ਟੋਏ ’ਚ ਡੁੱਬਣ ਕਾਰਨ ਦੋ ਬੱਚੀਆਂ ਦੀ ਮੌਤ
ਸੰਜੀਵ ਹਾਂਡਾ
ਫ਼ਿਰੋਜ਼ਪੁਰ, 29 ਜੂਨ
ਇੱਥੋਂ ਨੇੜਲੇ ਪਿੰਡ ਖਿਲਚੀਆਂ ਜਦੀਦ ਵਿਚ ਇੱਟਾਂ ਦੇ ਭੱਠੇ ’ਤੇ ਪਾਣੀ ਨਾਲ ਭਰੇ ਟੋਏ ਵਿੱਚ ਡੁੱਬਣ ਕਾਰਨ ਦੋ ਬੱਚੀਆਂ ਦੀ ਮੌਤ ਹੋ ਗਈ। ਇਹ ਬੱਚੀਆਂ ਭੱਠੇ ’ਤੇ ਮਜ਼ਦੂਰੀ ਕਰਦੇ ਦੋ ਪਰਿਵਾਰਾਂ ਨਾਲ ਸਬੰਧਤ ਸਨ, ਜਿਨ੍ਹਾਂ ਦੀ ਉਮਰ ਕ੍ਰਮਵਾਰ ਚਾਰ ਅਤੇ ਛੇ ਸਾਲ ਦੱਸੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਇਹ ਘਟਨਾ ਸ਼ੁੱਕਰਵਾਰ ਨੂੰ ਵਾਪਰੀ ਜਿਸ ਤੋਂ ਬਾਅਦ ਭੱਠਾ ਮਾਲਕ ਅਤੇ ਪੀੜਤ ਪਰਿਵਾਰਾਂ ਵਿਚਕਾਰ ਸਮਝੌਤਾ ਕਰਵਾਉਣ ਦੀਆਂ ਕੋਸ਼ਿਸ਼ਾਂ ਹੋਈਆਂ। ਹਾਲਾਂਕਿ, ਸਮਝੌਤਾ ਸਿਰੇ ਨਾ ਚੜ੍ਹਨ ਕਾਰਨ ਅੱਜ ਇਹ ਮਾਮਲਾ ਜਨਤਕ ਹੋ ਗਿਆ। ਮੀਡੀਆ ਵਿੱਚ ਮਾਮਲਾ ਉਜਾਗਰ ਹੋਣ ਤੋਂ ਬਾਅਦ ਪੁਲੀਸ ਨੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ।
ਮੌਨਸੂਨ ਸ਼ੁਰੂ ਹੋਣ ਤੋਂ ਬਾਅਦ ਇੱਟਾਂ ਦੇ ਭੱਠਿਆਂ ਦਾ ਕੰਮ ਬੰਦ ਹੋ ਚੁੱਕਾ ਹੈ। ਫਿਰੋਜ਼ਪੁਰ ’ਚ ਵੀਰਵਾਰ ਨੂੰ ਭਾਰੀ ਮੀਂਹ ਪਿਆ ਜਿਸ ਕਾਰਨ ਇਸ ਭੱਠੇ ਵਿੱਚ ਪਾਣੀ ਭਰ ਗਿਆ। ਭੱਠੇ ਤੋਂ ਪਾਣੀ ਬਾਹਰ ਕੱਢਣ ਲਈ ਭੱਠਾ ਮਾਲਕ ਨੇ ਨੀਵੇਂ ਸਥਾਨ ’ਤੇ ਜੇਸੀਬੀ ਮਸ਼ੀਨ ਨਾਲ ਟੋਆ ਪੁੱਟਿਆ ਤਾਂ ਕਿ ਭੱਠੇ ਦਾ ਪਾਣੀ ਉਸ ਵਿੱਚ ਜਾ ਸਕੇ। ਕੁਝ ਦੇਰ ਬਾਅਦ ਕੋਲੋਂ ਲੰਘ ਰਹੀਆਂ ਇਹ ਦੋਵੇਂ ਬੱਚੀਆਂ ਅਚਾਨਕ ਇਸ ਟੋਏ ਵਿੱਚ ਡਿੱਗ ਗਈਆਂ ਅਤੇ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਘਟਨਾ ਤੋਂ ਬਾਅਦ ਬੱਚੀਆਂ ਨੂੰ ਪਹਿਲਾਂ ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੋਂ ਉਨ੍ਹਾਂ ਨੂੰ ਫ਼ਰੀਦਕੋਟ ਸਥਿਤ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜਿਆ ਗਿਆ। ਪੋਸਟਮਾਰਟਮ ਉਪਰੰਤ ਪਰਿਵਾਰ ਨੇ ਦੋਵਾਂ ਦੀਆਂ ਮ੍ਰਿਤਕ ਦੇਹਾਂ ਨੂੰ ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ ਹੈ। ਇਸ ਮਾਮਲੇ ’ਤੇ ਭਲਕੇ ਕਾਰਵਾਈ ਹੋਣ ਦੀ ਸੰਭਾਵਨਾ ਹੈ। ਪੁਲੀਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਸਚਾਈ ਸਾਹਮਣੇ ਆ ਸਕੇ।