ਹਰਜੀਤ ਸਿੰਘ
ਡੇਰਾਬੱਸੀ, 20 ਜੂਨ
ਪੁਲੀਸ ਨੇ ਯੂਟਿਊਬਰ ਖ਼ਿਲਾਫ਼ ਸਿਵਲ ਹਸਪਤਾਲ ਦੇ ਔਰਤਾਂ ਦੇ ਲੇਬਰ ਰੂਮ ਵਿੱਚ ਦਾਖਲ ਹੋ ਕੇ ਵੀਡੀਓ ਵਾਇਰਲ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਪੁਲੀਸ ਨੇ ਇਹ ਕਾਰਵਾਈ ਸਿਵਲ ਹਸਪਤਾਲ ਦੇ ਐਸਐਮਓ. ਡਾ. ਧਰਮਿੰਦਰ ਸਿੰਘ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। ਯੂਟਿਊਬਰ ਦੀ ਪਛਾਣ ਜਸਬੀਰ ਸਿੰਘ ਵਾਸੀ ਕਾਲਜ ਕਲੋਨੀ ਵਜੋਂ ਹੋਈ ਹੈ। ਐਸਐਮਓ ਨੇ ਸ਼ਿਕਾਇਤ ’ਚ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਆਪਣੇ ਆਪ ਨੂੰ ਯੂਟਿਊਬਰ ਤੇ ਪੱਤਰਕਾਰ ਦੱਸ ਕੇ ਜ਼ਬਰਦਸਤੀ ਔਰਤਾਂ ਦੇ ਲੇਬਰ ਰੂਮ ਵਿੱਚ ਦਾਖ਼ਲ ਹੋਇਆ ਤੇ ਵੀਡੀਓ ਵਾਇਰਲ ਕਰ ਦਿੱਤੀ ਜਦਕਿ ਲੇਬਰ ਰੂਮ ਜਨਾਨਾ ਵਾਰਡ ਹੈ ਜਿਥੇ ਗਰਭਵਤੀ ਔਰਤਾਂ ਦੀ ਡਿਲਿਵਰੀ ਹੁੰਦੀ ਹੈ। ਇਨ੍ਹਾਂ ਔਰਤਾਂ ਦੀ ਨਿੱਜਤਾ ਨੂੰ ਦੇਖਦਿਆਂ ਇੱਥੇ ਫੋਟੋਗ੍ਰਾਫ਼ੀ ਅਤੇ ਵੀਡੀਓਗ੍ਰਾਫ਼ੀ ਕਰਨ ’ਤੇ ਪਾਬੰਦੀ ਲਾਈ ਹੋਈ ਹੈ। ਯੂਟਿਊਬਰ ਨੇ ਉਥੇ ਤਾਇਨਾਤ ਨਰਸ ਸਟਾਫ਼ ਨਾਲ ਬਦਸਲੂਕੀ ਕੀਤੀ ਅਤੇ ਧੱਕਾ ਦਿੱਤਾ। ਥਾਣਾ ਮੁਖੀ ਸੁਮਿਤ ਮੋਰ ਨੇ ਕਿਹਾ ਕਿ ਜਸਬੀਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹਸਪਤਾਲ ਪ੍ਰਬੰਧਾਂ ਬਾਰੇ ਵੀਡੀਓ ’ਚ ਆਪਣੀ ਧੀ ਤੇ ਭਾਬੀ ਦੀ ਹੀ ਸ਼ਕਲ ਦਿਖਾਈ: ਯੂਟਿਊਬਰ
ਯੂਟਿਊਬਰ ਜਸਵੀਰ ਸਿੰਘ ਨੇ ਕਿਹਾ ਕਿ ਉਸ ਦੀ ਧੀ ਦਾ ਸਿਵਲ ਹਸਪਤਾਲ ਵਿੱਚ ਜਣੇਪਾ ਹੋਇਆ ਸੀ। ਪਹਿਲਾਂ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਉਸ ਦੀ ਧੀ ਦੀਆਂ ਟੈਸਟ ਰਿਪੋਰਟਾਂ ਤੇ ਹੋਰ ਜ਼ਰੂਰੀ ਦਸਤਾਵੇਜ਼ ਗਲਤੀ ਨਾਲ ਚੰਡੀਗੜ੍ਹ ਦੇ ਸੈਕਟਰ-32 ਹਸਪਤਾਲ ਦੇ ਕਿਸੇ ਹੋਰ ਮਰੀਜ਼ ਨਾਲ ਭੇਜ ਦਿੱਤੇ। ਇਸ ਮਗਰੋਂ ਜਦੋਂ ਉਹ ਉੱਥੇ ਪਹੁੰਚਿਆ ਤੇ ਲੇਬਰ ਰੂਮ ਵਿੱਚ ਕਾਫੀ ਗਰਮੀ ਸੀ ਜਿਸ ਕਰਕੇ ਮਰੀਜ਼ਾਂ ਨੂੰ ਪ੍ਰੇਸ਼ਾਨੀ ਆ ਰਹੀ ਸੀ। ਉਸ ਵੱਲੋਂ ਜਿਹੜੀ ਵੀਡੀਓ ਵਾਇਰਲ ਕੀਤੀ ਗਈ ਹੈ, ਉਸ ’ਚ ਉਸ ਨੇ ਸਿਰਫ ਆਪਣੀ ਧੀ ਅਤੇ ਆਪਣੀ ਭਾਬੀ ਦੀ ਹੀ ਸ਼ਕਲ ਦਿਖਾਈ ਹੈ ਨਾ ਕਿ ਕਿਸੇ ਹੋਰ ਮਹਿਲਾ ਮਰੀਜ਼ ਦੀ ਨਿੱਜਤਾ ਦਾ ਉਲੰਘਣ ਕੀਤਾ ਹੈ।