋਟੈਸਟ ਪਟੀਸ਼ਨ ਦਾਇਰ ਕਰਨਗੇ।
ਝੂਠ ਬੋਲ ਰਹੇ ਨੇ ਪਿੰਡ ਵਾਸੀ: ਡੀਡੀਪੀਓ
ਡੀਡੀਪੀਓ ਬਲਜਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਪਿੰਡ ਵਾਸੀ ਝੂਠ ਬੋਲ ਰਹੇ ਹਨ। ਝੰਜੇੜੀ ਵਿੱਚ 191 ਏਕੜ ਜ਼ਮੀਨ ਦਾ ਕਬਜ਼ਾ ਲੈ ਕੇ ਬੋਰਡ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਪਿੰਡ ਵਾਸੀ ਨੇ ਸਰਕਾਰੀ ਕਾਰਵਾਈ ਵਿੱਚ ਵਿਘਨ ਪਾਇਆ ਜਾਂ ਬੋਰਡ ਪੁੱਟੇ ਤਾਂ ਉਨ੍ਹਾਂ ਦੀ ਪਛਾਣ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।