ਹਸਪਤਾਲ ਵਿੱਚ ਦੋ ਧਿਰਾਂ ਦੀ ਲੜਾਈ; ਦੋ ਜ਼ਖ਼ਮੀ
ਜਸਬੀਰ ਚਾਨਾ
ਕਪੂਰਥਲਾ ,13 ਜੁਲਾਈ
ਇੱਥੋਂ ਦੇ ਸੀਨਪੁਰਾ ਮੁਹੱਲਾ ਵਿੱਚ ਦੋ ਧਿਰਾਂ ਆਪਸ ਵਿੱਚ ਖਹਿਬੜ ਗਈਆਂ। ਦੋਵੇਂ ਧਿਰਾਂ ਨੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਆ ਕੇ ਵੀ ਇੱਕ ਦੂਜੇ ਦੀ ਕੁੱਟਮਾਰ ਕੀਤੀ।
ਪ੍ਰਾਪਤ ਜਾਣਕਾਰੀ ਮੁਤਾਬਕ ਮਾਲ ਰੋਡ ’ਤੇ ਸਥਿਤ ਇੱਕ ਦਫਤਰ ਦੇ ਬਾਹਰ ਮੋਟਰਸਾਈਕਲ ਤੇ ਸਕੂਟਰ ਦੀ ਹੋਈ ਟੱਕਰ ਉਪਰੰਤ ਮਾਮੂਲੀ ਤਕਰਾਰ ਹੋ ਗਿਆ। ਇਸ ਦੌਰਾਨ ਝੜਪ ਵਿੱਚ 2 ਨੌਜਵਾਨ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ। ਇਸ ਦੌਰਾਨ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਕੁੱਝ ਹਥਿਆਰਬੰਦ ਨੌਜਵਾਨ ਆਏ। ਉਨ੍ਹਾਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਨੌਜਵਾਨਾਂ ਨੂੰ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀਆਂ ਦੀ ਪਛਾਣ ਹਨੀ ਕੁਮਾਰ ਅਤੇ ਜਸਪ੍ਰੀਤ ਸਿੰਘ ਵਜੋਂ ਹੋਈ ਹੈ। ਇਸ ਮੌਕੇ ਹਨੀ ਕੁਮਾਰ ਨੇ ਦੱਸਿਆ ਕਿ ਉਹ ਫਿਜ਼ੀਓਥੈਰੇਪੀ ਕਰਦਾ ਹੈ। ਜਸਪ੍ਰੀਤ ਸਿੰਘ ਉਸ ਕੋਲ ਥੈਰੇਪੀ ਕਰਵਾਉਣ ਲਈ ਆਇਆ ਸੀ। ਇਸ ਦੌਰਾਨ ਉਸ ਦਾ ਮੋਟਰਸਾਈਕਲ ਇੱਕ ਖੜ੍ਹੀ ਐਕਟਿਵਾ ਵਿੱਚ ਲੱਗਿਆ। ਇਸ ਕਾਰਨ ਉੱਥੇ ਮੌਜੂਦ ਲੋਕਾਂ ਨੇ ਜਸਪ੍ਰੀਤ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਹ ਬਾਹਰ ਨਿਕਲਿਆ ਤਾਂ ਉਸ ’ਤੇ ਵੀ ਹਮਲਾ ਕਰ ਦਿੱਤਾ ਗਿਆ। ਜ਼ਖ਼ਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਦੂਜੇ ਪਾਸੇ ਦੀਪਕ ਕੁਮਾਰ ਪੁੱਤਰ ਨਰੇਸ਼ ਕੁਮਾਰ ਨੇ ਦੱਸਿਆ ਕਿ ਉਹ ਇੱਥੇ ਆਪਣੇ ਰਿਸ਼ਤੇਦਾਰ ਦੇ ਇਲਾਜ ਲਈ ਆਇਆ ਸੀ ਤਾਂ ਇੱਥੇ ਕੁੱਝ ਲੋਕਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਮੌਕੇ ’ਤੇ ਮੌਜੂਦ ਡਾਕਟਰਾਂ ਨੇ ਪੁਲੀਸ ਨੂੰ ਬੁਲਾ ਲਿਆ। ਇਸ ਦੌਰਾਨ ਪੁਲੀਸ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕੀਤਾ। ਪੁਲੀਸ ਨੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ।